ਜਲੰਧਰ, 4 ਨਵੰਬਰ --ਲੋਹੀਆਂ ਵਾਸੀ ਸੁਨੀਤਾ ਦੇਵੀ ਨੇ ਆਪਣੇ ਪ੍ਰੇਮੀ ਗੁਰਜੀਤ ਸਿੰਘ ਨਾਲ ਮਿਲ ਕੇ ਪਤੀ ਦਲਜੀਤ ਸਿੰਘ ਦੀ ਹੱਤਿਆ ਕਰਕੇ ਲਾਸ਼ ਹਰੀਕੇ ਲਹਿਰ ਵਿਚ ਸੁੱਟ ਦਿੱਤੀ। ਪੁਲਸ ਦੀ ਜਾਂਚ ਦੌਰਾਨ ਇਸ ਸਨਸਨੀਖੇਜ਼ ਤੱਥ ਦਾ ਖੁਲਾਸਾ ਹੋਇਆ ਹੈ। ਪੁਲਸ ਨੇ ਸੁਨੀਤਾ ਅਤੇ ਉਸਦੇ ਪ੍ਰੇਮੀ ਗੁਰਜੀਤ ਨੂੰ ਗ੍ਰਿਫਤਾਰ ਕਰ ਲਿਆ। ਜਲੰਧਰ ਦਿਹਾਤੀ ਐੱਸ.ਐੱਸ. ਪੀ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ 19 ਸਤੰਬਰ ਨੂੰ ਸੁਨੀਤਾ ਨੇ ਥਾਣਾ ਲੋਹੀਆਂ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਤੀ ਦਲਜੀਤ ਸਿੰਘ ਉਰਫ ਕਾਲਾ ਲਾਪਤਾ ਹੋ ਗਿਆ ਹੈ। ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ ਤੇ ਜਾਂਚ ਲਈ ਡੀ.ਐੱਸ.ਪੀ. ਸ਼ਾਹਕੋਟ ਜਸਬੀਰ ਸਿੰਘ ਦੀ ਅਗਵਾਈ ਵਿਚ ਥਾਣਾ ਲੋਹੀਆਂ ਦੇ ਐੱਸ.ਐੱਚ.ਓ. ਲਖਵਿੰਦਰ ਸਿੰਘ ਮੱਲ, ਸੀ.  ਆਈ. ਏ. ਸਟਾਫ ਦੇ ਇੰਚਾਰਜ ਅਵਤਾਰ ਸਿੰਘ 'ਤੇ ਆਧਾਰਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦਲਜੀਤ ਦੇ ਉਸਦੀ ਪਤਨੀ ਨਾਲ ਸਬੰਧ ਚੰਗੇ ਨਹੀਂ ਸਨ। ਇਸਦੇ ਬਾਅਦ ਸੁਨੀਤਾ ਦੇਵੀ ਲੋਹੀਆਂ 'ਚ ਸਥਿਤ ਸਵਰਨ ਪੈਲੇਸ 'ਚ ਹੀ ਰਹਿੰਦੀ ਸੀ।  ਪੁਲਸ ਦੇ ਅਨੁਸਾਰ ਸੁਨੀਤਾ ਦੇ ਪ੍ਰੇਮ ਸਬੰਧ ਪੈਲੇਸ ਦੇ ਮੈਨੇਜਰ ਗੁਰਜੀਤ ਸਿੰਘ ਉਰਫ ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਫਰੀਦ ਸਰਾਏ ਸੁਲਤਾਨਪੁਰ ਲੋਧੀ ਨਾਲ ਸਨ।  ਦਲਜੀਤ ਕਾਲਾ ਅਤੇ ਸੁਨੀਤਾ ਵਿਚਕਾਰ ਝਗੜਾ ਬਰਕਰਾਰ ਰਹਿੰਦਾ ਸੀ।  17 ਸਤੰਬਰ ਨੂੰ ਰੋਜ਼ ਦੀ ਤਰ੍ਹਾਂ ਕਾਲਾ ਸੁਨੀਤਾ ਕੋਲ ਆਇਆ, ਉਸੇ ਰਾਤ ਸੁਨੀਤਾ ਨੇ ਦੁੱਧ ਵਿਚ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਜਿਸ ਨੂੰ ਪੀ ਕੇ ਕਾਲਾ ਬੇਹੋਸ਼ ਹੋ ਗਿਆ। ਸੁਨੀਤਾ ਅਤੇ ਗੁਰਜੀਤ ਨੇ ਸਿਰਹਾਣੇ ਨਾਲ ਮੂੰਹ ਬੰਦ ਕਰਕੇ ਉਸਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਕੁਆਲਿਸ ਗੱਡੀ 'ਚ ਪਾ ਕੇ ਹਰੀਕੇ ਨਹਿਰ ਵਿਚ ਸੁੱਟ ਆਏ। ਇਕ ਸਵਾਲ ਦੇ ਜਵਾਬ ਵਿਚ ਐੱਸ.ਐੱਸ. ਪੀ. ਨੇ ਦੱਸਿਆ ਕਿ ਦਲਜੀਤ ਕਾਲਾ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਐੱਸ.ਐੱਸ. ਪੀ. ਨੇ ਦੱਸਿਆ ਕਿ ਹੈਰਾਨੀਜਨਕ ਗੱਲ ਇਹ ਹੈ ਕਿ ਦਲਜੀਤ ਦੇ ਪਰਿਵਾਰਕ ਮੈਂਬਰਾਂ ਨੂੰ ਸੁਨੀਤਾ 'ਤੇ ਕੋਈ ਸ਼ੱਕ ਨਹੀਂ ਸੀ। ਦੋਸ਼ੀਆਂ ਤੋਂ ਪੁੱਛਗਿੱਛ ਦੇ ਲਈ ਰਿਮਾਂਡ ਲੈ ਲਿਆ ਗਿਆ ਹੈ।