ਫਤਿਹਗੜ੍ਹ ਸਾਹਿਬ, 2 ਨਵੰਬਰ (ਜੱਜੀ)-ਬੀਤੇ ਚਾਰ ਦਿਨਾਂ ਤੋਂ ਲਾਪਤਾ ਨੌਜਵਾਨ ਨਵ-ਵਿਆਹੁਤਾ ਅਧਿਆਪਕਾ ਦੀ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਹੋਈ ਲਾਸ਼ ਆਦਮਪੁਰ ਨਹਿਰ ਦੇ ਪੁਲ ਕੋਲੋਂ ਮਿਲ ਜਾਣ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਫਤਿਹਗੜ੍ਹ ਸਾਹਿਬ ਦੇ ਡੀ. ਐੱਸ. ਪੀ. ਜਗਜੀਤ ਸਿੰਘ ਜੱਲ੍ਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈ ਕ੍ਰਿਸ਼ਨ ਪੁੱਤਰ ਰੌਣਕੀ ਰਾਮ ਵਾਸੀ ਦੀਪ ਨਗਰ ਤ੍ਰਿਪੜੀ ਪਟਿਆਲਾ ਨੇ ਥਾਣਾ ਮੂਲੇਪੁਰ ਵਿਖੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਲੜਕੀ ਬਿਮਲਾ ਜੋ ਕਿ ਪਿੰਡ ਨਲੀਨੀ ਵਿਖੇ ਸਰਕਾਰੀ ਸਕੂਲ ਵਿਚ ਟੀਚਰ ਹੈ, ਸਵੇਰੇ ਆਪਣੀ ਮੋਪੇਡ ਨੰਬਰ ਪੀ.ਬੀ. 11- ਏ.ਯੂ-1700 'ਤੇ ਸਕੂਲ ਨੂੰ ਗਈ ਸੀ ਪਰ ਵਾਪਸ ਨਹੀਂ ਆਈ। ਬਿਮਲਾ ਦਾ ਵਿਆਹ ਬੀਤੀ 22 ਅਕਤੂਬਰ ਨੂੰ ਬਲਕਾਰ ਸਿੰਘ ਪੁੱਤਰ ਸੇਵਾ ਸਿੰਘ ਪਿੰਡ ਦਲੇਲਗੜ੍ਹ ਨੇੜੇ ਅਮਰਗੜ੍ਹ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਪੁਲਸ ਨੂੰ ਲੋਕਾਂ ਨੇ ਇਤਲਾਹ ਕੀਤੀ ਕਿ ਪਿੰਡ ਸਿੱਧੂਵਾਲ ਨੇੜੇ ਨਰਵਾਮਾਂ ਬ੍ਰਾਂਚ ਨਹਿਰ ਪੁਲ ਆਦਮਪੁਰ ਤੋਂ ਥੋੜ੍ਹੀ ਦੂਰ ਕੋਈ ਲਾਸ਼ ਪਈ ਹੈ, ਜਿਸਦੇ ਕੋਲ ਇਕ ਮੋਪੇਡ ਵੀ ਖੜ੍ਹੀ ਹੈ। ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਆਂਦਾ। ਉਨ੍ਹਾਂ ਦੱਸਿਆ ਕਿ ਬਿਮਲਾ ਦੀ ਮੌਤ ਦਾ ਕਾਰਨ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਬਿਮਲਾ ਦੇ ਪਿਤਾ ਜੈ ਕ੍ਰਿਸ਼ਨ ਦੇ ਬਿਆਨਾਂ ਤੋਂ ਬਾਅਦ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਕਰ ਰਹੇ ਹਨ।