ਜਲੰਧਰ, 9 ਦਸੰਬਰ--ਡੀ. ਟੀ. ਓ. ਦਫਤਰ ਵਿਚ ਫੈਲੇ ਪ੍ਰਾਈਵੇਟ ਮੁਲਾਜ਼ਮਾਂ ਤੇ ਕਰਿੰਦਿਆਂ ਦੇ ਮਾਇਆਜਾਲ ਨੇ ਹੁਣ ਹਿੰਸਕ ਰੂਪ ਲੈਣਾ ਸ਼ੁਰੂ ਕਰ ਦਿੱਤਾ ਹੈ। ਅੱਜ ਡੀ. ਟੀ. ਓ. ਦਫਤਰ ਵਿਚ ਕੈਸ਼ੀਅਰ ਰੂਮ ਵਿਚ ਦੋ ਪ੍ਰਾਈਵੇਟ ਕਰਿੰਦੇ ਆਪਸ ਵਿਚ ਹੱਥੋਪਾਈ ਹੋ ਗਏ, ਜਿਸ ਦੇ ਮਗਰੋਂ ਇਕ ਪ੍ਰਾਈਵੇਟ ਕਰਿੰਦੇ ਦੇ ਰਿਸ਼ਤੇਦਾਰਾਂ ਨੇ ਤਹਿਸੀਲ ਕੰਪਲੈਕਸ ਵਿਚ ਦੂਜੇ ਪ੍ਰ੍ਰਾਈਵੇਟ ਮੁਲਾਜ਼ਮ  ਨਾਲ ਮਾਰ-ਕੁਟਾਈ ਕੀਤੀ ਤੇ ਉਸਦੀ ਪੱਗੜੀ ਉਤਾਰ ਦਿੱਤੀ। ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਸੀ। ਇਸ ਲਈ ਕਈ ਸਿੱਖ ਸੰਗਠਨਾਂ ਦੇ ਆਗੂਆਂ ਨੇ ਡੀ. ਟੀ. ਓ. ਦਫਤਰ ਵਿਚ ਆ ਕੇ ਰੋਸ ਪ੍ਰਗਟ ਕੀਤਾ ਤੇ ਸਿੱਖ ਨੌਜਵਾਨ ਨਾਲ ਮਾਰਕੁਟਾਈ ਕਰਨ ਵਾਲਿਆਂ ਦੇ ਵਿਰੁੱਧ ਥਾਣਾ ਨਵੀਂ ਬਾਰਾਂਦਰੀ ਵਿਚ ਕੇਸ ਦਰਜ ਕਰਾਉਣ ਗਏ। ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਸਮੇਤ ਸਿੱਖ ਆਗੂ ਡੀ. ਟੀ. ਓ. ਦਫਤਰ ਪੁੱਜੇ, ਜਿਥੇ ਇਹ ਫੈਸਲਾ ਹੋਇਆ ਕਿ ਜੇਕਰ ਦੋਸ਼ੀ ਬੰਦੇ ਨੇ ਸ਼ਾਮ ਤਕ ਗੁਰਦੁਆਰਾ ਸੈਂਟਰਲ ਟਾਊਨ ਵਿਚ ਆ ਕੇ ਮਾਫੀ ਨਾ ਮੰਗੀ ਤਾਂ ਕੱਲ ਡੀ. ਟੀ. ਓ. ਦਫਤਰ ਵਿਚ ਕੰਮ ਨਹੀਂ ਹੋਣ ਦਿੱਤਾ ਜਾਵੇਗਾ। ਅਖੀਰ ਦੇਰ ਸ਼ਾਮ ਮਾਰਕੁੱਟ ਦੇ ਦੋਸ਼ੀਆਂ ਨੇ ਗੁਰਦੁਆਰਾ ਦੀਵਾਨ ਅਸਥਾਨ ਆ ਕੇ ਮਾਫੀ ਮੰਗੀ ਤੇ ਮਾਮਲਾ ਸ਼ਾਂਤ ਹੋਇਆ। ਇਸ ਮੌਕੇ ਤਜਿੰਦਰ ਸਿੰਘ ਪ੍ਰਦੇਸੀ, ਮਨਦੀਪ ਸਿੰਘ ਬਿੱਟੂ, ਮਨਦੀਪ ਸਿੰਘ ਬੱਲੂ ਤੇ ਦਿਲਬਾਗ ਸਿੰਘ ਆਦਿ ਵੀ ਮੌਜੂਦ ਸਨ।
ਮਹਿਲਾ ਕੌਂਸਲਰ ਦੇ ਦਿਓਰ ਏਜੰਟ ਨੇ ਲਾਈ ਸੀ ਤੀਲੀ
ਡੀ. ਟੀ. ਓ. ਦਫਤਰ ਦੇ 2 ਪ੍ਰ੍ਰਾਈਵੇਟ ਮੁਲਾਜ਼ਮਾਂ ਵਿਚ ਫੈਲੀ ਝਗੜੇ ਦੀ ਅੱਗ ਅਸਲ ਵਿਚ ਇਕ ਭਾਜਪਾ ਮਹਿਲਾ ਕੌਂਸਲਰ ਦੇ ਡੀ. ਟੀ. ਓ. ਦਫਤਰ ਵਿਚ ਲੱਗੇ ਪ੍ਰ੍ਰਾਈਵੇਟ ਕਰਮਚਾਰੀ ਬਨਾਮ ਏਜੰਟ ਦਿਓਰ ਨੇ ਲਗਾਈ ਸੀ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਆਪਣਾ ਕੈਮੀਕਲ ਦਾ ਕੰਮ ਛੱਡ ਕੇ ਡੀ. ਟੀ. ਓ. ਦਫਤਰ ਵਿਚ ਨਵੀਂ ਆਰ. ਸੀ. ਵਾਲੀ ਸੀਟ ਨਾਲ ਸਬੰਧਤ ਏਜੰਟੀ ਤੇ ਦਫਤਰੀ ਕੰਮ ਕਰਨ ਵਾਲੇ ਉਕਤ ਕੌਂਸਲਰ ਦਿਓਰ ਵਲੋਂ ਕੈਸ਼ੀਅਰ ਰੂਮ ਦੇ ਦੋ ਪ੍ਰਾਈਵੇਟ ਮੁਲਾਜ਼ਮਾਂ ਨੂੰ  ਭੜਕਾਇਆ ਜਾ ਰਿਹਾ ਸੀ ਕਿ ਪਹਿਲੇ ਏਜੰਟ ਦੇ ਗਾਹਕ ਦੂਜਾ ਤੋੜ ਰਿਹਾ ਹੈ ਤੇ ਦੂਜੇ ਦੇ ਗਾਹਕ ਪਹਿਲਾ ਤੋੜ ਰਿਹਾ ਹੈ । ਇਸੇ ਏਜੰਟ ਦੇ ਭੜਕਾਵੇ ਦਾ ਹੀ ਨਤੀਜਾ ਸੀ ਕਿ ਅੱਜ ਦੋਹਾਂ ਪ੍ਰ੍ਰਾਈਵੇਟ ਮੁਲਾਜ਼ਮਾਂ ਵਿਚ ਗਾਹਕਾਂ ਪਿੱਛੇ ਝਗੜਾ ਹੋ ਗਿਆ ਤੇ ਮਾਮਲਾ ਪੁਲਸ ਥਾਣੇ ਵਿਚ ਪਹੁੰਚ ਗਿਆ।
ਡੀ. ਟੀ. ਓ. ਦਫਤਰ ਦੇ ਪ੍ਰਾਈਵੇਟ ਕਰਿੰਦੇ ਹਟਾਏ ਜਾਣ : ਪ੍ਰਦੇਸੀ
ਹੰਗਾਮੇ ਦੇ ਦੌਰਾਨ ਡੀ. ਟੀ. ਓ. ਦਫਤਰ ਵਿਚ ਪੁੱਜੇ ਜਲੰਧਰ ਸਕੂਟਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਪ੍ਰਦੇਸੀ ਨੇ ਡੀ. ਟੀ. ਓ. ਨੂੰ ਅਪੀਲ ਕੀਤੀ ਕਿ ਡੀ. ਟੀ. ਓ. ਦਫਤਰ ਵਿਚੋਂ ਪ੍ਰਾਈਵੇਟ ਮੁਲਾਜ਼ਮਾਂ ਤੇ ਕਰਿੰਦਿਆਂ ਨੂੰ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਪ੍ਰ੍ਰਾਈਵੇਟ ਕਰਿੰਦੇ, ਕਰੋੜਾਂ ਰੁਪਏ ਦੇ ਘੋਟਾਲੇ ਕਰਕੇ ਫਰਾਰ ਹੋ ਚੁੱਕੇ ਹਨ। ਹੁਣ ਫਿਰ ਪ੍ਰ੍ਰਾਈਵੇਟ ਮੁਲਾਜ਼ਮਾਂ ਨੇ ਡੀ. ਟੀ. ਓ. ਦਫਤਰ ਵਿਚ ਆਪਣਾ ਦਬਦਬਾ ਬਣਾ ਲਿਆ ਹੈ ਜੋ ਸਰਕਾਰੀ ਵਿਭਾਗਾਂ ਦੀ ਕਾਰਜਪ੍ਰਣਾਲੀ ਦੇ ਲਈ ਖਤਰਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਡੀ. ਟੀ. ਓ. ਦਫਤਰ ਵਿਚੋਂ ਪ੍ਰ੍ਰਾਈਵੇਟ ਮੁਲਾਜ਼ਮਾਂ ਨੂੰ ਨਾ ਹਟਾਇਆ ਗਿਆ ਤਾਂ ਛੇਤੀ ਹੀ ਉਨ੍ਹਾਂ ਦਾ ਸੰਗਠਨ ਡੀ. ਸੀ. ਦਫਤਰ ਦਾ ਘੇਰਾਓ ਕਰੇਗਾ।