ਜਲੰਧਰ, 30 ਦਸੰਬਰ —ਭਾਜਪਾ ਵਲੋਂ ਟਿਕਟਾਂ ਦੇ ਐਲਾਨ ਦਾ ਕੰਮ 2 ਜਨਵਰੀ ਤੱਕ ਲਈ ਲਟਕ ਗਿਆ ਹੈ ਪਰ ਇਸ ਦੌਰਾਨ ਪਾਰਟੀ ਵਿਚ ਸੰਭਾਵਿਤ ਬਦਲਾਅ ਲਈ ਚਰਚਾਵਾਂ ਦਾ ਬਾਜ਼ਾਰ ਖੂਬ ਗਰਮ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੂੰ ਮੈਦਾਨ ਵਿਚ ਉਤਾਰਨ ਲਈ ਸਿੱਧੂ ਵਲੋਂ ਕੋਸ਼ਿਸ਼ ਜਾਰੀ ਹੈ। ਬੇਸ਼ੱਕ ਸਿੱਧੂ ਖੁੱਲ੍ਹੇ ਤੌਰ 'ਤੇ ਟਿਕਟ ਲਈ ਹਾਮੀ ਨਹੀਂ ਭਰ ਰਹੇ ਹਨ ਪਰ ਅੰਦਰਖਾਤੇ ਕੋਸ਼ਿਸ਼ ਜਾਰੀ ਹੈ।
ਸਿੱਧੂ ਤੋਂ ਬਾਅਦ ਇਕ ਹੋਰ ਸਟਾਰ ਪ੍ਰਚਾਰਕ ਤੇ ਸਾਬਕਾ ਸੰਸਦ ਮੈਂਬਰ ਦੀ ਪਤਨੀ ਨੂੰ ਟਿਕਟ ਦੇਣ ਲਈ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਠਾਨਕੋਟ ਤੋਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਅਤੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਰਮਿਆਨ ਟਿਕਟ ਨੂੰ ਲੈ ਕੇ ਆਪਣੇ-ਆਪਣੇ ਪੱਧਰ 'ਤੇ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਇਸ ਸੀਟ 'ਤੇ ਹੁਣ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਚੋਣ ਲੜਨ 'ਤੇ ਵੀ ਵਿਚਾਰ ਸ਼ੁਰੂ ਹੋ ਗਿਆ ਹੈ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਮਾਸਟਰ ਮੋਹਨ ਲਾਲ ਦੀ ਟਿਕਟ ਜੇਕਰ ਕੱਟ ਕੇ ਸ਼ਰਮਾ ਨੂੰ ਦਿੱਤੀ ਜਾਂਦੀ ਹੈ ਤਾਂ ਕਿਸੇ ਹੱਦ ਤੱਕ ਪਾਰਟੀ ਵਿਚ ਵਿਰੋਧੀ ਸੁਰ ਬੜਬੋਲੇ ਹੋ ਸਕਦੇ ਹਨ ਪਰ ਜੇਕਰ ਇਹ ਟਿਕਟ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਦਿੱਤੀ ਜਾਂਦੀ ਹੈ ਤਾਂ ਚੇਹਰਾ ਵੀ ਬਦਲਿਆ ਜਾਵੇਗਾ ਅਤੇ ਵਿਰੋਧ ਵੀ ਜ਼ਿਆਦਾ ਨਹੀਂ ਰਹੇਗਾ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਗੁਰਦਾਸਪੁਰ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਵਿਨੋਦ ਖੰਨਾ ਦਾ ਕਾਫੀ ਪ੍ਰਭਾਵ ਹੈ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਜਿਸ ਤਰ੍ਹਾਂ ਇਕ-ਇਕ ਸੀਟ ਦੀ ਜਿੱਤ ਨੂੰ ਲੈ ਕੇ ਖੁਦ ਨਜ਼ਰ ਰੱਖ ਰਹੇ ਹਨ, ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਤਰ੍ਹਾਂ ਦੇ ਕਈ ਬਦਲਾਅ ਵੀ ਸਾਹਮਣੇ ਆ ਸਕਦੇ ਹਨ