Thursday, 3 November 2011

ਨੌਜਵਾਨ ਦੀ ਹੱਤਿਆ ਦੇ ਦੋਸ਼ ''ਚ ਪਤਨੀ ਸਣੇ 5 ਕਾਬੂ


ਹੁਸ਼ਿਆਰਪੁਰ, 3 ਨਵੰਬਰ--ਪੁਲਸ ਨੇ ਗੜ੍ਹਦੀਵਾਲਾ ਦੇ ਨਜ਼ਦੀਕ ਇਕ ਨੌਜਵਾਨ ਮਨਜਿੰਦਰ ਸਿੰਘ ਦੀ ਹੱਤਿਆ ਦਾ ਸੁਰਾਗ 5 ਘੰਟੇ ਅੰਦਰ ਹੀ ਲਗਾ ਕੇ ਮ੍ਰਿਤਕ ਦੀ ਪਤਨੀ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ 'ਚ ਮ੍ਰਿਤਕ ਦੀ ਪਤਨੀ ਤਜਿੰਦਰਪਾਲ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਪਿੰਡ ਚੋਹਕਾਂ ਥਾਣਾ ਗੜ੍ਹਦੀਵਾਲਾ, ਹਰਪ੍ਰੀਤ ਉਰਫ ਲਵਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਹੁਸੈਨਪੁਰ ਥਾਣਾ ਬੁੱਲ੍ਹੋਵਾਲ, ਸੁਖਜੀਤ ਸਿੰਘ ਪੁੱਤਰ ਕਿਸ਼ੋਰ ਸਿੰਘ ਵਾਸੀ ਸਾਹਰੀ ਥਾਣਾ ਮੇਹਟੀਆਣਾ, ਜਸਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਹੈਦਰੋਵਾਲ ਥਾਣਾ ਬੁੱਲ੍ਹੋਵਾਲ ਤੇ ਅੰਮ੍ਰਿਤਪਾਲ ਸਿੰਘ ਉਰਫ ਦੀਪਕ ਪੁੱਤਰ ਸੇਵਾ ਸਿੰਘ ਵਾਸੀ ਨਸਰਾਲਾ ਸ਼ਾਮਲ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਹੱਤਿਆ ਦੀ ਜਾਂਚ ਲਈ ਉਨ੍ਹਾਂ ਐੱਸ. ਪੀ. ਆਪ੍ਰੇਸ਼ਨ ਸੁਖਵਿੰਦਰ ਸਿੰਘ ਤੇ ਟਾਂਡਾ ਦੇ ਡੀ. ਐੱਸ. ਪੀ. ਰਾਮ ਸਿੰਘ ਦੀ ਦੇਖ-ਰੇਖ ਵਿਚ ਥਾਣਾ ਗੜ੍ਹਦੀਵਾਲਾ ਦੇ ਇੰਚਾਰਜ ਇੰਸਪੈਕਟਰ ਹਰਭਜਨ ਸਿੰਘ ਨੂੰ ਤਾਇਨਾਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਢੋਲੋਵਾਲ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਉਸ ਦਾ 31 ਸਾਲਾ ਭਰਾ ਮਨਜਿੰਦਰ ਸਿੰਘ ਕਰੀਬ 6 ਮਹੀਨੇ ਪਹਿਲਾਂ ਦੁਬਈ ਤੋਂ ਆਇਆ ਸੀ ਤੇ ਉਸ ਦਾ ਵਿਆਹ 9 ਜੁਲਾਈ 2011 ਨੂੰ ਤਜਿੰਦਰਪਾਲ ਕੌਰ ਨਾਲ ਹੋਇਆ ਸੀ।  ਸ਼ਿਕਾਇਤਕਰਤਾ ਅਨੁਸਾਰ 31 ਅਕਤੂਬਰ ਨੂੰ ਉਨ੍ਹਾਂ ਦੇ ਘਰ ਸ਼ਾਮ 7 ਵਜੇ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 4 ਨੌਜਵਾਨ ਆਏ ਅਤੇ ਜਦੋਂ ਉਸ ਨੇ ਆਪਣੀ ਭਾਬੀ ਤਜਿੰਦਰਪਾਲ ਕੌਰ ਕੋਲੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਕਤ ਨੌਜਵਾਨ ਉਸ ਦੇ ਰਿਸ਼ਤੇਦਾਰ ਹਨ। ਘਰ ਵਿਚ ਚਾਹ ਪੀਣ ਤੋਂ ਬਾਅਦ ਉਹ ਚਾਰੇ ਉਸ ਦੇ ਭਰਾ ਮਨਜਿੰਦਰ ਨੂੰ ਨਾਲ ਲੈ ਕੇ ਚਲੇ ਗਏ। ਜਾਂਦੇ ਸਮੇਂ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਬਾਹਰ ਜਾ ਰਹੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਦੇ ਸਮੇਂ ਨੌਜਵਾਨਾਂ ਨੇ ਇਹ ਵੀ ਕਿਹਾ ਸੀ ਕਿ ਮਨਜਿੰਦਰ ਸਿੰਘ ਨੂੰ ਜਲਦ ਵਾਪਸ ਭੇਜ ਦੇਵਾਂਗੇ। ਜਦੋਂ ਦੇਰ ਰਾਤ ਤੱਕ ਮਨਜਿੰਦਰ ਸਿੰਘ ਘਰ ਨਾ ਆਇਆ ਤਾਂ ਉਸ ਦੇ ਮੋਬਾਈਲ 'ਤੇ ਵੀ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪ੍ਰੰਤੂ ਫੋਨ ਬੰਦ ਮਿਲਿਆ। ਥਾਣਾ ਗੜ੍ਹਦੀਵਾਲਾ ਦੀ ਪੁਲਸ ਨੂੰ ਸੂਚਿਤ ਕੀਤੇ ਜਾਣ 'ਤੇ ਜਦੋਂ ਉਹ ਪਿੰਡ ਮਾਛੀਆਂ ਦੇ ਕੋਲ ਪਹੁੰਚਾ ਤਾਂ ਉਥੇ ਉਸ ਦੇ ਭਰਾ ਦੀ ਲਾਸ਼ ਪਈ ਹੋਈ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਤਜਿੰਦਰਪਾਲ ਕੌਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦੇ ਵਿਆਹ ਤੋਂ ਪਹਿਲਾਂ ਹਰਪ੍ਰੀਤ ਉਰਫ ਲਵਪ੍ਰੀਤ ਨਾਲ ਪ੍ਰੇਮ-ਸੰਬੰਧ ਸਨ। ਵਿਆਹ ਤੋਂ ਬਾਅਦ ਵੀ ਉਹ ਫੋਨ 'ਤੇ ਉਸ ਦੇ ਨਾਲ ਗੱਲਬਾਤ ਕਰਦੀ ਰਹਿੰਦੀ ਸੀ। ਮਨਜਿੰਦਰ ਸਿੰਘ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਸੀ। ਇਸ ਦੇ ਚਲਦਿਆਂ ਪਤੀ-ਪਤਨੀ 'ਚ ਝਗੜਾ ਰਹਿੰਦਾ ਸੀ। ਤਜਿੰਦਰਪਾਲ ਕੌਰ ਤੇ ਲਵਪ੍ਰੀਤ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੇ ਸਨ ਪ੍ਰੰਤੂ ਮਨਜਿੰਦਰ ਨੂੰ ਆਪਣੇ ਵਿਚ ਰੋੜਾ ਸਮਝਦੇ ਸਨ। ਤਜਿੰਦਰਪਾਲ ਕੌਰ ਨੇ 31 ਅਕਤੂਬਰ ਨੂੰ ਹਰਪ੍ਰੀਤ ਨੂੰ ਫੋਨ 'ਤੇ ਕਿਹਾ ਕਿ ਜੇਕਰ ਮੇਰੇ ਨਾਲ ਵਿਆਹ ਕਰਵਾਉਣਾ ਹੈ ਤਾਂ ਮਨਜਿੰਦਰ ਨੂੰ ਖਤਮ ਕਰ ਦੇਵੇ, ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ। ਉਸੇ ਦਿਨ ਉਕਤ ਚਾਰੇ ਨੌਜਵਾਨ ਉਸ ਦੇ ਰਿਸ਼ਤੇਦਾਰ ਬਣ ਕੇ ਉਸ ਦੇ ਘਰ ਆ ਗਏ ਤੇ ਤਜਿੰਦਰਪਾਲ ਕੌਰ ਨੇ ਹਰਪ੍ਰੀਤ ਵਲੋਂ ਦਿੱਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਚਾਹ 'ਚ ਪਾ ਕੇ ਆਪਣੇ ਪਤੀ ਨੂੰ ਦੇ ਦਿੱਤੀਆਂ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀਆਂ ਨੇ ਮਨਜਿੰਦਰ ਸਿੰਘ ਦੀ ਹੱਤਿਆ ਤੇਜ਼ਧਾਰ ਹਥਿਆਰਾਂ ਨਾਲ ਉਸ ਸਮੇਂ ਕੀਤੀ ਜਦੋਂ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ। ਦੋਸ਼ੀਆਂ ਨੇ ਰਾਤ 2.30 ਤੋਂ 3 ਵਜੇ ਦੇ ਵਿਚ ਤਜਿੰਦਰਪਾਲ ਕੌਰ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਉਨ੍ਹਾਂ ਨੇ ਮਨਜਿੰਦਰ ਦੀ ਹੱਤਿਆ ਕਰ ਦਿੱਤੀ ਹੈ। ਸ. ਮਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੇ 2 ਮੋਟਰਸਾਈਕਲ ਤੇ ਹੱਤਿਆ ਵਿਚ ਇਸਤੇਮਾਲ ਕੀਤੇ ਹਥਿਆਰ ਵੀ ਬਰਾਮਦ ਕਰ ਲਏ ਹਨ।  ਐੱਸ. ਪੀ. ਆਪ੍ਰੇਸ਼ਨ ਸੁਖਵਿੰਦਰ ਸਿੰਘ ਤੇ ਥਾਣਾ ਗੜ੍ਹਦੀਵਾਲਾ ਦੇ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ 4 ਨਵੰਬਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

No comments:

Post a Comment