Friday, 4 November 2011

ਦੁਕਾਨ 'ਤੇ ਧੜੱਲੇ ਨਾਲ ਵਿਕ ਰਹੀ ਏ ਦੇਸੀ ਸ਼ਰਾਬ!


ਦੁਕਾਨ 'ਤੇ ਧੜੱਲੇ ਨਾਲ ਵਿਕ ਰਹੀ ਏ ਦੇਸੀ ਸ਼ਰਾਬ!

ਮੇਹਟੀਆਣਾ, 4 ਨਵੰਬਰ -- ਹੁਸ਼ਿਆਰਪੁਰ-ਫਗਵਾੜਾ ਰੋਡ ਸਥਿਤ ਪਿੰਡ ਮਰਨਾਈਆਂ ਖੁਰਦ ਵਿਖੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਵਲੋਂ ਦੇਸੀ ਸ਼ਰਾਬ ਦੀ ਧੜੱਲੇ ਨਾਲ ਵਿਕਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਗੁਪਤ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਕੁੱਝ ਹੋਰ ਪਤਵੰਤਿਆਂ ਨੇ ਦੱਸਿਆ ਕਿ ਉਕਤ ਕਰਿਆਨੇ ਦੀ ਦੁਕਾਨ ਤੋਂ ਜਿਥੇ ਸਿਆਣੇ ਅਤੇ ਪ੍ਰਵਾਸੀ ਮਜ਼ਦੂਰ ਸ਼ਰਾਬ ਖਰੀਦਦੇ ਹਨ, ਉਥੇ ਹੀ ਬੱਚੇ ਵੀ ਅਕਸਰ ਸ਼ਰਾਬ ਖਰੀਦਦੇ ਦੇਖੇ ਜਾ ਸਕਦੇ ਹਨ। ਬੇਸ਼ੱਕ ਕਈ ਵਾਰ ਪੁਲਸ ਇਨ੍ਹਾਂ ਦੁਕਾਨਦਾਰਾਂ 'ਤੇ ਸ਼ਿਕੰਜਾ ਕੱਸ ਚੁੱਕੀ ਹੈ ਪਰ ਫਿਰ ਵੀ ਅੰਦਰਖਾਤੇ ਇਹ ਧੰਦਾ ਬਿਨਾਂ ਕਿਸੇ ਰੋਕ-ਟੋਕ ਤੋਂ ਜਾਰੀ ਹੈ। ਇਸ ਸਬੰਧੀ ਜਦੋਂ ਸਾਡੇ ਪ੍ਰਤੀਨਿਧ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਕਰਿਆਨੇ ਦੀ ਦੁਕਾਨ ਤੋਂ ਇਕ ਨਾਬਾਲਗ ਲੜਕਾ ਸ਼ਰਾਬ ਦੀਆਂ ਬੋਤਲਾਂ ਖਰੀਦ ਕੇ ਲਿਜਾ ਰਿਹਾ ਸੀ, ਜਦਕਿ ਉਕਤ ਦੁਕਾਨ 'ਤੇ ਕੁੱਝ ਵਿਅਕਤੀ ਜੋ ਕਿ ਠੀਕ ਹਾਲਤ 'ਚ ਨਹੀਂ ਸਨ ਹੁੱਲੜਬਾਜ਼ੀ ਕਰ ਰਹੇ ਸਨ, ਨੇ ਇਸ ਪੱਤਰਕਾਰ ਵਲੋਂ ਫੋਟੋ ਖਿੱਚਣ 'ਤੇ ਉਸ ਨਾਲ ਭੱਦਾ ਸਲੂਕ ਕੀਤਾ ਤੇ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧੀ ਪਿੰਡ ਦੀਆਂ ਕੁੱਝ ਔਰਤਾਂ ਨੇ ਦੱਸਿਆ ਕਿ ਸ਼ਰਾਬ ਦੀ ਇਸ ਤਰ੍ਹਾਂ ਕਰਿਆਨੇ ਦੀ ਦੁਕਾਨ 'ਤੇ ਵਿਕਰੀ ਨਾਲ ਨੌਜਵਾਨਾਂ ਤੇ ਬੱਚਿਆਂ 'ਤੇ ਬੁਰਾ ਅਸਰ ਪੈ ਰਿਹਾ ਹੈ।  ਪਿੰਡ ਦੀ ਪੰਚਾਇਤ ਤੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਕਰਿਆਨੇ ਦੀ ਦੁਕਾਨ ਤੋਂ ਹੋ ਰਹੀ ਸ਼ਰਾਬ ਦੀ ਵਿਕਰੀ ਬੰਦ ਕੀਤੀ ਜਾਵੇ ਅਤੇ ਜਿਨ੍ਹਾਂ ਦੀ ਸ਼ਹਿ 'ਤੇ ਇਹ ਕੰਮ ਚੱਲ ਰਿਹਾ ਹੈ, ਉਨ੍ਹਾਂ ਖਿਲਾਫ਼ ਵੀ ਸ਼ਿਕੰਜਾ ਕੱਸਿਆ ਜਾਵੇ।

No comments:

Post a Comment