Monday, 5 December 2011

Dev Anand



ਬਾਲੀਵੁੱਡ 'ਚ ਸੋਗ ਦੀ ਲਹਿਰ
ਮੁੰਬਈ, 4 ਦਸੰਬਰ--ਹਿੰਦੀ ਫਿਲਮ ਜਗਤ ਬਾਲੀਵੁੱਡ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਣ ਵਾਲੇ ਸਦਾਬਹਾਰ ਅਦਾਕਾਰ ਦੇਵ ਅਨੰਦ ਦੇ ਚਲੇ ਜਾਣ ਨਾਲ ਸ਼ੋਕ 'ਚ ਡੁੱਬਿਆ ਹੋਇਆ ਹੈ ਅਤੇ ਸਾਰਿਆਂ ਦੀ ਜ਼ਬਾਨ 'ਤੇ ਇਕ ਗੱਲ ਹੈ ਕਿ ਦੇਵ ਸਾਹਿਬ ਦੇ ਚਲੇ ਜਾਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਵਹੀਦਾ ਰਹਿਮਾਨ ਨੇ ਕਿਹਾ ਕਿ ਦੇਵ ਸਾਹਿਬ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਨੂੰ ਬਹੁਤ ਦੁੱਖ ਹੋਇਆ ਹੈ ਕਿਉਂਕਿ ਉਹ ਉਸ ਦੇ ਪਹਿਲੇ ਹੀਰੋ ਸਨ ਜਿਨ੍ਹਾਂ ਨਾਲ ਉਸ ਨੇ ਆਪਣੀਆਂ ਬਹੁਤੀਆਂ ਫਿਲਮਾਂ ਕੀਤੀਆਂ। ਮੈਗਾਸਟਾਰਅਮਿਤਾਬ ਬਚਨ ਨੇ ਟਵਿੱਟਰ 'ਤੇ ਲਿਖਿਆ ਕਿ ਇਕ ਯੁੱਗ ਦਾ ਖਾਤਮਾ ਹੋ ਗਿਆ ਹੈ। ਦੇਵ ਅਨੰਦ ਇਕ ਐਸਾ ਖਲਾਅ ਪੈਦਾ ਕਰ ਗਏ ਹਨ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਲਿਖਿਆ ਕਿ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਇਕ ਸਮਾਰੋਹ ਵਿਚ ਦੇਵ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹ ਕਾਫੀ ਕਮਜ਼ੋਰ ਲੱਗ ਰਹੇ ਸੀ ਪਰ ਜ਼ਿੰਦਾਦਿਲੀ ਨਾਲ ਭਰਪੂਰ ਸਨ। ਸੰਗੀਤ ਦੀ ਮਲਕਾ ਲਤਾ ਮੰਗੇਸ਼ਕਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਗੱਲ ਦਾ ਪਛਤਾਵਾ ਸੀ। ਉੱਘੇ ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਕਿਹਾ ਕਿ ਉਹ ਉਸ ਮਹਾਨ ਕਲਾਕਾਰ ਨੂੰ ਸਲਾਮ ਕਰਦਾ ਹੈ ਜੋ ਸਾਡੇ ਦਿਲ ਵਿਚ ਆਪਣੀ ਮੁਸਕਾਨ ਛੱਡ ਗਏ ਹਨ। ਅਨੁਪਮ ਖੇਰ ਨੇ ਕਿਹਾ ਕਿ ਦੇਵ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਕੇਵਲ ਉਨ੍ਹਾਂ ਦੇ ਗੀਤ ਗਾਉਣ ਨੂੰ ਹੀ ਜੀਅ ਕਰਦਾ ਹੈ ਜਿਹੜੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਅਦਾਕਾਰ ਮਾਧੁਰੀ ਦੀਕਸ਼ਤ ਨੇ ਕਿਹਾ ਕਿ ਦੇਵ ਅਨੰਦ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਇਕ ਮਹਾਨ ਅਦਾਕਾਰ ਮੰਚ ਤੋਂ ਚਲਾ ਗਿਆ ਹੈ। ਅਭਿਸ਼ੇਕ ਬਚਨ ਨੇ ਟਵਿੱਟਰ 'ਤੇ ਲਿਖਿਆ ਕਿ ਦੇਵ ਸਾਹਿਬ ਦੀ ਖ਼ਬਰ ਸੁਣ ਕੇ ਸਦਮਾ ਲੱਗਾ ਹੈ। ਉਹ ਇਕ ਮਹਾਨ ਵਿਅਕਤੀ ਅਤੇ ਮਹਾਨ ਅਦਾਕਾਰ ਸਨ। ਫਿਲਮ ਨਿਰਮਾਤਾ ਮਧੂ ਭੰਡਾਰਕਰ ਨੇ ਕਿਹਾ ਕਿ ਅਜੇ ਵੀ ਖ਼ਬਰ 'ਤੇ ਵਿਸ਼ਵਾਸ਼ ਨਹੀਂ ਹੋ ਰਿਹਾ। ਉਹ ਊਰਜਾ ਨਾਲ ਭਰੇ ਹੋਏ ਇਨਸਾਨ ਸਨ।

ਗੁਰਦਾਸਪੁਰ, 4 ਦਸੰਬਰ--ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਘਰੋਟਾ ਦੇ ਜੰਮਪਲ ਪ੍ਰਸਿੱਧ ਫ਼ਿਲਮੀ ਸਿਤਾਰੇ ਸ੍ਰੀ ਦੇਵ ਅਨੰਦ (88) ਦਾ ਅੱਜ ਇੰਗਲੈਂਡ ਦੇ ਹਸਪਤਾਲ ਵਿਚ ਦਿਲ ਫ਼ੇਲ੍ਹ ਹੋ ਜਾਣ ਕਾਰਨ ਦਿਹਾਂਤ ਹੋ ਜਾਣ ਕਾਰਨ ਜਿੱਥੇ ਉਨ੍ਹਾਂ ਦੇ ਜੱਦੀ ਪਿੰਡ ਘਰੋਟਾ ਪੂਰੀ ਤਰ੍ਹਾਂ ਉਦਾਸ ਹੋਇਆ ਪਿਆ ਹੈ, ਉੱਥੇ ਗੁਰਦਾਸਪੁਰ ਸ਼ਹਿਰ ਵਾਸੀ ਵੀ ਸੋਗ ਵਿਚ ਡੁੱਬੇ ਪਏ ਹਨ। ਇੱਥੇ ਜ਼ਿਕਰਯੋਗ ਹੈ ਕਿ ਦੇਵ ਅਨੰਦ ਦੇ ਪਿਤਾ ਸ੍ਰੀ ਪਿਸ਼ੋਰੀ ਲਾਲ ਕਈ ਦਹਾਕੇ ਪਹਿਲਾਂ ਪਿੰਡ ਘਰੋਟਾ ਵਾਲਾ ਜੱਦੀ ਘਰ ਵੇਚ ਕੇ ਗੁਰਦਾਸਪੁਰ ਸ਼ਹਿਰ ਅੰਦਰ ਅਮਾਮਵਾੜਾ ਚੌਕ ਵਿਚ ਇਕ ਮਕਾਨ ਖ਼ਰੀਦ ਕੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਅਤੇ ਪੁੱਤਰਾਂ ਦੇਵ ਅਨੰਦ, ਮਨਮੋਹਨ ਅਨੰਦ, ਚੇਤਨ ਅਨੰਦ ਅਤੇ ਵਿਜੇ ਅਨੰਦ ਸਮੇਤ ਇੱਥੇ ਰਹਿਣ ਲੱਗੇ ਪਏ ਸਨ ਅਤੇ ਪੇਸ਼ੇ ਵਜੋਂ ਉਹ ਪ੍ਰਸਿੱਧ ਨਾਮੀ ਵਕੀਲ ਸਨ। ਸੀਨੀਅਰ ਐਡਵੋਕੇਟ ਬਲਰਾਜ ਮੋਹਨ ਜਿਹੜੇ ਪਿਸ਼ੋਰੀ ਲਾਲ ਦੇ ਕਾਫ਼ੀ ਜਾਣੂ ਸਨ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪਿੱਛੇ ਝਾਤੀ ਮਾਰਦਿਆਂ ਕਿਹਾ ਕਿ ਦੇਵ ਅਨੰਦ ਬਹੁਤ ਹੀ ਸ਼ਰਮਾਕਲ ਕਿਸਮ ਦੇ ਵਿਅਕਤੀ ਸਨ ਅਤੇ ਇਸ ਕਾਰਨ ਉਨ੍ਹਾਂ ਦੀ ਮਾਤਾ ਵੱਲੋਂ ਉਸ ਨੂੰ ਲੜਕੀਆਂ ਦੇ ਸਕੂਲ ਵਿਚ ਪੜ੍ਹਨੇ ਪਾ ਦਿੱਤਾ ਸੀ। ਦੇਵ ਅਨੰਦ ਦੇ ਐਡਵੋਕੇਟ ਪਿਤਾ ਸ੍ਰੀ ਪਿਸ਼ੋਰੀ ਲਾਲ ਆਪਣੇ ਸਾਰੇ ਲੜਕਿਆਂ ਨੂੰ ਵਧੀਆ ਸਿੱਖਿਆ ਦਿਵਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਸਭ ਤੋਂ ਵੱਡੇ ਲੜਕੇ ਮਨਮੋਹਨ ਅਨੰਦ ਨੇ ਆਪਣੇ ਪਿਤਾ ਵਾਲਾ ਕਿੱਤਾ ਅਪਣਾਉਂਦੇ ਹੋਏ ਵਕਾਲਤ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਗੁਰਦਾਸਪੁਰ ਦੇ ਕੁੱਝ ਚੋਟੀ ਦੇ ਵਕੀਲਾਂ ਵਿਚ ਸ਼ਾਮਿਲ ਹੋ ਗਏ ਸਨ।

 ਜਦੋਂ ਕਿ ਉਨ੍ਹਾਂ ਦੇ ਬਾਕੀ 3 ਭਰਾ ਫ਼ਿਲਮਾਂ ਵਿਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ ਸਨ। ਪਿਛਲੇ ਦਿਨਾਂ ਦੀ ਯਾਦ ਤਾਜ਼ਾ ਕਰਦਿਆਂ ਸ੍ਰੀ ਬਲਰਾਜ ਮੋਹਨ ਨੇ ਅੱਗੇ ਦੱਸਿਆ ਕਿ ਦੇਵ ਅਨੰਦ 1971 ਵਿਚ ਉਸ ਸਮੇਂ ਗੁਰਦਾਸਪੁਰ ਆਏ ਸਨ ਜਦੋਂ ਉਨ੍ਹਾਂ ਦੇ ਭਰਾ ਮਨਮੋਹਨ ਅਨੰਦ ਦੀ ਮੌਤ ਹੋ ਗਈ ਸੀ ਅਤੇ ਉਸ ਸਮੇਂ ਮਨਮੋਹਨ ਅਨੰਦ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਵੀ ਸਨ। ਉਨ੍ਹਾਂ ਦੱਸਿਆ ਕਿ 1965 ਵਿਚ ਜਦੋਂ ਦੇਵ ਅਨੰਦ ਦੀ ਗਾਈਡ ਫਿਲਮ ਆਈ ਸੀ ਤਾਂ ਗੁਰਦਾਸਪੁਰ ਵਾਸੀਆਂ ਵੱਲੋਂ ਇਸ ਫ਼ਿਲਮ ਨੂੰ ਕਈ-ਕਈ ਵਾਰ ਦੇਖਿਆ ਸੀ। ਦੇਵ ਅਨੰਦ ਦੇ ਪਰਿਵਾਰ ਦੇ ਇੱਕ ਹੋਰ ਕਰੀਬੀ ਸ੍ਰੀ ਪੁਸ਼ਕਰ ਨੰਦਾ ਐਡਵੋਕੇਟ ਨੇ ਦੱਸਿਆ ਕਿ ਦੇਵਾ ਅਨੰਦ ਦੇ ਪਿਤਾ ਪਿਸ਼ੋਰੀ ਲਾਲ ਵੱਲੋਂ ਡਲਹੌਜੀ ਵਿਖੇ ਇੱਕ ਮਕਾਨ ਖ਼ਰੀਦਿਆ ਹੋਇਆ ਸੀ ਜਿੱਥੇ ਪੂਰਾ ਪਰਿਵਾਰ ਡਲਹੌਜੀ ਵਿਖੇ ਠਹਿਰਿਆ ਕਰਦਾ ਸੀ। ਦੇਵ ਅਨੰਦ ਦੇ ਇੱਕ ਹੋਰ 80 ਸਾਲਾ ਬਜ਼ੁਰਗ ਮਿੱਤਰ ਐਡਵੋਕੇਟ ਸੁਖਦੇਵ ਰਾਜ ਨਾਲ ਜਦੋਂ ਦੇਵ ਅਨੰਦ ਦੇ ਪਰਿਵਾਰ ਬਾਰੇ ਗੱਲਬਾਤ ਕੀਤੀ ਗਈ ਤਾਂ ਜ਼ਿਆਦਾ ਭਾਵੁਕ ਹੋਣ ਕਾਰਨ ਉਹ ਕੁਝ ਵੀ ਨਾ ਦੱਸ ਸਕੇ, ਕਿਉਂਕਿ ਬਿਮਾਰ ਹੋਣ ਕਾਰਨ ਉਹ ਲੰਮੇ ਸਮੇਂ ਤੋਂ ਬਿਸਤਰੇ 'ਤੇ ਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਭਾਵੇਂ ਦੇਵ ਅਨੰਦ ਗੁਰਦਾਸਪੁਰ ਸ਼ਹਿਰ ਵਾਲੇ ਆਪਣੇ ਘਰ ਵਿਚ ਘੱਟ ਸਮਾਂ ਰਹੇ ਹਨ ਪਰ ਇਸ ਦੇ ਬਾਵਜੂਦ ਅੱਜ ਜਦੋਂ ਉਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਦੀ ਖ਼ਬਰ ਇੱਥੇ ਪੁੱਜੀ ਤਾਂ ਪੂਰਾ ਸ਼ਹਿਰ ਉਦਾਸੀ ਦੇ ਆਲਮ ਵਿਚ ਡੁੱਬ ਗਿਆ। ਸ਼ਹਿਰ ਵਾਸੀ ਚਾਹੁੰਦੇ ਹਨ ਕਿ ਸਵ: ਦੇਵ ਅਨੰਦ ਦੇ ਮ੍ਰਿਤਕ ਸਰੀਰ ਨੂੰ ਇੱਥੇ ਲਿਆ ਕੇ ਉਨ੍ਹਾਂ ਦਾ ਸਸਕਾਰ ਗੁਰਦਾਸਪੁਰ ਸ਼ਹਿਰ ਅੰਦਰ ਜਾਂ ਉਨ੍ਹਾਂ ਦੇ ਜੱਦੀ ਪਿੰਡ ਘਰੋਟਾ ਵਿਖੇ ਕੀਤਾ ਜਾਵੇ।

No comments:

Post a Comment