ਸਾਡੀ ਤਾਕਤ-ਸਾਡਾ ਵੋਟ
ਲੋਕਤੰਤਰ 'ਚ ਵੋਟ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ। ਇਸ ਤਾਕਤ ਦੇ ਦਮ 'ਤੇ ਵੋਟਰ ਆਪਣੀ, ਰਾਜ ਅਤੇ ਦੇਸ਼ ਦੀ ਕਿਸਮਤ ਬਦਲ ਕੇ ਉਸਨੂੰ ਖੁਦ ਆਪਣੇ ਹੱਥਾਂ ਨਾਲ ਲਿਖ ਸਕਦਾ ਹੈ। ਸਾਲ 2007 ਦੀਆਂ ਗੁਜਰਾਤ ਅਤੇ ਸਾਲ 2008 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਇਸ ਦਾ ਨਮੂਨਾ ਵੀ ਚੋਣਾਂ ਵਿਚ ਦੇਖਣ ਨੂੰ ਮਿਲਿਆ, ਜਦ ਵੋਟਰਾਂ ਨੇ ਵਿਕਾਸ ਕਰਨ ਵਾਲੀ ਨਰਿੰਦਰ ਮੋਦੀ ਅਤੇ ਸ਼ੀਲਾ ਦੀਕਸ਼ਿਤ ਸਰਕਾਰ ਨੂੰ ਦੁਬਾਰਾ ਗੱਦੀ ਸੌਂਪੀ ਅਤੇ ਹਾਲ ਹੀ ਵਿਚ ਹੋਈਆਂ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਸਰਕਾਰ ਵਿਰੋਧੀ ਲਹਿਰ ਕਾਰਨ ਖੱਬੇ ਪੱਖੀ ਅਤੇ ਡੀ. ਐੱਮ. ਕੇ. ਸਰਕਾਰ ਨੂੰ ਸੱਤਾ ਤੋਂ ਹਟਾਇਆ ਹੁਣ ਜਦਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਨਗਾਰਾ ਵੱਜ ਚੁੱਕਾ ਹੈ, ਵੋਟਰਾਂ ਕੋਲ ਕਈ ਬਦਲ ਹਨ, ਜਿਨ੍ਹਾਂ ਦੇ ਆਪਣੇ-ਆਪਣੇ ਏਜੰਡੇ ਹਨ। ਪੰਜਾਬ 'ਚ ਸੱਤਾਧਾਰੀ ਪਾਰਟੀ ਫਿਰ ਸਰਕਾਰ ਬਣਾਏ ਜਾਂ ਕੋਈ ਹੋਰ ਸੱਤਾ 'ਚ ਆਏ ਇਸ ਦਾ ਫੈਸਲਾ ਤੁਸੀਂ ਹੀ ਕਰਨਾ ਹੈ ਪਰ ਅਜਿਹਾ ਉਦੋਂ ਹੋਵੇਗਾ, ਜਦ ਤੁਸੀਂ ਵੋਟ ਪਾਵੋਗੇ। ਇਤਿਹਾਸ ਗਵਾਹ ਹੈ ਕਿ ਵੋਟ ਦੇ ਅਧਿਕਾਰ ਲਈ ਯੂ. ਕੇ. ਅਤੇ ਯੂ. ਐੱਸ. ਏ. ਵਰਗੇ ਵਿਕਸਿਤ ਦੇਸ਼ਾਂ 'ਚ ਵੀ ਲੋਕਾਂ ਨੂੰ ਸੜਕਾਂ ਉੱਤੇ ਉਤਰਨਾ ਪਿਆ ਅਤੇ ਉਨ੍ਹਾਂ ਨੇ ਕਾਫੀ ਧਰਨੇ ਪ੍ਰਦਰਸ਼ਨ ਤੱਕ ਕੀਤੇ ਪਰ ਸਾਡੀ ਇਹ ਖੁਸਕਿਸਮਤੀ ਹੈ ਕਿ ਸਾਨੂੰ ਇਹ ਅਧਿਕਾਰ ਮਿਲਿਆ ਹੋਇਆ ਹੈ। ਬਸ ਲੋੜ ਇਸ ਦਾ ਮਹੱਤਵ ਸਮਝਣ ਅਤੇ ਇਸ ਦੇ ਸਹੀ ਅਤੇ ਸੁਚੱਜੇ ਢੰਗ ਨਾਲ ਇਸਤੇਮਾਲ ਕਰਨ ਦੀ ਹੈ। ਤੁਸੀਂ ਆਪਣਾ ਅਨਮੋਲ ਵੋਟ ਉਸੇ ਨੂੰ ਦਿਓ, ਜਿਹੜਾ ਧਰਮ ਅਤੇ ਜਾਤ-ਪਾਤ ਲਈ ਰਾਜਨੀਤੀ ਤੋਂ ਹਟ ਕੇ ਰਾਜ ਦੇ ਵਿਕਾਸ ਨੂੰ ਪਹਿਲ ਦੇਣ ਵਾਲਾ ਹੋਵੇ। ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਅਜਿਹਾ ਮੌਕਾ 5 ਸਾਲਾਂ ਬਾਅਦ ਹੀ ਮਿਲਦਾ ਹੈ ਜਦ ਸੱਤਾਧਾਰੀ ਲੋਕ ਆਪਣੀ ਗੱਦੀ ਬਚਾਉਣ   ਅਤੇ ਵਿਰੋਧੀ ਧਿਰ ਸੱਤਾ 'ਚ ਆਉਣ ਲਈ ਤੁਹਾਡਾ ਦਰਵਾਜ਼ਾ ਖੜਕਾਉਂਦੀ ਹੈ।  ਅਜਿਹੇ 'ਚ ਦਾਅ 'ਤੇ ਲੱਗਿਆ ਹੈ ਪੰਜਾਬ ਦਾ ਭਵਿੱਖ ਸਾਨੂੰ ਇਸ ਭਵਿੱਖ ਨੂੰ ਸੁਨਹਿਰਾ ਅਤੇ ਸੂਬੇ ਨੂੰ ਦੇਸ਼ ਦਾ ਨੰਬਰ ਇਕ ਰਾਜ ਬਣਾਉਣਾ ਹੈ। ਇਸ ਲਈ ਸਿਰਫ ਸਹੀ ਨੂੰ ਚੁਣਨ ਅਤੇ ਦੇਸ਼ ਨੂੰ ਨਵੀਂ ਦਿਸ਼ਾ ਦੇਣ ਦਾ ਨਾਅਰਾ  ਲਗਾਉਣ ਨਾਲ ਕੁਝ ਨਹੀਂ ਹੋਣ ਵਾਲਾ। ਸਹੀ ਲੋਕਾਂ ਦੀ ਚੋਣ ਉਦੋਂ ਹੋਵੇਗੀ, ਜਦੋਂ ਤੁਸੀਂ ਵੋਟ ਪਾਵੋਗੇ, ਇਸ ਲਈ ਲੋੜ ਇਸ ਗੱਲ ਦੀ ਹੈ ਕਿ ਤੁਸੀਂ ਆਪਣੀ ਵੋਟ ਰੂਪੀ ਤਾਕਤ ਦਾ ਮਹੱਤਵ ਸਮਝੋ ਅਤੇ ਘਰ ਨਾ ਬੈਠ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ।