ਇਸ ਮੌਕੇ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ  ਨੇ ਢਾਡੀ ਵਾਰਾਂ  ਗਾ ਕੇ ਕੁਲਦੀਪ  ਮਾਣਕ ਨੂੰ ਸ਼ਰਧਾਂਜਲੀ ਦਿੱਤੀ।  ਭਾਈ ਜੋਗਿੰਦਰ ਸਿੰਘ ਰਿਆੜ  ਲੁਧਿਆਣਾ ਵਾਲਿਆਂ  ਨੇ ਕਿਹਾ ਕਿ ਕਲਾਕਾਰਾਂ ਨੂੰ ਆਵਾਜ਼ ਰੱਬ ਵੱਲੋਂ ਬਖਸ਼ੀ ਜਾਂਦੀ ਹੈ, ਜਿਸ ਨਾਲ ਉਹ ਆਪਣੇ ਵਿਰਸੇ, ਸੱਭਿਆਚਾਰ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਹਨ। ਜਿਸ 'ਤੇ ਉਸ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸੀ ਉਹ ਸਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ। ਇਸ ਮੌਕੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ।
ਇਸ ਮੌਕੇ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਮਾਣਕ ਸਾਡੇ ਸੱਭਿਆਚਾਰਕ ਵਿਰਸੇ ਦਾ ਇਕ ਅਨਮੋਲ ਹੀਰਾ ਸੀ, ਜਿਸ ਨੇ ਹਮੇਸ਼ਾ ਪੰਜਾਬੀ ਸਭਿਆਚਾਰ ਦੀ ਲੱਚਰਤਾ ਤੋਂ ਦੂਰ ਰਹਿ ਕੇ ਸੇਵਾ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਲੱਚਰਤਾ ਤੋਂ ਦੂਰ ਰਹਿੰਦੇ ਹੋਏ ਮਾਣਕ ਵਲੋਂ ਗਾਈਆਂ ਕਲੀਆਂ ਸਦਾ ਖੁਸ਼ਬੂ ਵੰਡਦੀਆਂ ਰਹਿਣਗੀਆ।
ਜ਼ਿਲਾ ਪ੍ਰਧਾਨ ਕਾਂਗਰਸ ਦਿਹਾਤੀ   ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਕੁਲਦੀਪ ਮਾਣਕ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਪੰਜਾਬੀ ਸਭਿਆਚਾਰ ਨੂੰ ਸਿਖਰਾਂ 'ਤੇ ਪਹੁੰਚਾਇਆ।
ਲੋਕ ਗਾਇਕ ਗੁਰਦਾਸ ਮਾਨ ਤੇ ਹਰਭਜਨ ਮਾਨ ਨੇ ਕਿਹਾ ਕਿ ਮਾਣਕ ਦਾ ਜਾਣਾ ਸਾਡੇ ਸਮਾਜ ਤੇ ਸੱਭਿਆਚਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜੈਜ਼ੀ ਬੈਂਸ 'ਤੇ ਕੁਲਦੀਪ ਮਾਣਕ ਨੂੰ ਮਾਣ ਸੀ ਤੇ ਅੰਤ ਸਮੇਂ ਤੱਕ ਜੈਜ਼ੀ ਬੀ ਆਪਣੇ ਉਸਤਾਦ ਦੀ ਕਸਵੱਟੀ 'ਤੇ ਖਰਾ ਉਤਰਿਆ। ਉਸ ਨੇ ਸ਼ਾਗਿਰਦ ਨਹੀ, ਸਗੋਂ ਪੁੱਤ ਬਣ ਕੇ ਸਾਰੇ ਫ਼ਰਜ਼ ਅਦਾ ਕੀਤੇ ਤੇ ਅੱਗੋਂ ਵੀ ਪਰਿਵਾਰ ਦੀ ਦੇਖਭਾਲ ਦਾ ਬੀੜਾ ਚੁੱਕਿਆ ਹੈ।
ਮਨਮੋਹਨ ਵਾਰਿਸ ਨੇ ਕਿਹਾ ਕਿ ਕੁਲਦੀਪ ਮਾਣਕ ਨੂੰ ਦੇਖ ਕੇ ਸਕੂਲ ਦੀਆਂ ਸਟੇਜਾਂ 'ਤੇ ਗਾਇਆ ਤੇ ਅੱਜ ਮੈਂ ਜੋ ਵੀ ਹਾਂ ਉਨ੍ਹਾਂ ਦੀ ਬਦੌਲਤ ਹੀ ਹਾਂ।  ਮਾਣਕ ਸਾਹਿਬ ਹਮੇਸ਼ਾ ਹੀ ਆਖਦੇ ਸਨ ਸੱਚ ਗਾਓ, ਸਾਫ਼-ਸੁਥਰਾ ਗਾਓ। ਹਾਕਮ ਨੇ ਬੜੇ ਭਿੱਜੇ ਮਨ ਨਾਲ ਇਕ ਸ਼ੇਅਰ ਕੁਲਦੀਪ ਮਾਣਕ ਨੂੰ ਸਮਰਪਿਤ ਕੀਤਾ। ਸਰਦੂਲ ਸਿਕੰਦਰ ਨੇ ਕਿਹਾ ਕਿ ਗਾਇਕ ਤਾਂ ਹਰ ਕੋਈ ਬਣ ਸਕਦਾ ਹੈ, ਪਰ ਦੁਨੀਆ 'ਤੇ ਕੁਲਦੀਪ ਮਾਣਕ ਨਹੀਂ ਬਣ ਸਕਦਾ।
ਮਲਕੀਤ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਜਿੰਨੇ ਵੀ ਗਾਇਕ ਹਨ, ਉਨ੍ਹਾਂ ਦੀ ਗਾਇਕੀ ਵਿਚ 50 ਫੀਸਦੀ ਰਸ ਕੁਲਦੀਪ ਮਾਣਕ ਦੀ ਗਾਇਕੀ ਦਾ ਨਜ਼ਰ ਆਉਂਦਾ ਹੈ। ਸੰਗੀਤ ਜਗਤ ਦੀ ਉਸਤਾਦ ਹਸਤੀ ਮੰਨੇ ਜਾਂਦੇ ਚਰਨਜੀਤ ਆਹੂਜਾ ਨੇ ਕਿਹਾ ਕਿ ਕੁਲਦੀਪ ਮਾਣਕ ਨੇ ਹਮੇਸ਼ਾ ਹੀ ਲੱਚਰਤਾ ਤੋਂ ਦੂਰ ਰਹਿ ਕੇ ਪੰਜਾਬੀ ਸਭਿਆਚਾਰ ਦੀ ਸੇਵਾ ਕੀਤੀ।।
ਅੰਤ ਵਿਚ ਜੈਜ਼ੀ ਬੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਤੱਕ ਮਾਂ ਜਿਊਂਦੀ ਹੈ ਮੇਰੀ, ਮੇਰੇ ਪੁੱਤਰਾਂ ਦੀ, ਮੇਰੇ ਪੋਤਿਆਂ ਦੀ, ਮੇਰੇ ਪੜਪੋਤਿਆਂ ਦੀ, ਮੈਂ ਨਹੀਂ ਡਰਦਾ ਕਿਉਂਕਿ ਖੋਖੇਵਾਲੀਆ ਮਾਣਕ ਕਲੀਆਂ ਦਾ ਬਾਦਸ਼ਾਹ ਸੀ, ਮਾਣਕ ਕਲੀਆਂ ਦਾ ਬਾਦਸ਼ਾਹ ਹੈ, ਮਾਣਕ ਕਲੀਆਂ ਦਾ ਬਾਦਸ਼ਾਹ ਰਹੇਗਾ, ਮਾਣਕ ਨਹੀ ਮਰਦਾ।