ਔਰਤ ਲੁਟੇਰਾ ਗਿਰੋਹ ਦੀ ਦਹਿਸ਼ਤ ਜਾਰੀ
ਜਗਰਾਓਂ, 8 ਦਸੰਬਰ --ਇਲਾਕੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਕਾਰ ਸਵਾਰ ਲੁਟੇਰਾ ਗਿਰੋਹ ਦੀਆਂ ਔਰਤਾਂ ਵਲੋਂ ਸਮੇਂ-ਸਮੇਂ 'ਤੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ। ਪੁਲਸ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਇਸ ਗਿਰੋਹ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਬਲਵਿੰਦਰ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਪਿੰਡ ਜੰਡੀ ਨੂੰ ਇਸ ਗਿਰੋਹ ਦੀਆਂ ਔਰਤਾਂ ਵਲੋਂ ਨਿਸ਼ਾਨਾ ਬਣਾਇਆ ਗਿਆ। ਬਲਵਿੰਦਰ ਕੌਰ ਵਲੋਂ ਦਿਤੀ ਜਾਣਕਾਰੀ ਅਨੁਸਾਰ ਉਹ ਅਜੀਤਵਾਲ ਤੋਂ ਆਪਣੀ ਰਿਸ਼ਤੇਦਾਰੀ ਵਿਚ ਹੋ ਕੇ ਵਾਪਸ ਪਿੰਡ ਜੰਡੀ ਆ ਰਹੀ ਸੀ। ਜਦੋਂ ਉਹ ਪਿੰਡ ਜਾਣ ਲਈ ਸਿੱਧਵਾਂ ਬੇਟ ਰੋਡ 'ਤੇ ਖੜ੍ਹੀ ਸੀ ਤਾਂ ਦੋ ਔਰਤਾਂ ਉਸਦੇ ਕੋਲ ਆ ਕੇ ਖੜ੍ਹ ਗਈਆਂ ਅਤੇ ਉਨ੍ਹਾਂ ਗੱਲਾਂ ਵਿਚ ਲਗਾ ਕੇ ਉਸ ਨੂੰ ਪੁੱਛਿਆ ਕਿ ਉਸ ਨੇ ਕਿਥੇ ਜਾਣਾ ਹੈ, ਜਦੋਂ ਉਸ ਨੇ ਕਿਹਾ ਕਿ ਉਹ ਜੰਡੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਉਧਰ ਵਿਆਹ ਜਾਣਾ ਹੈ। ਸਾਡੀ ਗੱਡੀ ਆ ਰਹੀ ਹੈ, ਉਹ ਉਨ੍ਹਾਂ ਨਾਲ ਗੱਡੀ ਵਿਚ ਬੈਠ ਕੇ ਚੱਲੇ। ਉਸੇ ਸਮੇਂ ਹੀ ਜੈੱਨ ਕਾਰ, ਜਿਸ ਵਿਚ ਦੋ ਔਰਤਾਂ ਬੈਠੀਆਂ ਸਨ, ਉਨ੍ਹਾਂ ਉਸ ਨੂੰ ਉਸ 'ਚ ਬਿਠਾ ਲਿਆ ਅਤੇ ਰਸਤੇ ਵਿਚ ਉਸਦੇ ਕੰਨਾਂ ਵਿਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਉਸ ਨੂੰ ਰਸਤੇ ਵਿਚ ਹੀ ਉਤਾਰ ਦਿਤਾ। ਗੱਡੀ ਵਿਚੋਂ ਹੇਠਾਂ ਉਤਰ ਕੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੇ ਕੰਨਾਂ ਵਿਚ ਵਾਲੀਆਂ ਨਹੀਂ ਹਨ ਤਾਂ ਉਸ ਸਮੇਂ ਤੱਕ ਉਹ ਕਾਰ ਸਵਾਰ ਔਰਤਾਂ ਉਥੋਂ ਫਰਾਰ ਹੋ ਚੁੱਕੀਆਂ ਸਨ। ਇਸ ਸਬੰਧੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ ਜਗਰਾਓਂ ਵਿਖੇ ਚਾਰ ਅਣਪਛਾਤੀਆਂ ਔਰਤਾਂ ਅਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
No comments:
Post a Comment