ਜਾਦੂ-ਟੂਣਾ ਕਰਨ ਵਾਲੇ ਦੀ ਮੁਹੱਲੇ ਵਾਲਿਆਂ ਭੁਗਤ ਸੰਵਾਰੀ

Text size


ਸੰਗਰੂਰ, 25 ਨਵੰਬਰ (ਜਨੂਹਾ)¸ ਬੀਤੀ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਮੁਹੱਲਾ ਮਹਿਲ ਮੁਬਾਰਕ ਵਿਖੇ ਇਕ ਅਖੌਤੀ ਟੂਣਾ ਕਰਨ ਵਾਲੇ ਦਾ ਘਰ ਵਾਲਿਆਂ ਦੇ ਨਾਲ ਮੁਹੱਲੇ ਵਾਲਿਆਂ ਵਲੋਂ ਭੂਤ ਉਤਾਰਨ ਦਾ ਸਮਾਚਾਰ ਮਿਲਿਆ ਹੈ। ਮੁਹੱਲਾ ਨਿਵਾਸੀ ਭੀਮ ਸੈਨ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਪਿਛਲੇ ਦੋ ਤਿੰੰਨ ਸਾਲਾਂ ਤੋਂ ਕਈ ਵਾਰ ਕੋਈ ਵਿਅਕਤੀ ਕਥਿਤ ਤੌਰ 'ਤੇ ਟੂਣਾ-ਟੱਪਾ, ਜਿਸ ਵਿਚ ਸ਼ਰਾਬ ਦੀ ਬੋਤਲ, ਚੂੜੀਆਂ, ਲਾਲ ਕੱਪੜਾ, ਹਲਦੀ, ਕੱਚਾ ਮਾਸ ਵਗੈਰਾ ਸੁੱਟਦਾ ਆ ਰਿਹਾ ਸੀ। ਜਿਸ ਤੋਂ ਪਰਿਵਾਰਕ ਮੈਂਬਰ ਖਾਸ ਕਰਕੇ ਘਰ ਦੀਆਂ ਔਰਤਾਂ ਅਤੇ ਬੱਚੇ ਬਹੁਤ ਪ੍ਰੇਸ਼ਾਨ ਅਤੇ ਸਹਿਮੇ ਰਹਿੰਦੇ ਸਨ। ਗੋਇਲ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਫੜਨ ਲਈ ਉਨ੍ਹਾਂ ਘਰ ਦੁਆਲੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਵਾਏ ਪਰ ਕੋਈ ਕਾਬੂ ਨਾ ਆ ਸਕਿਆ ਪਰ ਬੀਤੀ ਸ਼ਾਮ ਕਰੀਬ ਨੌ ਵਜੇ ਉਸੇ ਤਰ੍ਹਾਂ ਹੀ ਇਕ ਵਿਅਕਤੀ ਕੁਝ ਅਜਿਹਾ ਸਾਮਾਨ ਸੁੱਟ ਕੇ ਭੱਜਣ ਲੱਗਾ ਤਾਂ ਪਰਿਵਾਰ ਨੇ ਮੌਕੇ 'ਤੇ ਹੀ ਉਸਨੂੰ ਕਾਬੂ ਕਰ ਲਿਆ। ਉਕਤ ਵਿਅਕਤੀ ਨੂੰ ਕਾਬੂ ਕਰਨ ਤੋਂ ਬਾਅਦ 'ਚ ਉਸਦੇ ਪਰਿਵਾਰ ਨੂੰ ਟੈਲੀਫੋਨ 'ਤੇ ਦੱਸ ਦਿੱਤਾ ਗਿਆ ਅਤੇ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਇਸੇ ਦੌਰਾਨ ਜਦੋਂ ਉਕਤ ਵਿਅਕਤੀ ਦੀ ਪਤਨੀ ਉਥੇ ਆਈ ਤਾਂ ਉਸਨੇ ਗੋਇਲ ਪਰਿਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਘਰ ਟੂਣਾ ਇਸ ਲਈ ਕਰਦੇ ਸੀ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੀ ਆੜ੍ਹਤ ਦੀ ਦੁਕਾਨ ਦੇ ਬਹੁਤ ਪੈਸੇ ਕਥਿਤ ਤੌਰ 'ਤੇ ਮੁਕਰਵਾਕੇ ਉਨ੍ਹਾਂ ਦਾ ਕਾਫੀ ਮਾਲੀ ਨੁਕਸਾਨ ਕੀਤਾ ਹੈ। ਉਥੇ ਖੜ੍ਹੇ ਸੈਂਕੜੇ ਲੋਕਾਂ ਵਿਚੋਂ ਕੁਝ ਨੇ ਉਕਤ ਵਿਅਕਤੀ ਦਾ ਘਸੁੰਨ ਮੁੱਕੀਆਂ ਨਾਲ 'ਭੂਤ' ਵੀ ਉਤਾਰਿਆ। ਇਸ ਉਪਰੰਤ ਪੁਲਸ ਨੇ ਆ ਕੇ ਜ਼ਖਮੀ ਵਿਅਕਤੀ ਨੂੰ ਨਾਲ ਲਿਆ ਤੇ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ। ਹਸਪਤਾਲ ਵਿਚ ਦਾਖ਼ਲ ਵਿਅਕਤੀ ਨੇ ਆਪਣੀ ਪਤਨੀ ਸਾਹਮਣੇ ਅੱਜ ਪੁਲਸ ਕੋਲ ਇਹ ਬਿਆਨ ਦਰਜ ਕਰਵਾਏ ਕਿ ਉਸਨੂੰ ਭੀਮ ਸੈਨ ਗੋਇਲ ਤੇ ਉਸਦੇ ਲੜਕੇ ਉਨ੍ਹਾਂ ਦੀ ਮੁਹੱਲੇ ਦੀ ਮੇਨ ਸੜਕ ਤੋਂ ਜਬਰੀ ਚੁੱਕ ਕੇ ਉਸਨੂੰ ਆਪਣੇ ਘਰ ਲੈ ਗਏ ਜਿਥੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਜਦੋਂਕਿ ਉਹ ਮੁਹੱਲੇ ਵਿਚ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਸੀ। ਮਾਮਲੇ ਦੀ ਪੜਤਾਲ ਕਰ ਰਹੇ ਏ. ਐੱਸ. ਆਈ. ਸਤਿਨਾਮ ਸਿੰਘ ਅਨੁਸਾਰ ਦੋਵਾਂ ਧਿਰਾਂ ਵਲੋਂ ਲਿਖਤੀ ਸ਼ਿਕਾਇਤਾਂ ਦੇ ਆਧਾਰ 'ਤੇ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
Tags : Arora Jaitewali 89689-36711
No comments:
Post a Comment