ਲੁਧਿਆਣਾ, 28 ਨਵੰਬਰ -- ਸ਼ਾਂਤੀ ਨਗਰ ਵਿਚ ਹੋਈ ਸ਼ਰਮਨਾਕ ਘਟਨਾ ਨੇ ਇਲਾਕੇ ਦੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿਤਾ, ਉੁਥੇ 50 ਸਾਲ ਦੇ ਅਧਖੜ ਨੇ 2 ਸਾਲ ਦੀ ਮਾਸੂਮ ਨੂੰ ਆਪਣੀ ਹਵਸ ਸ਼ਿਕਾਰ ਬਣਾ ਦਿਤਾ, ਜਿਸ ਤੋਂ ਬਾਅਦ ਲੋਕਾਂ ਨੇ ਅਧਖੜ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿਤਾ, ਜਦਕਿ ਮਾਸੂਮ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।  ਇਹ ਘਟਨਾ ਬਾਅਦ ਦੁਪਹਿਰ ਦੀ ਹੈ। ਪੁਲਸ ਨੇ ਪੀੜਤ ਦੀ ਮਾਂ ਦੇ ਬਿਆਨ 'ਤੇ ਦੋਸ਼ੀ ਦੀਨਾ ਨਾਥ ਬਿਹਾਰ ਸਮਸਤੀਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਚੌਕੀ ਸ਼ੇਰਪੁਰ ਦੇ ਇੰਚਾਰਜ ਦਲੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕੰਟਰੋਲ ਰੂਮ 'ਤੇ ਆਏ ਪੰਕਜ ਨਾਂ ਦੇ ਨੌਜਵਾਨ ਤੋਂ ਪਤਾ ਲੱਗਾ ਸੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।  ਪੁਲਸ ਨੂੰ ਦਿਤੇ ਬਿਆਨ ਵਿਚ ਪੀੜਤ ਦੀ ਮਾਤਾ ਨੇ ਦੱਸਿਆ ਕਿ ਉਹ ਸ਼ਾਂਤੀ ਨਗਰ ਦੇ ਇਕ ਵਿਹੜੇ ਵਿਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ। ਦੁਪਹਿਰ ਨੂੰ ਉਸਦੀ ਬੱਚੀ ਖੇਡ ਰਹੀ ਸੀ, ਤਦ ਉਸਦਾ ਗੁਆਂਢੀ ਬੱਚੀ ਨੂੰ ਚੁੱਕ ਕੇ ਆਪਣੇ ਕਮਰੇ ਵਿਚ ਲੈ ਗਿਆ। ਅਚਾਨਕ ਬੇਟੀ ਨੂੰ ਬਾਹਰ ਨਾ ਦੇਖਿਆ ਤਾਂ ਉਸਨੇ ਭਾਲ ਸ਼ੁਰੂ ਕਰ ਦਿਤੀ, ਉਸਦੇ ਗੁਆਂਢੀ ਦੇ ਕਮਰੇ ਵਿਚੋਂ ਉਸਨੇ ਚੀਕਾਂ ਸੁਣੀਆਂ, ਜਿਸ ਤੋਂ ਬਾਅਦ ਉਹ ਕਮਰੇ ਵੱਲ ਭੱਜੀ ਤਾਂ ਦੋਸ਼ੀ ਉਸਦੀ ਬੇਟੀ ਨਾਲ ਹਵਸ ਮਿਟਾ ਰਿਹਾ ਸੀ। ਉਸਨੇ ਰੌਲਾ ਪਾ ਕੇ ਲੋਕਾਂ ਨੂੰ ਬੁਲਾਇਆ ਅਤੇ ਲੋਕਾਂ ਨੇ ਹੀ ਦੋਸ਼ੀ ਨੂੰ ਕਾਬੂ ਕੀਤਾ। ਉਸ ਤੋਂ ਬਾਅਦ ਉਹ ਆਪਣੀ ਬੇਟੀ ਨੂੰ ਲੈ ਕੇ ਹਸਪਤਾਲ ਪਹੁੰਚੇ। ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।