Monday, 14 November 2011

ਤਿੰਨ ਦਿਨਾਂ ਬਾਅਦ ਲੱਭੀ ਲਾਪਤਾ ਔਰਤ


ਐਡਮਿੰਟਨ -- ਪੀਲ ਪੁਲਸ ਨੇ ਪਿਛਲੇ ਤਿੰਨ ਦਿਨਾਂ ਤੋਂ ਗੁਆਚੀ ਪੰਜਾਬੀ ਮੂਲ ਦੀ ਔਰਤ ਵੀਰਪਾਲ ਕੌਰ ਬਰਾੜ ਨੂੰ ਲੱਭ ਲਿਆ ਹੈ। ਬਰੈਂਪਟਨ ਦੀ ਰਹਿਣ ਵਾਲੀ 38 ਸਾਲਾ ਵੀਰਪਾਲ ਕੌਰ ਦੇ ਗੁੰਮ ਹੋ ਜਾਣ ਬਾਰੇ ਸ਼ੁੱਕਰਵਾਰ ਨੂੰ ਪਤਾ ਲੱਗਾ ਸੀ ਅਤੇ ਇਸ ਨੂੰ ਐਤਵਾਰ ਸਵੇਰੇ ਲੱਭ ਲਿਆ ਗਿਆ। ਪੀਲ ਪੁਲਸ ਮੁਤਾਬਕ ਵੀਰਪਾਲ ਕੌਰ ਨੂੰ ਅਗਵਾ ਕਰ ਲਿਆ ਗਿਆ ਸੀ। ਪੁਲਸ ਨੇ ਵੀਰਪਾਲ ਕੌਰ ਨੂੰ ਅਗਵਾਕਾਰਾਂ ਦੇ ਚੁੰਗਲ 'ਚੋਂ ਛੁਡਾ ਲਿਆ ਹੈ ਅਤੇ ਉਸ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ, ਜਿਸ ਕਾਰਨ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਸ ਦੀ 21 ਡਵੀਜ਼ਨ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਉਹ ਹੁਣ ਆਪਣਾ ਬਿਆਨ ਦੇਣ ਦੇ ਕਾਬਲ ਹੈ। ਪੁਲਸ ਅਧਿਕਾਰੀ ਕਾਂਸਟੇਬਲ ਮਾਰਲੋਨ ਕੋਲਥ੍ਰਸਟ ਨੇ ਦੱਸਿਆ ਕਿ ਇਸ ਅਗਵਾ ਕਾਂਡ 'ਚ ਮਿਸੀਸਾਗਾ ਦੇ ਰਹਿਣ ਵਾਲੇ ਤਿੰਨ  ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਮ 46 ਸਾਲਾ ਨਿਕੋਲਸ ਵਿਕਟਰਵੈਲਾਰਾਥਨਮ, 30 ਸਾਲਾ ਅਸੋਗੇਨ ਗੁਨਾਲਿੰਗਮ ਅਤੇ 27 ਸਾਲਾ ਜਸਵਿੰਦਰ ਸਿੰਘ ਦੱਸੇ ਗਏ ਹਨ। ਇਹ ਸਾਰੇ ਮਿਸੀਸਾਗਾ ਦੇ ਰਹਿਣ ਵਾਲੇ ਹਨ, ਜਿਨ੍ਹਾਂ 'ਤੇ ਅਗਵਾ ਕਰਨ, ਜਬਰੀ ਬੰਦੀ ਬਣਾਉਣ, ਜਬਰੀ ਵਸੂਲੀ ਅਤੇ ਹਮਲਾ ਕਰਨ ਦੇ ਚਾਰਜ ਲਗਾਏ ਗਏ ਹਨ। ਪੁਲਸ ਮੁਤਾਬਕ ਉਹ 2009 ਮਾਡਲ ਲਾਲ ਰੰਗ ਦੀ ਹੌਂਡਾ ਸਿਵਕ ਕਾਰ ਦੀ ਭਾਲ ਕਰ ਰਹੀ ਹੈ, ਇਹ ਕਾਰ ਜਿਸ ਦਾ ਲਾਇਸੈਂਸ ਪਲੇਟ ਨੰਬਰ 710 ਦੱਸਿਆ ਗਿਆ ਹੈ, ਇਸ ਕਾਰ ਦਾ ਇਸ ਘਟਨਾ ਨਾਲ ਸੰਬੰਧ ਹੈ ਅਤੇ ਇਸ ਤੋਂ ਕਾਫੀ ਸਬੂਤ ਮਿਲ ਸਕਦੇ ਹਨ। ਪੁਲਸ ਮੁਤਾਬਕ ਅਗਵਾ ਕੀਤੀ ਔਰਤ ਵੀਰਪਾਲ ਬਰਾੜ ਨੂੰ ਆਖਰੀ ਵਾਰ ਸ਼ੁੱਕਰਵਾਰ ਨੂੰ 8 ਵਜੇ ਸ਼ਾਮੀ ਹਾਈਵੇ 50 ਅਤੇ ਕੌਟਰੈਲ ਬੁਲੇਵਾਰਡ, ਬਰੈਂਪਟਨ 'ਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਹ ਗਾਇਬ ਹੋ ਗਈ। ਪੁਲਸ ਮੁਤਾਬਕ ਉਪਰੋਕਤ ਘਟਨਾਵਾਂ ਤੋਂ ਲੱਗਦਾ ਸੀ ਕਿ ਇਹ ਅਗਵਾ ਦਾ ਮਾਮਲਾ ਹੈ, ਹਾਲਾਂਕਿ ਪੁਲਸ ਨੇ ਵੀਰਪਾਲ ਬਰਾੜ ਅਤੇ ਅਗਵਾਕਾਰਾਂ ਵਿਚਕਾਰ ਸਮਾਜਿਕ ਸੰਬੰਧਾਂ ਬਾਰੇ ਫਿਲਹਾਲ ਕੁਝ ਨਹੀਂ ਦੱਸਿਆ। ਇਸ ਕੇਸ ਨੂੰ ਲੈ ਕੇ ਅਫਵਾਹਾਂ ਦਾ ਬਜ਼ਾਰ ਗਰਮ ਹੈ ।

No comments:

Post a Comment