ਸ਼ੌਕੀਨਾਂ ਨੂੰ ਕਰਦੇ ਸਨ ਹਥਿਆਰ ਸਪਲਾਈ
ਜਲੰਧਰ, 7 ਦਸੰਬਰ--ਯੂ.ਪੀ. ਤੋਂ ਹਥਿਆਰ ਲਿਆ ਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੇਚਣ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋ ਮੁਲਜ਼ਮਾਂ ਤੋਂ 4 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਹਨ। ਪੁਲਸ ਕਮਿਸ਼ਨਰ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਅਧੀਨ ਏ. ਸੀ. ਪੀ. ਕ੍ਰਾਇਮ ਰਾਜੇਂਦਰ ਸਿੰਘ ਚੀਮਾ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਅੰਤਰਰਾਜੀ ਪੱਧਰ 'ਤੇ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਦੇ ਮੈਂਬਰ ਸਰਗਰਮ ਹਨ ਅਤੇ ਸ਼ੌਕੀਨ ਵਿਦਿਆਰਥੀਆਂ ਨੂੰ ਨਾਜਾਇਜ਼ ਤੌਰ 'ਤੇ ਹਥਿਆਰ ਵੇਚਦੇ ਹਨ। ਸੂਚਨਾ ਮਿਲਣ 'ਤੇ ਏ.ਸੀ.ਪੀ. ਰਾਜਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਸੀ.ਆਈ.ਏ. ਸਟਾਫ ਦੇ ਇੰਚਾਰਜ ਸੁਖਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਗੁਰਵਿੰਦਰ ਸਿੰਘ ਉਰਫ ਘੁੱਗ ਪੁੱਤਰ ਹਰਭਜਨ ਸਿੰਘ ਵਾਸੀ ਕਾਹਲਵਾਂ ਅਤੇ ਕਰਣ ਕੁਮਾਰ ਪੁੱਤਰ ਰਾਮ ਪਾਲ ਵਾਸੀ ਗਲੀ ਨੰਬਰ 1 ਈਸਾ ਨਗਰ ਜਲੰਧਰ ਨੂੰ ਗ੍ਰਿਫਤਾਰ ਕੀਤਾ। ਏ.ਸੀ.ਪੀ. ਚੀਮਾ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਪਿਛਲੇ ਕਰੀਬ 6 ਮਹੀਨਿਆਂ ਤੋਂ ਇਸ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਸਨ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਦੋਵੇਂ ਯੂ. ਪੀ. ਤੋਂ ਵਿਦੇਸ਼ੀ ਪਿਸਤੌਲ ਲਿਆ ਕੇ ਇਥੇ ਵੇਚਦੇ ਸਨ। ਮੁਲਜ਼ਮ ਉਥੋਂ ਕਰੀਬ ਇਕ ਲੱਖ ਰੁਪਏ ਵਿਚ ਹਥਿਆਰ ਖਰੀਦ ਕੇ ਲਿਆਉਂਦੇ ਅਤੇ ਇਥੋਂ ਦੇ ਸ਼ੌਕੀਨ ਲੋਕਾਂ ਨੂੰ ਕਰੀਬ 15 ਲੱਖ ਰੁਪਏ ਵਿਚ ਵੇਚ ਦਿੰਦੇ ਸਨ। ਏ.ਸੀ.ਪੀ. ਨੇ ਦੱਸਿਆ ਕਿ ਮੁਲਜ਼ਮ ਦਰਜਨਾਂ ਹਥਿਆਰ ਵੇਚ ਚੁੱਕੇ ਹਨ। ਹਥਿਆਰਾਂ ਦੀ ਆਨ ਡਿਮਾਂਡ ਸਪਲਾਈ ਕਰਨ ਵਾਲੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਨ੍ਹਾਂ ਲੋਕਾਂ ਨੂੰ ਪਿਸਤੌਲ ਵੇਚੇ ਗਏ। ਏ. ਸੀ.ਪੀ. ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਨਾਜਾਇਜ਼ ਹਥਿਆਰ ਹਨ, ਉਨ੍ਹਾਂ ਨੂੰ ਵੀ ਜਲਦ ਦਬੋਚ ਲਿਆ ਜਾਵੇਗਾ। ਸ਼ੌਕੀਨ ਵਿਦਿਆਰਥੀ ਨੇ ਗਾਹਕ: ਦੋਵਾਂ ਮੁਲਜ਼ਮਾਂ ਦੇ ਗਾਹਕ ਗੈਂਗਸਟਰਾਂ ਤੋਂ ਇਲਾਵਾ ਸ਼ੌਕੀਨ ਵਿਦਿਆਰਥੀ ਹਨ।
No comments:
Post a Comment