ਮੋਗਾ, 4 ਨਵੰਬਰ --ਨਿਊ ਟਾਊਨ ਮੋਗਾ ਨਿਵਾਸੀ ਮੁਲਖ ਰਾਜ ਦੀ ਵਿਆਹੁਤਾ ਲੜਕੀ ਨੂੰ ਉਸਦੇ ਸਰਹਿੰਦ ਸਥਿਤ ਸਹੁਰੇ ਵਾਲਿਆਂ ਤੇ ਪਤੀ ਵਲੋਂ ਦਾਜ-ਦਹੇਜ ਤੋਂ ਇਲਾਵਾ ਕਾਰ ਦੀ ਮੰਗ ਪੂਰੀ ਨਾ ਕੀਤੇ ਜਾਣ 'ਤੇ ਮਾਰਕੁੱਟ ਕਰਕੇ ਘਰੋਂ ਬਾਹਰ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ (ਸਾਊਥ) ਮੋਗਾ ਵਲੋਂ ਪੀੜਤ ਲੜਕੀ ਕਿਰਨ ਬਾਲਾ ਪੁੱਤਰੀ ਮੁਲਖ ਰਾਜ ਨਿਵਾਸੀ 4 ਨਿਊ ਟਾਊਨ ਮੋਗਾ ਦੀ ਸ਼ਿਕਾਇਤ 'ਤੇ ਜਾਂਚ ਤੋਂ ਬਾਅਦ ਉਸਦੇ ਪਤੀ ਅਮਿਤ ਵਧਵਾ ਪੁੱਤਰ ਰਾਜ ਕੁਮਾਰ ਨਿਵਾਸੀ ਨੇੜੇ ਚੰਨਦੀਪ ਸਕੂਲ ਸਰਹਿੰਦ (ਪਟਿਆਲਾ) ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਰਨ ਬਾਲਾ ਨੇ ਕਿਹਾ ਕਿ ਉਸਦਾ ਵਿਆਹ 19 ਜੂਨ 2007 ਨੂੰ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਸਰਹਿੰਦ ਨਿਵਾਸੀ ਅਮਿਤ ਵਧਵਾ ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਮਾਪਿਆਂ ਨੇ ਲੱਖਾਂ ਰੁਪਏ ਖਰਚ ਕੀਤੇ ਤੇ ਸੋਨੇ ਦੇ ਜ਼ੇਵਰਾਤ ਦਿੱਤੇ ਸਨ। ਵਿਆਹ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਵਾਲੇ ਤੇ ਮੇਰਾ ਪਤੀ ਅਕਸਰ ਮੈਨੂੰ ਮਾਪਿਆਂ ਤੋਂ ਹੋਰ ਸਾਮਾਨ ਲਿਆਉਣ ਲਈ ਮਜਬੂਰ ਕਰਨ ਲੱਗੇ। ਇਸ ਬਾਰੇ ਮੈਂ ਆਪਣੇ ਮਾਪਿਆਂ ਨੂੰ ਦੱਸਿਆ, ਜਿਨ੍ਹਾਂ ਕਈ ਵਾਰ ਪੰਚਾਇਤੀ ਤੌਰ 'ਤੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਕੋਈ ਗੱਲ ਨਾ ਸੁਣੀ। ਹੁਣ ਉਹ ਮੈਨੂੰ ਮਾਪਿਆਂ ਤੋਂ ਮਾਰੂਤੀ ਕਾਰ ਜਾਂ ਕਾਰ ਦੇ ਪੈਸੇ ਲਿਆਉਣ ਲਈ ਤੰਗ ਕਰਦੇ ਆ ਰਹੇ ਸਨ। ਮੈਂ ਤੇ ਮੇਰੇ ਮਾਪਿਆਂ ਨੇ ਉਕਤ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਕਰੀਬ ਡੇਢ ਮਹੀਨਾ ਪਹਿਲਾਂ ਮੈਨੂੰ ਉਨ੍ਹਾਂ ਨੇ ਘਰੋਂ ਮਾਰਕੁੱਟ ਕਰਕੇ ਕੱਢ ਦਿੱਤਾ ਤੇ ਮੈਂ ਮੋਗੇ ਆਪਣੇ ਮਾਪਿਆਂ ਕੋਲ ਰਹਿਣ ਲਈ ਮਜਬੂਰ ਹਾਂ। ਮੇਰੇ ਸਹੁਰਿਆਂ ਨੇ ਮੇਰਾ ਸਾਰਾ ਸਾਮਾਨ ਵੀ ਰੱਖ ਲਿਆ, ਜਿਸ 'ਤੇ ਇਨਸਾਫ਼ ਲਈ ਮੈਨੂੰ ਪੁਲਸ ਕੋਲ ਜਾਣ ਲਈ ਮਜਬੂਰ ਹੋਣਾ ਪਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪੁਲਸ ਮੁਖੀ ਨੇ ਉਕਤ ਜਾਂਚ ਸਿਟੀ ਡੀ. ਐੱਸ. ਪੀ. ਸਤਪਾਲ ਸਿੰਘ ਭੰਗੂ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਸਬੰਧ ਵਿਚ ਜ਼ਿਲਾ ਅਟਾਰਨੀ ਲੀਗਲ ਸੁਭਾਸ਼ ਸ਼ਰਮਾ ਤੋਂ ਕਾਨੂੰਨੀ ਰਾਇ ਲੈਣ ਤੋਂ ਬਾਅਦ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਆਦੇਸ਼ ਦਿੱਤਾ। ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਿੱਕਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਛਾਪਾਮਾਰੀ ਕਰਕੇ ਉਸਨੂੰ ਕਾਬੂ ਕਰਨ ਦਾ ਯਤਨ ਕਰ ਰਹੀ ਹੈ।
No comments:
Post a Comment