ਰੂਪਨਗਰ, 22 ਅਕਤੂਬਰ--ਨਕਲੀ ਹਿਜੜੇ ਬਣਕੇ ਲੋਕਾਂ ਨੂੰ ਠੱਗਣ ਆਏ 2 ਨੌਜਵਾਨਾਂ ਨੂੰ ਉਸ ਸਮੇਂ ਮਹਿੰਗਾ ਪਿਆ, ਜਦੋਂ ਅਸਲੀ ਹਿਜੜਿਆਂ ਨੇ ਉਕਤ ਨੂੰ ਦਬੋਚ ਕੇ ਜਿੱਥੇ ਉਨ੍ਹਾਂ ਦੀ ਛਿੱਤਰ-ਪਰੇਡ ਕੀਤੀ ਉਥੇ ਹੀ ਸਿਰ ਦੇ ਵਾਲ ਕੱਟਕੇ ਪੂਰੇ ਸ਼ਹਿਰ ਵਿਚ ਘੁਮਾਇਆ। ਆਖਿਰ ਵਿਚ ਨਕਲੀ ਹਿਜੜੇ ਬਣੇ ਨੌਜਵਾਨਾਂ ਨੇ ਕੰਨ ਫੜਕੇ ਮੁਆਫੀ ਮੰਗੀ ਤੇ ਆਪਣਾ ਪਿੱਛਾ ਛੁਡਾਇਆ। ਇਸ ਸਬੰਧ ਵਿਚ ਖੁਲਾਸਾ ਕਰਦੇ ਹੋਏ ਜਯੋਤੀ ਮਹੰਤ ਦੀ ਸਿਸ਼ਯ ਰੀਨਾ ਮਹੰਤ ਛੋਟਾ ਖੇੜਾ ਰੂਪਨਗਰ ਨੇ ਆਖਿਆ ਕਿ ਜਦੋਂ ਅੱਜ ਉਹ ਪਿੰਡ ਖੁਆਸਪੁਰਾ ਵਿਖੇ ਵਧਾਈ ਲੈਣ ਲਈ ਪਹੁੰਚੇ ਤਾਂ ਉਨ੍ਹਾਂ ਦੀ ਨਜ਼ਰ ਅਚਾਨਕ 2 ਨੌਜਵਾਨਾਂ 'ਤੇ ਪਈ, ਜਿਨ੍ਹਾਂ ਨੇ ਸਿਰ ਦੇ ਵਾਲ ਵਧਾਏ ਹੋਏ ਸਨ ਤੇ ਔਰਤਾਂ ਦੇ ਕੱਪੜੇ ਵੀ ਪਾਏ ਹੋਏ ਸਨ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਹੀ ਉਨ੍ਹਾਂ ਨੇ ਉਕਤ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਨਕਲੀ ਹਿਜੜੇ ਬਣਕੇ ਲੋਕਾਂ ਤੋਂ ਵਧਾਈ ਦੇ ਰੂਪ ਵਿਚ ਮੂੰਹ ਮੰਗੇ ਪੈਸੇ ਲੈਂਦੇ ਸਨ। ਉਨ੍ਹਾਂ ਆਖਿਆ ਕਿ ਉਕਤ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਮੁਹੱਲਾ ਨੰਦੀ ਕਾਲੋਨੀ ਖੰਨਾ ਤੇ ਵਿਸ਼ਾਲ ਪੁੱਤਰ ਮਨੋਹਰ ਲਾਲ ਅੰਨੀ ਵਾਲਾ ਮੁਹੱਲਾ ਖੰਨਾ ਦੇ ਰੂਪ ਵਿਚ ਹੋਈ। ਰੀਨਾ ਮਹੰਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਤਰ੍ਹਾਂ ਕੋਈ ਨਕਲੀ ਹਿਜੜੇ ਬਣਕੇ ਪ੍ਰੇਸ਼ਾਨ ਕਰਦਾ ਹੈ ਤਾਂ ਇਸ ਸਬੰਧ ਵਿਚ ਜਲਦੀ ਉਨ੍ਹਾਂ ਨੂੰ ਸੂਚਿਤ ਕਰਨ, ਤਾਂ ਕਿ ਅਜਿਹੇ ਠੱਗਾਂ ਨੂੰ ਨੰਗਾ ਕੀਤਾ ਜਾ ਸਕੇ।