ਵੈਬਸਾਈਟ 'ਤੇ ਪਾਇਆ ਜਾਅਲੀ ਪੰਜਾਬ ਸਰਕਾਰ ਦਾ ਪੱਤਰ
ਚੰਡੀਗੜ੍ਹ, 9 ਦਸੰਬਰ-- ਕਿਸੇ ਵਿਅਕਤੀ ਵਲੋਂ ਸੀ. ਐੱਮ. ਏ. ਪੰਜਾਬ ਡਾਟ ਓ. ਆਰ. ਜੀ 'ਤੇ ਅਧਿਆਪਕਾਂ ਦੇ ਗਰੇਡ-ਪੇ 'ਚ ਵਾਧੇ ਦੇ ਸਬੰਧ 'ਚ ਅੱਜ ਵੈਬਸਾਈਟ 'ਤੇ ਇਕ ਜਾਅਲੀ ਪੱਤਰ ਪਾ ਦਿੱਤਾ, ਜਿਸ ਨਾਲ ਸਾਰੇ ਰਾਜ 'ਚ ਇਸ ਪੱਤਰ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ। ਇਹ ਪੱਤਰ ਬੀਤੀ 8 ਦਸੰਬਰ ਨੂੰ ਪਾਇਆ ਗਿਆ ਸੀ, ਜਿਸ 'ਚ ਵੱਖ-ਵੱਖ ਅਧਿਆਪਕਾਂ ਦੇ ਗਰੇਡ-ਪੇ ਵਧਾ ਚੜ੍ਹਾ ਕੇ ਲਿਖੇ ਗਏ ਸਨ। ਪੱਤਰ ਇਸ ਤਰ੍ਹਾਂ ਪਾਇਆ ਗਿਆ ਜਿਸ ਨਾਲ ਲੱਗ ਰਿਹਾ ਸੀ ਕਿ ਵਿੱਤ ਵਿਭਾਗ ਵਲੋਂ ਜਾਰੀ ਕੀਤਾ ਗਿਆ ਹੋਵੇ। ਜਿਵੇਂ ਹੀ ਅਧਿਆਪਕਾਂ ਨੇ ਇਹ ਪੱਤਰ ਪੜ੍ਹਿਆ ਤਾਂ ਉਨ੍ਹਾਂ ਨੇ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਇਹ ਮਾਮਲਾ ਵਿੱਤ ਵਿਭਾਗ ਦੇ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਵਲੋਂ ਤਾਂ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ, ਜਿਸ ਦੇ ਬਾਅਦ ਵਿਭਾਗ ਹਰਕਤ 'ਚ ਆ ਗਿਆ ਤੇ ਇਹ ਪੱਤਰ ਵੈਬਸਾਈਟ ਤੋਂ ਹਟਾ ਦਿੱਤਾ ਗਿਆ। ਜਿਸ ਦਾ ਵਿੱਤ ਵਿਭਾਗ ਨੇ ਗੰਭੀਰ ਨੋਟਿਸ ਲੈਂਦੇ ਹੋਏ ਪੱਤਰ ਪਾਉਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਸਬੰਧ 'ਚ ਮੁੱਖ ਸਕੱਤਰ ਐੱਸ. ਸੀ. ਅਗਰਵਾਲ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਜਿਸ ਵਿਅਕਤੀ ਵਲੋਂ ਇਹ ਪੱਤਰ ਪਾਇਆ ਗਿਆ ਹੈ ਉਹ ਇਕ ਅਧਿਆਪਕ ਹੈ ਜਿਸ ਦੀ ਪਛਾਣ ਕਰ ਲਈ ਗਈ ਹੈ ਤੇ ਉਸ ਦੇ ਖਿਲਾਫ ਹੁਣ ਪੁਲਸ ਵਲੋਂ ਸਖਤ ਕਾਰਵਾਈ ਕੀਤੀ ਜਾਏਗੀ।
No comments:
Post a Comment