ਨਗਰ ਕੀਰਤਨ ਦੌਰਾਨ ਹੰਗਾਮਾ

ਜਲੰਧਰ, 30 ਦਸੰਬਰ --ਛਾਉਣੀ ਵਿਚ ਸ਼ੁੱਕਰਵਾਰ ਨੂੰ ਕੱਢੇ ਗਏ ਨਗਰ ਕੀਰਤਨ ਦੌਰਾਨ ਗੱਤਕਾ ਖੇਡ ਰਹੇ ਇਕ ਸਿੱਖ ਨੌਜਵਾਨ 'ਤੇ ਕੁਝ ਸ਼ਰਾਰਤੀ ਲੋਕਾਂ ਵਲੋਂ ਸਿਗਰਟ ਦਾ ਧੂੰਆਂ ਛੱਡਣਾ ਤੇ ਪਾਲਕੀ ਸਾਹਿਬ ਉੱਪਰ ਕੀਤੇ ਗਏ ਪਥਰਾਅ ਤੋਂ ਭੜਕੇ ਸਿੱਖ ਭਾਈਚਾਰੇ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਰ ਰਾਤ ਤੱਕ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੂਰੀ ਛਾਉਣੀ ਵਿਚ ਸਥਿਤੀ ਤਣਾਅਪੂਰਨ ਬਣੀ ਰਹੀ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਸਿੱਖ ਨੌਜਵਾਨ ਦੀ ਦਾੜੀ ਖਿੱਚਣਾ ਤੇ ਉਨ੍ਹਾਂ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਰਾਮਾ ਮੰਡੀ ਚੌਕ ਵਿਚ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਵਲੋਂ ਇਨਸਾਫ ਲਈ ਭਰੋਸਾ ਦਿੱਤਾ ਤੇ ਉਹ ਛਾਉਣੀ ਥਾਣੇ ਵਿਚ ਗੱਲਬਾਤ ਲਈ ਆ ਗਏ। ਰਾਤ ਤੱਕ ਥਾਣੇ ਵਿਚ ਸਿੱਖ ਭਾਈਚਾਰੇ ਦੀ ਕਾਫੀ ਭੀੜ ਜਮ੍ਹਾ ਰਹੀ। ਜਾਣਕਾਰੀ ਅਨੁਸਾਰ ਛਾਉਣੀ ਵਿਚ ਕੱਢੇ ਗਏ ਨਗਰ ਕੀਰਤਨ ਦੀ ਸਮਾਪਤੀ ਦੌਰਾਨ ਮੁਹੱਲਾ ਨੰ. 32 ਵਿਚ ਪਹੁੰਚਣ 'ਤੇ ਸਿੱਖ ਨੌਜਵਾਨ ਗੱਤਕਾ ਖੇਡ ਰਹੇ ਸਨ। ਉਥੋਂ ਮੋਟਰਸਾਈਕਲ 'ਤੇ ਜਾ ਰਹੇ ਇਕ ਨੌਜਵਾਨ ਦੇ ਗੱਤਕੇ ਦੀ ਤਲਵਾਰ ਅਚਾਨਕ ਲੱਗ ਗਈ। ਨੌਜਵਾਨ ਨੇ ਇਸ ਗੱਲ ਨੂੰ ਲੈ ਕੇ ਸਿੱਖ ਨੌਜਵਾਨ ਨਾਲ ਬਹਿਸ ਕਰ ਦਿੱਤੀ। ਆਪਣੀ ਸਿਗਰਟ ਦਾ ਧੂੰਆਂ ਉਸਦੇ ਮੂੰਹ 'ਤੇ ਸੁੱਟ ਦਿੱਤਾ। ਨੌਜਵਾਨ ਦੇ ਦੋ ਹੋਰ ਸਾਥੀ ਉਥੇ ਪਹੁੰਚ ਗਏ। ਉੁਕਤ ਨੌਜਵਾਨ ਨੇ ਇਸ ਦੌਰਾਨ ਗੱਤਕਾ ਖੇਡ ਰਹੇ ਨੌਜਵਾਨ ਦੀ ਦਾੜੀ ਤੱਕ ਵੀ ਖਿੱਚ ਦਿੱਤੀ, ਜਿਸ ਤੋਂ ਬਾਅਦ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਨੂੰ ਕਾਫੀ ਠੇਸ ਪਹੁੰਚੀ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਉਸਦੇ ਸਾਥੀ ਨੌਜਵਾਨ ਨੇ ਇਸ ਬਾਰੇ ਪੂਰੇ ਮੁਹੱਲੇ ਵਾਲਿਆਂ ਨੂੰ ਦੱਸਿਆ। ਉਨ੍ਹਾਂ ਨੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਨਗਰ ਕੀਰਤਨ 'ਚ ਸ਼ਾਮਲ ਪਾਲਕੀ ਸਾਹਿਬ ਤੇ ਸੰਗਤਾਂ 'ਤੇ ਪਥਰਾਓ ਕਰਨਾ ਸ਼ੁਰੂ ਕਰ ਦਿੱਤਾ। ਵਿਗੜੀ ਸਥਿਤੀ ਦਾ ਫਾਇਦਾ ਚੁਕਦੇ ਹੋਏ ਸਿੱਖ ਭਾਈਚਾਰੇ ਵਲੋਂ ਕਾਬੂ ਕੀਤਾ ਨੌਜਵਾਨ ਉਥੇ ਫਰਾਰ ਹੋਣ 'ਚ ਸਫਲ ਹੋ ਗਿਆ। ਸਿੱਖ ਭਾਈਚਾਰੇ ਦੇ ਲੋਕਾਂ ਨੇ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਦੇਖ ਕੇ ਫਰਾਰ ਨੌਜਵਾਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਤਲਵਾਰਾਂ ਹੱਥਾਂ ਵਿਚ ਲੈ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਛਾਉਣੀ 'ਚ ਤਣਾਅਪੂਰਨ ਸਥਿਤੀ ਬਣਨ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-2 ਗਗਨਅਜੀਤ ਸਿੰਘ ਤੇ ਏ. ਸੀ..ਪੀ. ਕੈਂਟ ਬਲਕਾਰ ਸਿੰਘ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਪੁਲਸ ਅਧਿਕਾਰੀ ਕਾਫੀ ਦੇਰ ਤੱਕ ਸਿੱਖ ਸਮਾਜ ਦੇ ਲੋਕਾਂ ਨੂੰ ਸ਼ਾਂਤ ਕਰਨ ਵਿਚ ਲੱਗੇ ਰਹੇ ਪਰ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ। ਸਿੱਖ ਸਮਾਜ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਅੜਿਆ ਰਿਹਾ ਕਿ 3 ਨੌਜਵਾਨਾਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਉਹ ਸ਼ਾਂਤ ਹੋਣਗੇ। ਸਿੱਖ ਭਾਈਚਾਰਾ ਥਾਣੇ ਵਿਚ ਹੀ ਮੌਜੂਦ ਸੀ ਪਰ ਕੋਈ ਫੈਸਲਾ ਨਹੀਂ ਹੋ ਸਕਿਆ ਸੀ। ਕੋਈ ਵੀ ਆਗੂ ਨਹੀਂ ਦਿਖਾਈ ਦਿੱਤਾ -ਕਹਿਣ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਕਾਂਗਰਸ ਤੇ ਅਕਾਲੀ ਦਲ ਦੋਵੇਂ ਮਿਲ ਕੇ ਕਰੀਬ 2 ਦਰਜਨ ਆਗੂ ਛਾਉਣੀ ਹਲਕੇ ਤੋਂ ਟਿਕਟ ਹਾਸਲ ਕਰਨ ਵਿਚ ਤਰਲੋ-ਮੱਛੀ ਹੋ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਧਾਰਮਿਕ ਆਯੋਜਨ ਕਾਰਨ ਛਾਉਣੀ ਖੇਤਰ ਵਿਚ ਕਈ ਘੰਟੇ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ ਪਰ ਦੋਵਾਂ ਵਿਚੋਂ ਕਿਸੇ ਵੀ ਪਾਰਟੀ ਦਾ ਆਗੂ ਉਥੇ ਨਹੀਂ ਆਇਆ।
No comments:
Post a Comment