ਦਲਿਤ ਸਮਾਜ ਵਲੋਂ ਪੁਲਸ ਖਿਲਾਫ ਰੋਸ ਪ੍ਰਦਰਸ਼ਨ

ਫਗਵਾੜਾ, 30 ਦਸੰਬਰ - ਨਜ਼ਦੀਕੀ ਪਿੰਡ ਸਾਹਨੀ ਵਿਚ ਕਰੀਬ ਇਕ ਮਹੀਨੇ ਪਹਿਲਾਂ ਹੋਏ ਹਰਵਿੰਦਰ ਸਿੰਘ ਉਰਫ ਬਬਲੂ ਆਨਰ ਕਿਲਿੰਗ ਹੱਤਿਆਕਾਂਡ ਨੂੰ ਲੈ ਕੇ ਪੁਲਸ ਜਾਂਚ ਦੀ ਆੜ ਹੇਠ ਫਗਵਾੜਾ ਪੁਲਸ ਵਲੋਂ ਦੋਸ਼ੀ ਹਤਿਆਰਿਆਂ ਦੀ ਅਜੇ ਤੱਕ ਨਹੀਂ ਕੀਤੀ ਗਈ ਪੁਲਸ ਗ੍ਰਿਫਤਾਰੀ ਨੂੰ ਮੁੱਦਾ ਬਣਾ ਕੇ ਸ਼ਹਿਰ ਵਿਚ ਅੱਜ ਹਜ਼ਾਰਾਂ ਦਲਿਤਾਂ ਨੇ ਵੱਖ-ਵੱਖ ਦਲਿਤ ਸੰਗਠਨਾਂ ਦੇ ਸਾਂਝੇ ਬੈਨਰ ਹੇਠ ਪੰਜਾਬ ਪੁਲਸ ਅਤੇ ਲੋਕਲ ਪ੍ਰਸ਼ਾਸਨ ਦੇ ਖਿਲਾਫ ਜਬਰਦਸਤ ਰੋਸ ਰੈਲੀ ਕੱਢੀ। ਰੋਸ ਰੈਲੀ ਸਥਾਨਕ ਗੁਰੂ ਹਰਗੋਬਿੰਦ ਨਗਰ ਇਲਾਕੇ ਵਿਚ ਸਥਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਪਾਰਕ ਤੋਂ ਸ਼ੁਰੂ ਹੋਈ ਜੋ ਫਗਵਾੜਾ ਦੇ ਵੱਖ-ਵੱਖ ਬਜ਼ਾਰਾਂ ਅਤੇ ਇਲਾਕਿਆਂ ਤੋਂ ਹੁੰਦੀ ਹੋਈ ਤਹਿਸੀਲ ਦਫਤਰ ਐੱਸ.ਡੀ.ਐੱਮ. ਫਗਵਾੜਾ ਮਨਪ੍ਰੀਤ ਸਿੰਘ ਨੂੰ ਰੋਸ ਮੰਗ ਪੱਤਰ ਸੌਂਪ ਕੇ ਸੰਪੰਨ ਹੋਈ। ਰੋਸ ਰੈਲੀ ਦੌਰਾਨ ਪ੍ਰਦਰਸ਼ਨਕਾਰੀ ਬਣੇ ਦਲਿਤਾਂ ਨੇ ਪੰਜਾਬ ਪੁਲਸ ਅਤੇ ਫਗਵਾੜਾ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਦੇ ਬਜ਼ਾਰਾਂ ਵਿਚ ਜਗ੍ਹਾ-ਜਗ੍ਹਾ ਰੁਕ ਕੇ ਪੁਲਸ ਦਾ ਜੰਮ ਕੇ ਸਿਆਪਾ ਕੀਤਾ। ਇਸ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਦਾ ਹਿੱਸਾ ਬਣੇ ਦਲਿਤ ਸੰਗਠਨਾਂ ਜਿਸ ਵਿਚ ਅੰਬੇਡਕਰ ਸੈਨਾ ਮੂਲ ਨਿਵਾਸੀ (ਪੰਜਾਬ), ਅੰਬੇਡਕਰ ਸੈਨਾ ਪੰਜਾਬ, ਗੁਰੂ ਰਵਿਦਾਸ ਟਾਈਗਰ ਫੋਰਸ, ਅੰਬੇਡਕਰ ਫੋਰਸ ਆਦਿ ਦਲਿਤ ਸੰਗਠਨਾਂ ਦੇ ਨੇਤਾ ਅਤੇ ਵਰਕਰ ਭਾਰੀ ਗਿਣਤੀ ਵਿਚ ਪੀੜਤ ਦਲਿਤ ਸਰੋਏ ਪਰਿਵਾਰ ਨਾਲ ਸ਼ਾਮਲ ਰਹੇ ਹਨ। ਪੰਜਾਬ ਪੁਲਸ 'ਤੇ ਦੋਸ਼ ਲਗਾਉਂਦੇ ਕਿਹਾ ਕਿ ਹੱਤਿਆਕਾਂਡ ਦੀ ਜਾਂਚ ਕਰ ਰਹੀ ਪੁਲਸ ਕਥਿਤ ਆਪਣੀ ਸੋਚੀ ਸਮਝੀ ਰਣਨੀਤੀ ਤਹਿਤ ਹੱਤਿਆ ਕੇਸ ਵਿਚ ਸ਼ਾਮਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰ ਰਹੀ ਹੈ। ਹੱਤਿਆ ਦਾ ਸ਼ਿਕਾਰ ਬਣੇ ਮ੍ਰਿਤਕ ਹਰਵਿੰਦਰ ਸਿੰਘ ਉਰਫ ਬਬਲੂ ਦੇ ਭਰਾ ਕੁਲਵਿੰਦਰ ਸਿੰਘ ਅਤੇ ਅੰਬੇਡਕਰ ਸੈਨਾ ਮੂਲ ਨਿਵਾਸੀ (ਪੰਜਾਬ) ਦੇ ਪ੍ਰਧਾਨ ਹਰਭਜਨ ਸੁਮਨ ਨੇ ਕਿਹਾ ਕਿ ਹਤਿਆਕਾਂਡ ਨੂੰ ਲੈ ਕੇ ਪਹਿਲਾਂ ਤਾਂ ਪੁਲਸ ਨੇ 5 ਦਿਨਾਂ ਬਾਅਦ ਹੱਤਿਆ ਦਾ ਕੇਸ ਦਰਜ ਕੀਤਾ ਅਤੇ ਜਦੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵਾਰੀ ਆਈ ਤਾਂ ਪੁਲਸ ਨੇ ਨਿਆਂ ਦਾ ਗਲਾ ਘੁੱਟ ਕੇ ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਦੁਬਾਰਾ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਪੁੱਛਿਆ ਕਿ ਜੋ ਪੁਲਸ ਕਰ ਰਹੀ ਹੈ ਕੀ ਉਹ ਇਨਸਾਫ ਹੈ? ਜੇਕਰ ਨਹੀਂ ਤਾਂ ਫਿਰ ਦਲਿਤਾਂ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਅੰਦੋਲਨਕਾਰੀਆਂ ਨੇ ਕਿਹਾ ਕਿ ਜੇਕਰ ਫਗਵਾੜਾ ਪੁਲਸ ਨੇ ਹੁਣ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਉਹ ਪੀੜਤ ਸਰੋਏ ਪਰਿਵਾਰ ਦੇ ਨਾਲ ਮਿਲ ਕੇ ਅਜਿਹਾ ਜਨ ਅੰਦੋਲਨ ਸ਼ੁਰੂ ਕਰਨਗੇ ਜੋ ਪੂਰੇ ਪੰਜਾਬ ਵਿਚ ਫੈਲੇਗਾ ਅਤੇ ਫਿਰ ਜੋ ਹਾਲਾਤ ਪੈਦਾ ਹੋਣਗੇ ਉਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਪੁਲਸ ਖਾਸ ਕਰਕੇ ਫਗਵਾੜਾ ਪੁਲਸ ਦੀ ਹੀ ਹੋਵੇਗੀ
No comments:
Post a Comment