Friday, 4 November 2011

ਲੜਕੀ ਦੇ ਝਾਂਸੇ 'ਚ ਆ ਕੇ ਠੱਗਿਆ ਗਿਆ ਸ਼ੌਕੀਨ ਐੱਨ. ਆਰ. ਆਈ.


ਜਲੰਧਰ, 4 ਨਵੰਬਰ ---ਕੁੜੀ ਵਿਖਾ ਕੇ ਸ਼ੌਕੀਨ ਲੋਕਾਂ ਨੂੰ ਠੱਗਣ ਵਾਲੇ ਗੈਂਗ ਦਾ ਜਲੰਧਰ ਦਿਹਾਤੀ ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਇਸ ਗੈਂਗ ਦਾ ਨਿਸ਼ਾਨਾ ਬੀਤੀ ਸ਼ਾਮ ਇਕ ਐੱਨ. ਆਰ. ਆਈ. ਬਣਿਆ। ਪੁਲਸ ਨੇ ਅੱਜ ਸਵੇਰੇ ਜੰਡੂਸਿੰਘਾ ਤੋਂ ਗੈਂਗ ਦੀ ਮੈਂਬਰ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਲੋਕਾਂ ਤੋਂ ਐੱਨ. ਆਰ. ਆਈ. ਤੋਂ ਠੱਗੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਕਿ ਕੁਝ ਲੋਕਾਂ ਨੇ ਐੱਨ.ਆਰ.ਆਈ. ਨੂੰ ਅਗਵਾ ਕਰ ਲਿਆ ਹੈ ਅਤੇ ਉਸ ਨੂੰ ਬੰਦੀ ਬਣਾ ਕੇ ਰੁਪਏ ਠੱਗੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਕਰਤਾਰਪੁਰ ਹਰਪ੍ਰੀਤ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਜੰਡੂਸਿੰਘਾ ਚੌਕੀ ਇੰਚਾਰਜ ਏ.ਐੱਸ.ਆਈ. ਪੁਸ਼ਪ ਬਾਲੀ ਨੇ ਰੇਡ ਕਰਕੇ ਮੌਕੇ ਤੋਂ ਨੇਹਾ ਸ਼ਰਮਾ ਤੇ ਉਸ ਦੇ ਪਤੀ ਵਿਨੀਤ ਸ਼ਰਮਾ ਵਾਸੀ ਲੱਲੀਆਂ (ਲਾਂਬੜਾ), ਨੇਹਾ ਦਾ ਭਰਾ ਅਮਨਦੀਪ ਪੁੱਤਰ ਗੁਲਜ਼ਾਰ, ਰੋਹਿਤ ਪੁੱਤਰ ਅਸ਼ੋਕ ਕੁਮਾਰ ਦੋਵੇਂ ਵਾਸੀ ਭਾਰਗੋ ਕੈਂਪ ਅਤੇ ਅਮਨਦੀਪ ਪੁੱਤਰ ਮਦਨ ਲਾਲ ਵਾਸੀ ਲਾਂਬੜਾ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਵਲੋਂ ਬੀਤੀ ਸ਼ਾਮ ਤੋਂ ਅਗਵਾ ਕਰਕੇ ਬੰਧਕ ਬਣਾਏ ਗਏ ਐੱਨ.ਆਰ.ਆਈ. ਭੁਪਿੰਦਰ ਸਿੰਘ ਸੰਘਾ ਉਰਫ ਪੀਟਰ ਪੁੱਤਰ ਨਾਰਾਇਣ ਸਿੰਘ ਵਾਸੀ ਜੰਡੂਸਿੰਘਾ ਨੂੰ ਛੁਡਵਾ ਲਿਆ। ਐੱਸ.ਐੱਸ.ਪੀ. ਮਾਨ ਨੇ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਭੁਪਿੰਦਰ ਸਿੰਘ ਸੰਘਾ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਪਰਤਿਆ ਹੈ। ਪੁਲਸ ਮੁਤਾਬਕ ਭੁਪਿੰਦਰ ਸਿੰਘ ਦਾ ਸੰਪਰਕ ਨੇਹਾ ਸ਼ਰਮਾ ਨਾਲ ਹੋਇਆ। ਬਾਅਦ 'ਚ ਭੁਪਿੰਦਰ ਸਿੰਘ ਟੈਕਸੀ ਰਾਹੀਂ ਜੰਡੂਸਿੰਘਾ ਪੁੱਜਾ। ਜਿੱਥੇ ਨੇਹਾ ਸ਼ਰਮਾ ਤੇ ਉਸਦੇ ਸਾਥੀਆਂ ਨੇ ਭੁਪਿੰਦਰ ਤੇ ਟੈਕਸੀ ਚਾਲਕ ਰਾਮਧਨ ਉਰਫ ਬੱਬੀ ਵਾਸੀ ਹਦੀਆਬਾਦ ਫਗਵਾੜਾ ਨੂੰ ਅਗਵਾ ਕਰ ਲਿਆ ਤੇ ਉਨ੍ਹਾਂ ਨੂੰ ਮੁਲਜ਼ਮ ਅਮਨਦੀਪ ਦੇ ਭਾਰਗੋ ਨਗਰ ਸਥਿਤ ਮਕਾਨ ਵਿਚ ਲੈ ਆਏ। ਜਿੱਥੇ ਉਕਤ ਲੋਕਾਂ ਨੇ ਐੱਨ.ਆਰ.ਆਈ. ਨਾਲ ਕੁੱਟਮਾਰ ਕੀਤੀ ਤੇ ਬਾਅਦ 'ਚ ਉਨ੍ਹਾਂ ਨੂੰ ਨਾਲ ਲੈ ਕੇ ਉਨ੍ਹਾਂ ਦੀ ਫਗਵਾੜਾ ਦੀ ਐੱਨ.ਆਰ.ਆਈ. ਕਾਲੋਨੀ ਵਿਖੇ ਸਥਿਤ ਕੋਠੀ ਵਿਚੋਂ 550 ਪਾਊਂਡ ਤੇ ਬੈਂਕ ਦੀ ਪਾਸਬੁੱਕ ਹਾਸਲ ਕਰ ਲਈ। ਪਾਸਬੁੱਕ ਤੋਂ ਮੁਲਜ਼ਮਾਂ ਨੂੰ ਪਤਾ ਲੱਗਾ ਕਿ ਉਸਦੇ ਅਕਾਊਂਟ 'ਚ 1.52 ਲੱਖ ਰੁਪਏ ਹਨ। ਮੁਲਜ਼ਮਾਂ ਨੇ ਭੁਪਿੰਦਰ ਸਿੰਘ ਨੂੰ ਛੱਡਣ ਦੀ ਬਜਾਏ ਘਰ ਵਿਚ ਬੰਦ ਕਰਕੇ ਯੋਜਨਾ ਬਣਾਈ ਕਿ ਸਵੇਰੇ ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਜੰਡੂਸਿੰਘਾ ਸਥਿਤ ਬੈਂਕ ਵਿਚੋਂ ਰੁਪਏ ਕਢਵਾ ਲੈਣਗੇ। ਇਸੇ ਦੌਰਾਨ ਸੂਚਨਾ ਪੁਲਸ ਨੂੰ ਮਿਲ ਗਈ। ਐੱਸ.ਐੱਸ.ਪੀ. ਮਾਨ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਉਕਤ ਗੈਂਗ ਦੇ ਮੈਂਬਰਾਂ ਨੇ 17 ਅਕਤੂਬਰ ਨੂੰ ਵੀ ਭੋਗਪੁਰ ਇਲਾਕੇ ਦੇ ਇਕ ਵਿਅਕਤੀ ਨੂੰ ਅਗਵਾ ਕਰਕੇ ਸੋਨੇ ਦੇ ਗਹਿਣੇ ਲੁੱਟੇ ਸਨ। ਮੁਲਜ਼ਮਾਂ ਤੋਂ ਪੁੱਛਗਿਛ ਲਈ ਪੁਲਸ ਰਿਮਾਂਡ ਲਿਆ ਗਿਆ ਹੈ।

No comments:

Post a Comment