ਮੋਗਾ, 4 ਨਵੰਬਰ -- ਕੋਕਰੀ ਕਲਾਂ ਨਿਵਾਸੀ ਸਵਰਨਜੀਤ ਕੌਰ ਨੇ ਆਪਣੇ ਸਹੁਰੇ ਵਾਲਿਆਂ 'ਤੇ ਉਸ ਨੂੰ ਮਾਰਕੁੱਟ ਕਰਨ ਤੋਂ ਇਲਾਵਾ ਉਸ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾਕੇ ਮਾਰਨ ਦਾ ਯਤਨ ਕਰਨ ਦਾ ਦੋਸ਼ ਲਗਾਇਆ ਹੈ। ਸਵਰਨਜੀਤ ਕੌਰ ਨੂੰ ਉਸਦੇ ਭਿੰਡਰ ਖੁਰਦ ਨਿਵਾਸੀ ਪਿਤਾ ਕੇਵਲ ਸਿੰਘ ਤੇ ਹੋਰਨਾਂ ਵਲੋਂ ਬੀਤੀ ਰਾਤ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਾਇਆ ਗਿਆ। ਇਸ ਸਬੰਧ ਵਿਚ ਗੱਲਬਾਤ ਕਰਦਿਆਂ ਭਿੰਡਰ ਖੁਰਦ ਨਿਵਾਸੀ ਕੇਵਲ ਨੇ ਕਿਹਾ ਕਿ ਉਨ੍ਹਾਂ ਆਪਣੀ ਲੜਕੀ ਸਵਰਨਜੀਤ ਕੌਰ ਤੇ ਜਸਵਿੰਦਰ ਕੌਰ ਦੀ ਸ਼ਾਦੀ ਕੋਕਰੀ ਕਲਾਂ ਵਿਖੇ ਇਕੋ ਘਰ 'ਚ ਕੀਤੀ ਸੀ। ਸਵਰਨਜੀਤ ਕੌਰ ਦਾ ਪਤੀ ਸੋਨੂੰ ਸਿੰਘ ਨਾਈ ਦੀ ਦੁਕਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਦਾਜ-ਦਹੇਜ ਲਈ ਅਕਸਰ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਅਸੀਂ ਕਈ ਵਾਰ ਪੰਚਾਇਤੀ ਤੌਰ 'ਤੇ ਸਮਝਾਉਣ ਦਾ ਯਤਨ ਕੀਤਾ ਤੇ ਥਾਣਾ ਅਜੀਤਵਾਲ ਤੋਂ ਇਲਾਵਾ ਵੂਮੈਨ ਸੈੱਲ ਮੋਗਾ 'ਚ ਵੀ ਸ਼ਿਕਾਇਤ ਪੱਤਰ ਦਿੱਤੇ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਤੇ ਉਸਦਾ ਪਤੀ ਪੰਚਾਇਤੀ ਸਮਝੌਤੇ ਦੇ ਬਾਅਦ ਮਕਾਨ ਦੇ ਇਕ ਕਮਰੇ 'ਚ ਅਲੱਗ ਰਹਿੰਦੇ ਹਨ ਲੇਕਿਨ ਉਸਦੀ ਸੱਸ, ਸਹੁਰਾ ਤੇ ਨਨਦ ਤੋਂ ਇਲਾਵਾ ਪਰਿਵਾਰ ਦੇ ਦੂਸਰੇ ਮੈਂਬਰ ਉਨ੍ਹਾਂ 'ਤੇ ਮਕਾਨ ਖਾਲੀ ਕਰਨ ਲਈ ਦਬਾਅ ਪਾਉਂਦੇ ਹਨ। ਬੀਤੇ ਦਿਨ ਮੇਰਾ ਜਵਾਈ ਦੁਕਾਨ 'ਤੇ ਗਿਆ ਸੀ ਤਾਂ ਪਿੱਛੋਂ ਉਸਦੇ ਸੱਸ ਸਹੁਰੇ ਤੇ ਹੋਰਨਾਂ ਨੇ ਉਸਦੇ ਕਮਰੇ ਦਾ ਸਾਰਾ ਸਾਮਾਨ ਬਾਹਰ ਸੁੱਟ ਦਿੱਤਾ, ਜਦੋਂ ਮੇਰੀ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨਾਲ ਮਾਰਕੁੱਟ ਕੀਤੀ ਗਈ। ਕੇਵਲ ਸਿੰਘ ਨੇ ਕਿਹਾ ਕਿ ਉਸਦੀ ਬੇਟੀ ਨੇ ਸਾਨੂੰ ਫੋਨ 'ਤੇ ਸੂਚਿਤ ਕੀਤਾ ਤੇ ਦੱਸਿਆ ਕਿ ਉਸ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਕੇ ਮਾਰਨ ਦਾ ਯਤਨ ਕੀਤਾ ਗਿਆ ਹੈ ਲੇਕਿਨ ਉਹ ਬਚ ਗਈ। ਉਨ੍ਹਾਂ ਕਿਹਾ ਕਿ ਅਸੀਂ ਸੂਚਨਾ ਮਿਲਣ 'ਤੇ ਪਿੰਡ ਭਿੰਡਰ ਖੁਰਦ ਦੇ ਸਰਪੰਚ ਬੇਅੰਤ ਸਿੰਘ, ਉਸਦਾ ਲੜਕਾ ਬਲਵਿੰਦਰ ਸਿੰਘ, ਭਰਾ ਸੰਦੀਪ ਸਿੰਘ ਤੇ ਹੋਰ ਵਿਅਕਤੀ ਕੋਕਰੀ ਕਲਾਂ ਪੁੱਜ ਗਏ ਤੇ ਆਪਣੀ ਲੜਕੀ ਨੂੰ, ਜੋ ਮਾਰਕੁੱਟ ਹੋਣ ਕਾਰਨ ਜ਼ਖ਼ਮੀ ਸੀ, ਨੂੰ ਕੋਟ ਈਸੇ ਖਾਂ ਹਸਪਤਾਲ ਦਾਖ਼ਲ ਕਰਾਇਆ। ਉਨ੍ਹਾਂ ਕਿਹਾ ਕਿ ਮੇਰੀ ਲੜਕੀ ਇਕ ਮਹੀਨੇ ਦੀ ਗਰਭਵਤੀ ਹੈ, ਉਸਦੇ ਪੇਟ 'ਚ ਵੀ ਲੱਤਾਂ ਮਾਰੀਆਂ ਗਈਆਂ, ਜਿਸ ਨਾਲ ਮੇਰੀ ਲੜਕੀ ਦੀ ਹਾਲਤ ਖਰਾਬ ਹੈ। ਡਾਕਟਰਾਂ ਨੇ ਮੇਰੀ ਲੜਕੀ ਨੂੰ ਮੋਗਾ ਸਿਵਲ ਹਸਪਤਾਲ ਰੈਫਰ ਕੀਤਾ। ਕੇਵਲ ਸਿੰਘ ਤੋਂ ਇਲਾਵਾ ਪੀੜਤ ਲੜਕੀ ਸਵਰਨਜੀਤ ਕੌਰ ਨੇ ਕਿਹਾ ਕਿ ਅਸੀਂ ਉਕਤ ਘਟਨਾ ਬਾਰੇ ਸੋਨੂੰ ਨੂੰ ਵੀ ਦੱਸਿਆ, ਜਿਸ 'ਤੇ ਉਹ ਵੀ ਸਾਡੇ ਨਾਲ ਆਇਆ। ਉਕਤ ਸਾਰਿਆਂ ਨੇ ਜ਼ਿਲਾ ਪੁਲਸ ਮੁੱਖੀ ਮੋਗਾ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਥਿਤ ਦੋਸ਼ੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਸ ਸਾਰੇ ਮਾਮਲੇ ਦੀ ਜਾਂਚ ਕਰਕੇ ਅਸਲੀਅਤ ਜਾਣਨ ਦਾ ਯਤਨ ਕਰ ਰਹੀ ਹੈ। ਇਸ ਮਾਮਲੇ 'ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
No comments:
Post a Comment