ਜੰਮੂ ਤੋਂ 65 ਕਿਲੋਮੀਟਰ ਦੂਰ ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਦੇਵੀਕਾ ਨਦੀ ਦੇ ਕਿਨਾਰੇ ਕਰੀਬ 300 ਸਾਲ ਪਹਿਲਾਂ ਵਸਿਆ ਸ਼ਹਿਰ ਊਧਮਪੁਰ ਦੇ ਬਹੁਗਿਣਤੀ ਵਸਨੀਕ ਅੱਜ ਜੰਮੂ ਕਸ਼ਮੀਰ ਦੀ ਮੌਜੂਦਾ ਹਾਲਤ ਦਾ ਸੰਤਾਪ ਭੋਗ ਰਹੇ ਹਨ। ਸ਼ਹਿਰ ਨਿਵਾਸੀਆਂ ਦੇ ਦੱਸਣ ਅਨੁਸਾਰ ਅੱਤਵਾਦ ਪੀੜਤ ਪਰਿਵਾਰ ਵੱਡੀ ਗਿਣਤੀ ਵਿਚ ਇਥੇ ਹਿਜਰਤ ਕਰਕੇ ਆਏ ਹਨ ਤੇ ਅੱਤ ਦੀ ਗਰੀਬੀ ਭਰਿਆ ਜੀਵਨ ਜਿਊਣ ਲਈ ਮਜਬੂਰ ਹਨ। ਇਥੇ ਉਦਯੋਗ  ਆਦਿ ਨਾ ਹੋਣ ਕਾਰਨ ਆਮ ਲੋਕਾਂ ਕੋਲ ਕਮਾਈ ਅਤੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਹੋਰ ਸਹੂਲਤਾਂ ਪੱਖੋਂ ਵੀ ਇਹ ਇਲਾਕਾ ਕਾਫੀ ਪਿੱਛੇ ਜਾਪਦਾ ਹੈ। ਲਹਿਰਾਗਾਗਾ ਤੋਂ ਪੰਜਾਬ ਕੇਸਰੀ ਗਰੁੱਪ ਦੁਆਰਾ ਇਥੇ ਪੀੜਤ ਤੇ ਲੋੜਵੰਦ ਪਰਿਵਾਰਾਂ ਲਈ ਭੇਜੇ ਗਏ ਰਾਹਤ ਸਮੱਗਰੀ ਦੇ 299ਵੇਂ ਟਰੱਕ ਦੀ ਰਾਹਤ ਦੇਣ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸੀਨੀਅਰ ਆਗੂ ਪਿਸ਼ੌਰੀ ਲਾਲ ਚੱਢਾ ਨੇ ਕਿਹਾ ਕਿ ਵਿਜੇ ਚੋਪੜਾ ਜੀ ਦੀ ਜਿੰਨੀ ਵੀ ਸਰਾਹਨਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਦੇ ਦਿਲ ਵਿਚ ਦੁਖੀ ਲੋਕਾਂ ਲਈ ਜੋ ਦਰਦ ਲੁਕਿਆ ਹੋਇਆ ਹੈ, ਉਸਦੀ ਝਲਕ ਇਸ ਪੱਤਰ ਸਮੂਹ ਦੇ ਭਲਾਈ ਕਾਰਜਾਂ ਵਿਚੋਂ ਵੇਖਣ ਨੂੰ ਪ੍ਰਤੱਖ ਮਿਲਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਾਨ ਦੇਣਾ ਇਕ ਪਰਮ ਧਰਮ ਹੈ ਤੇ ਇਹ ਧਰਮ ਸਾਰਿਆਂ ਨੂੰ ਨਿਭਾਉਣਾ ਚਾਹੀਦਾ ਹੈ।
ਜੇ. ਬੀ. ਸਿੰਘ ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਕੇਸਰੀ ਅਦਾਰੇ ਵਲੋਂ ਹੁਣ ਤੱਕ ਕਈ ਕਰੋੜਾਂ ਦੀ ਸਹਾਇਤਾ ਰਾਸ਼ੀ ਲੋੜਵੰਦਾਂ ਵਿਚ ਵੰਡੀ ਜਾ ਚੁੱਕੀ ਹੈ ਤੇ ਇਸ ਰਵਾਇਤ ਨੂੰ ਜਾਰੀ ਰੱਖਣ ਲਈ ਪਦਮਸ਼੍ਰੀ ਵਿਜੇ ਚੋਪੜਾ ਵਾਂਗ ਹੀ ਅੱਜ ਉਨ੍ਹਾਂ ਦੇ ਬੱਚਿਆਂ ਵਿਚ ਵੀ ਪੂਰਾ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਅਨੇਕਾਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਐੱਮ. ਡੀ. ਸੱਭਰਵਾਲ ਨੇ ਕਿਹਾ ਕਿ ਰਾਹਤ ਸਮੱਗਰੀ ਮੁਹਿੰਮ ਲਾਲਚ ਰਹਿਤ ਸੇਵਾ ਦੀ ਭਾਵਨਾ ਨਾਲ ਚੱਲ ਰਹੀ ਹੈ। ਵਿਜੇ ਚੋਪੜਾ ਜੀ ਸਫੈਦ ਵਸਤਰਾਂ ਵਿਚ ਇਕ ਸੰਤ ਹਨ। ਕਾਰਗਿਲ ਜੰਗ, ਗੁਜਰਾਤ ਦੇ ਭੂਚਾਲ ਅਤੇ ਦੇਸ਼ ਦੇ ਅਨੇਕਾਂ ਹਿੱਸਿਆਂ 'ਚ ਪਏ ਸੋਕੇ ਤੇ ਹੜ੍ਹਾਂ ਦੀ ਮਾਰ ਸਮੇਤ ਜਿੰਨੀਆਂ ਵੀ ਆਫਤਾਂ ਦੇਸ਼ ਵਿਚ ਆਈਆਂ, ਉਨ੍ਹਾਂ ਦੇ ਦਰਦ ਨੂੰ ਸਭ ਤੋਂ ਪਹਿਲਾਂ ਪੰਜਾਬ ਕੇਸਰੀ ਗਰੁੱਪ ਨੇ ਹੀ ਸਮਝਿਆ ਹੈ। ਇਸ ਪੱਤਰ ਸਮੂਹ ਦੁਆਰਾ ਹਰੇਕ ਮੁਸ਼ਕਿਲ ਸਥਿਤੀ ਦੌਰਾਨ ਪ੍ਰਧਾਨ ਮੰਤਰੀ ਰਾਹਤ ਫੰਡ ਜਾਂ ਰਾਜਾਂ ਦੇ ਰਾਹਤ ਫੰਡਾਂ ਵਿਚ ਕਈ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾ ਚੁੱਕਾ ਹੈ। ਸਮਾਜ ਸੇਵਕ ਪ੍ਰਵੀਨ ਕੋਹਲੀ ਅਤੇ ਪਰਮਜੀਤ ਸਿੰਘ ਚਾਵਲਾ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਹੀ ਦੀਨ ਦੁਖੀਆਂ ਦੀ ਮਦਦ ਲਈ ਸਭ ਤੋਂ ਅੱਗੇ ਦਿਸ ਰਿਹਾ ਹੈ।ਭੁਪਿੰਦਰ ਸਿੰਘ ਜੰਡੂ ਅਤੇ ਸੁਸ਼ੀਲ ਸ਼ਰਮਾ ਸਮੇਤ ਇਥੇ ਪਹੁੰਚੇ ਲਾਇਨਜ਼ ਕਲੱਬ ਦੇ ਜ਼ਿਲਾ ਗਵਰਨਰ ਹਰੀਸ਼ ਬਾਂਗਾ ਨੇ ਕਿਹਾ ਕਿ ਵਿਜੇ ਚੋਪੜਾ ਜੀ ਜੰਮੂ-ਕਸ਼ਮੀਰ ਦੇ ਅਸਲ ਮਸੀਹਾ ਹਨ। ਉਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਅਜਿਹੇ ਲੋੜਵੰਦ ਇਲਾਕੇ ਅਤੇ ਉਥੋਂ ਦੇ ਲੋਕਾਂ ਦੇ ਹਾਲਾਤ ਵੇਖਣ ਅਤੇ ਸੇਵਾ ਦੇ ਇਸ ਯੱਗ ਵਿਚ ਹਿੱਸਾ ਪਾਉਣ ਦਾ ਅਜਿਹਾ ਮੌਕਾ ਮਿਲਿਆ ਹੈ ਜੋ ਹਰੇਕ ਦੇ ਹਿੱਸੇ ਨਹੀਂ ਆ ਸਕਦਾ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਸੰਸਥਾ ਵਲੋਂ ਵੀ ਜਲਦੀ ਇਕ ਟਰੱਕ ਰਾਹਤ ਸਮੱਗਰੀ ਭੇਜੀ ਜਾਵੇਗੀ। ਲਾਇਨਜ਼ ਕਲੱਬ ਆਸਥਾ ਦੇ ਪ੍ਰਧਾਨ ਪ੍ਰਵੀਨ ਗੁਪਤਾ ਨੇ ਸਵਾਗਤੀ ਭਾਸ਼ਣ ਵਿਚ ਆਪਣੇ ਅਤੇ ਆਪਣੇ ਸਾਥੀਆਂ ਰਾਕੇਸ਼ ਗੁਪਤਾ, ਉਪਕਾਰ ਸਿੰਘ ਜਮਵਾਲ, ਡੀ. ਡੀ. ਸ਼ਰਮਾ ਅਤੇ ਸੁਨੀਲ ਗੁਪਤਾ ਵਲੋਂ ਪੰਜਾਬ ਕੇਸਰੀ ਗਰੁੱਪ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਧੰਨਵਾਦ ਕੀਤਾ।
ਇਥੇ ਇਹ ਵੀ ਵਰਣਨਯੋਗ ਹੈ ਕਿ ਆਮ ਨਜ਼ਰ ਵਿਚ ਵੇਖੇ ਜਾਣ 'ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਚਿਹਰਿਆਂ ਤੋਂ ਬਹੁਤ ਕੁਝ ਪੜ੍ਹਿਆ ਜਾ ਸਕਦਾ ਹੈ, ਜਿਥੇ ਇਨ੍ਹਾਂ ਦੇ ਹਾਵ ਭਾਵ ਹੋਰ ਅਨੇਕਾਂ ਮਜਬੂਰੀਆਂ ਤੇ ਮਾਰਾਂ ਦੀ ਝਲਕ ਵਿਖਾਉਂਦੇ ਹਨ। ਉਥੇ ਹਰੇਕ ਵਿਅਕਤੀ ਦੇ ਮੱਥੇ 'ਤੇ ਅੱਤਵਾਦ ਦੇ ਸਪੱਸ਼ਟ ਭੈਅ ਦੀਆਂ ਲਕੀਰਾਂ ਵੀ ਦਿਸਦੀਆਂ ਹਨ। ਹਰ ਕੋਈ ਆਪਣੇ ਢਿੱਡ ਦੀ ਭੁਖ ਦੇ ਨਾਲ-ਨਾਲ ਬੱਚਿਆਂ ਦੇ ਭਵਿੱਖ ਲਈ ਚਿੰਤਤ ਵੀ ਨਜ਼ਰ ਆਉਂਦਾ ਹੈ। ਉਥੇ ਕਿਹੜੇ ਵਕਤ ਕੀ ਭਾਣਾ ਵਾਪਰ ਜਾਣਾ ਹੈ, ਇਸ ਗੱਲ ਦਾ ਭਾਵੇਂ ਕਿਸੇ ਨੂੰ ਅੰਦਾਜ਼ਾ ਤਾਂ ਨਹੀਂ ਪਰ ਇਸ ਗੱਲ ਦਾ ਬੋਝ ਤੇ ਡਰ ਹਰ ਕੋਈ ਆਪਣੇ ਮਨ ਵਿਚ ਲੈ ਕੇ ਚੱਲਦਾ ਹੈ। ਪੰਜਾਬ ਕੇਸਰੀ ਗਰੁੱਪ ਨਾਲ ਜੁੜੇ ਸਾਰੇ ਹੀ ਲੋਕ ਪਦਮਸ਼੍ਰੀ ਵਿਜੇ ਚੋਪੜਾ ਜੀ ਦੀ ਇਸ ਗੱਲ ਨੂੰ ਪਹਿਲ ਦੇ ਕੇ ਸਹਾਇਤਾ ਲਈ ਅੱਗੇ ਰਹਿੰਦੇ ਹਨ ਕਿ 'ਅੱਜ ਜੋ ਅੱਗ ਸਾਡੇ ਗੁਆਂਢੀ ਰਾਜ ਵਿਚ ਲੱਗੀ ਹੋਈ ਹੈ, ਉਹੋ ਜਿਹੀ ਅੱਗ ਦੀਆਂ ਲਾਟਾਂ ਨਾਲ ਹੀ ਕਦੇ ਸਾਡੇ ਆਪਣਿਆਂ ਦੇ ਵੀ ਅਨੇਕਾਂ ਘਰ ਸੜੇ ਸੀ। ਉਹ ਸਮਾਂ ਧਿਆਨ ਵਿਚ ਰੱਖਦੇ ਹੋਏ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਲੋੜਵੰਦ ਲੋਕਾਂ ਦੀ ਇਸ ਲਈ ਮਦਦ ਕਰੀਏ ਕਿ ਇਹ ਅੱਗ ਅੱਜ ਸਾਡੇ ਘਰ ਵਿਚ ਨਹੀਂ ਹੈ। ਸਾਡੇ ਗੁਆਂਢੀ ਲੋਕ ਵੀ ਖੁਸ਼ੀਆਂ ਖੇੜਿਆਂ ਭਰੀ ਜ਼ਿੰਦਗੀ ਜਿਊਣ ਦੇ ਸਮਰੱਥ ਹੋਣ ਸਹਾਇਤਾ ਦੇ ਨਾਲ-ਨਾਲ ਆਓ ਇਹ ਅਰਦਾਸ ਵੀ ਕਰੀਏ।