ਜਲੰਧਰ/ਜੰਡੂਸਿੰਘਾ, 10 ਦਸੰਬਰ (ਅਰੋੜਾ)-ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਏ 40ਵੇਂ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲਿਆਂ ਵਿਚ ਅੱਵਲ ਆਉਣ ਵਾਲੀ ਸਰਕਾਰੀ ਕੰਨਿਆ ਹਾਇਰ ਸੈਕੰਡਰੀ ਸਕੂਲ ਪਤਾਰਾ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਵਲੋਂ ਅੱਵਲ ਆ ਕੇ ਜਿਥੇ ਸਵ. ਗੁਰਦਿਆਲ ਸਿੰਘ ਤੇ ਮਾਤਾ ਭਜਨ ਕੌਰ ਦਾਦਾ-ਦਾਦੀ ਦੇ ਨਾਲ-ਨਾਲ ਆਪਣੇ ਪਿਤਾ ਏ. ਐੱਸ. ਆਈ. ਮੁਖਤਿਆਰ ਸਿੰਘ ਉਰਫ ਬਿੰਟੂ ਤੇ ਮਾਤਾ ਸੁਖਵਿੰਦਰ ਕੌਰ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਆਪਣੇ ਨਗਰ ਪਿੰਡ ਜੈਤੇਵਾਲੀ ਦਾ ਨਾਮ ਵੀ ਰਾਜ ਪੱਧਰ ਤੱਕ ਪਹੁੰਚਾਇਆ ਹੈ। ਬੱਚੀ ਸੁਮਨਪ੍ਰੀਤ ਕੌਰ ਦੇ ਇਸ ਉਪਰਾਲੇ ਕਰਕੇ ਤਹਿਲਕਾ ਐਂਟੀ ਕੁਰੱਪਸ਼ਨ ਸੁਸਾਇਟੀ (ਰਜਿ.) ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਰਾਜ ਕੁਮਾਰ ਅਰੋੜਾ, ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਸੰਘਾ ਜੰਡੂਸਿੰਘਾ, ਸਾਬਕਾ ਸਰਪੰਚ ਕਮਲਜੀਤ ਕੌਰ ਤੇ ਉੱਘੇ ਕਾਂਗਰਸੀ ਆਗੂ ਤਰਸੇਮ ਲਾਲ ਪੁਆਰ ਆਦਿ ਨੇ ਕਿਹਾ ਕਿ ਜਿਥੇ ਅੱਜ ਸਾਡੇ ਸਮਾਜ ਵਿਚ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਤੇ ਕਈ ਵਾਰ ਜਨਮ ਹੁੰਦੇ ਹੀ ਮਾਰ ਮੁਕਾਉਣ ਵਿਚ ਪਹਿਲ ਦਿੱਤੀ ਜਾਂਦੀ ਹੈ, ਉਥੇ ਇਸ ਹੋਣਹਾਰ ਬੱਚੀ ਨੇ ਇਹ ਸਨਮਾਨ ਪ੍ਰਾਪਤ ਕਰਕੇ ਖਾਸ ਕਰਕੇ ਅਜਿਹੀ ਸੋਚ ਰੱਖਣ ਵਾਲੇ ਮਾਤਾ-ਪਿਤਾ ਨੂੰ ਇਕ ਸਬਕ ਸਿਖਾਇਆ ਹੈ ਕਿ ਅੱਜ ਧੀਆਂ-ਪੁੱਤਾਂ ਨਾਲੋਂ ਵੀ ਅੱਗੇ ਹਨ ਤੇ ਉਹ ਕਿਸੇ ਵੀ ਕੰਮ ਜਾਂ ਕਿੱਤੇ ਵਿਚ ਕਿਸੇ ਨਾਲੋਂ ਘੱਟ ਨਹੀਂ ਹਨ। ਸਮਾਜ ਦੇ ਕਿਸੇ ਵੀ ਪਾਸੇ ਝਾਤ ਮਾਰ ਲਓ ਤਾਂ ਕੁੜੀਆਂ ਹੀ ਸਭ ਤੋਂ ਮੋਹਰੀ ਕਤਾਰ ਵਿਚ ਦਿਖਾਈ ਦਿੰਦੀਆਂ ਹਨ। ਉਨ੍ਹਾਂ ਨੇ ਬੱਚੀ ਦੇ ਮਾਤਾ-ਪਿਤਾ ਦੇ ਨਾਲ-ਨਾਲ ਪ੍ਰੇਰਿਤ ਕਰਨ ਵਾਲੀ ਸਕੂਲ ਦੀ ਪਿੰ੍ਰਸੀਪਲ ਹਰਜੀਤ ਕੌਰ, ਮਾਸਟਰ ਰੁਪਿੰਦਰਪਾਲ ਸਿੰਘ, ਦਵਿੰਦਰ ਪਰਾਸ਼ਰ ਤੇ ਸਮੁੱਚੇ ਸਟਾਫ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਮਨੋਹਰ ਲਾਲ, ਦੀਦਾਰ ਕੌਰ, ਕੁਲਵੰਤ ਕੌਰ, ਨਰੇਸ਼ ਕੁਮਾਰ ਤੇ ਕਰਨਵੀਰ ਸਿੰਘ ਆਦਿ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਸੁਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਅੱਗੇ ਵੱਧ ਕੇ ਮੱਲਾਂ ਮਾਰਨ ਲਈ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਦੱਸਣਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਪੂਰੇ ਸੂਬੇ ਤੋਂ ਹੀ ਕਰੀਬ 850 ਸਕੂਲੀ ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਸੁਮਨਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਮਹਿਸੂਸ ਕੀਤਾ।