ਲੋਹਟਬੱਦੀ, 3 ਨਵੰਬਰ-- ਨੇੜਲੇ ਪਿੰਡ ਕਲਸੀਆਂ ਵਿਖੇ ਇਕ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ, ਜਿਸ ਸਬੰਧ ਪੁਲਸ ਨੂੰ ਦਿਤੇ ਬਿਆਨਾਂ 'ਚ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉਪਰ ਕਥਿਤ ਤੌਰ 'ਤੇ ਹਤਿਆ ਕਰਨ ਦਾ ਦੋਸ਼ ਲਗਾਇਆ ਹੈ, ਜਦਕਿ ਸਹੁਰੇ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਝੂਠੇ ਦੱਸਦਿਆਂ ਮ੍ਰਿਤਕਾ ਦੀ ਮੌਤ ਨੂੰ ਕੁਦਰਤੀ ਦੱਸਿਆ ਹੈ। ਇਸ ਮੌਕੇ ਪਿੰਡ ਜਲਾਲਦੀਵਾਲ ਦੇ ਵਸਨੀਕ ਮ੍ਰਿਤਕਾ ਦੇ ਪਿਤਾ ਰਘਬੀਰ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਕਰਮਜੀਤ ਕੌਰ (25) ਦਾ ਗੁਰਚਰਨ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਕਲਸੀਆਂ ਨਾਲ 11 ਮਾਰਚ 2007 ਨੂੰ ਵਿਆਹ ਹੋਇਆ ਸੀ। ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸਦਾ ਜਵਾਈ ਤੇ ਕੁੜਮਣੀ ਉਸਦੀ ਲੜਕੀ ਨੂੰ ਮੋਟਰਸਾਈਕਲ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਪਰ ਆਰਥਿਕ ਤੰਗੀ ਕਾਰਨ ਉਹ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਨਾ ਕਰ ਸਕਿਆ, ਜਿਸ ਕਾਰਨ ਉਹ ਉਸਦੀ ਲੜਕੀ ਨਾਲ ਨਾਲ ਲੜਨ-ਝਗੜ ਲੱਗ ਪਏ।  ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਰਾਏਕੋਟ ਦੇ ਮੁੱਖੀ ਵਰਿਆਮ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਸਬੰਧ ਵਿਚ ਥਾਣਾ ਮੁੱਖੀ ਵਰਿਆਮ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕਾ ਦੇ ਪਿਤਾ ਰਘਬੀਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਉਸਦੇ ਪਤੀ ਗੁਰਚਰਨ ਸਿੰਘ ਅਤੇ ਸੱਸ ਗੁਰਮੀਤ ਕੌਰ ਵਿਰੁੱਧ ਮੁਕੱਦਮਾ ਨੰਬਰ 184 ਤਹਿਤ ਆਈ .ਪੀ. ਸੀ. ਦੀ ਧਾਰਾ 304ਬੀ, 120ਬੀ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਬਾਕੀ ਦੀ ਸਥਿਤੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋ ਸਕੇਗੀ। ਉਧਰ ਮ੍ਰਿਤਕਾ ਦੇ ਪਤੀ ਗੁਰਚਰਨ ਸਿੰਘ ਨੇ ਉਸਦੇ ਸੁਹਰੇ ਪਰਿਵਾਰ ਵਲੋਂ ਲਗਾਏ ਦੋਸ਼ਾਂ ਨੂੰ ਸਰਾਸਰ ਝੂਠੇ ਦੱਸਦਿਆਂ ਕਿਹਾ ਕਿ  ਉਸਦੀ ਪਤਨੀ ਕੁਝ ਸਮੇਂ ਤੋਂ ਬਿਮਾਰ ਰਹਿ ਰਹੀ ਸੀ।  ਉਸਦੀ ਮੌਤ ਕੁਦਰਤੀ ਹੋਈ ਹੈ।