ਜਲੰਧਰ, 13 ਨਵੰਬਰ -- ਪੰਜਾਬ ਪੁਲਸ ਸਾਨੂੰ ਇਹ ਦਿਲਾਸਾ ਦਿੰਦੀ ਨਹੀਂ ਥੱਕਦੀ ਕਿ ਅਸੀਂ ਬਹੁਤ ਹੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਾਂ, ਆਮ ਜਨਤਾ ਨੂੰ ²ਡਰਨ ਦੀ ਕੋਈ ਲੋੜ ਨਹੀਂ  ਕਿਉਂਕਿ ਪੁਲਸ ਆਪ ਜੀ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹੈ। ਓਧਰ ਜਲੰਧਰ ਮਹਾਨਗਰ ਵਿਚ ਲੁੱਟਖੋਹ ਦੀਆਂ ਵਾਰਦਾਤਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ  ਬਣਦੀਆਂ ਰਹਿੰਦੀਆਂ ਹਨ ਕਿ ਰਿਕਸ਼ੇ 'ਤੇ ਸਵਾਰ ਮਹਿਲਾ ਦੀ ਚੇਨੀ ਝਪਟੀ, ਮੰਦਰ-ਗੁਰਦੁਆਰੇ ਜਾ ਰਹੀ ਔਰਤ ਦੀਆਂ ਕੰਨੋਂ ਵਾਲੀਆਂ ਲਾਹੀਆਂ, ਬਾਜ਼ਾਰ ਜਾਂਦੀ ਔਰਤ ਦਾ ਪਰਸ ਖੋਹਿਆ ਆਦਿ-ਆਦਿ। ਇਸ ਡਰ ਕਾਰਨ ਅੱਜ ਔਰਤਾਂ ਵਿਚ ਇਨ੍ਹਾਂ ਲੁਟੇਰਿਆਂ ਦਾ ਸਹਿਮ ਇੰਨਾ ਵਧ ਗਿਆ ਹੈ ਕਿ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਔਰਤਾਂ ਆਪਣੇ ਬੱਚਿਆਂ ਨੂੰ ਸਕੂਲ ਲਿਆਉਣ ਤੇ ਲਿਜਾਣ ਵਿਚ ਵੀ ਆਪਣੇ ਆਪ ਨੂੰ ਮਜਬੂਰ ਸਮਝਦੀਆਂ ਹਨ। ਦੂਜੇ ਪਾਸੇ ਸਾਡੀ ਪੁਲਸ ਸਾਨੂੰ ਜਲਦ ਤੋਂ ਜਲਦ ਇਨ੍ਹਾਂ ਲੁਟੇਰਿਆਂ ਨੂੰ ਨੱਥ ਪਾਉਣ ਦਾ ਯਕੀਨ ਦਿਵਾਉਂਦੀ ਨਹੀਂ ਥੱਕਦੀ ਪਰ ਜੋ ਨਜ਼ਾਰਾ 'ਜਗ ਬਾਣੀ' ਟੀਮ ਨੇ ਦੇਖਿਆ ਤਾਂ ਉਹ ਇਨ੍ਹਾਂ ਦਾਅਵਿਆਂ ਨੂੰ ਖੋਖਲਾ ਕਰਦਾ ਨਜ਼ਰੀਂ ਪਿਆ।  ਹੋਇਆ ਇੰਝ ਕਿ ਅੱਜ ਇਕ ਪੁਲਸੀਆ ਜੋ ਕਿ ਲੰਮਾ ਪਿੰਡ ਚੌਕ ਤੋਂ ਪੀ. ਏ. ਪੀ. ਚੌਕ ਦੇ ਮੇਨ ਹਾਈਵੇ 'ਤੇ ਸ਼ਰਾਬ ਦੇ ਨਸ਼ੇ ਵਿਚ ਟੁੰਨ  ਹੋ ਕੇ ਡਿੱਗਿਆ ਪਿਆ ਸੀ, ਜਿਸ ਨੂੰ ਲੁੱਟਾਂ-ਖੋਹਾਂ ਦੀ ਤਾਂ ਕੀ ਆਪਣੀ ਵੀ ਸੁੱਧ-ਬੁੱਧ ਨਹੀਂ ਸੀ। ਸ਼ਰਾਬ ਦਾ ਨਸ਼ਾ ਉਕਤ ਪੁਲਸੀਏ ਉਪਰ ਇੰਨਾ ਜ਼ਿਆਦਾ ਹਾਵੀ ਸੀ ਕਿ ਉਸ ਨੂੰ ਇਹ ਵੀ ਪਤਾ ਨਹੀਂ ਕਿ ਉਸ ਦੀ ਟੋਪੀ ਕਿਥੇ ਹੈ ਅਤੇ ਉਹ ਆਪ ਕਿਥੇ ਹੈ। ਅਗਰ ਇਸੇ ਤਰ੍ਹਾਂ ਸਾਡੀ ਜਲੰਧਰ ਪੁਲਸ ਡਿਊਟੀ ਨਿਭਾਉਂਦੀ ਰਹੇਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਮ ਜਨਤਾ ਨੂੰ ਪੁਲਸ ਦੀ ਡਿਊਟੀ ਨਿਭਾਉਣੀ ਪਵੇਗੀ।