ਪਹਿਲਾਂ ਵੱਡਿਆਂ ਵਲੋਂ ਛੋਟਿਆਂ ਨਾਲ ਅਤੇ ਛੋਟਿਆਂ ਵਲੋਂ ਵੱਡਿਆਂ ਨਾਲ ਸ਼ਾਲੀਨਤਾ ਭਰਿਆ ਵਿਵਹਾਰ ਕੀਤਾ ਜਾਂਦਾ ਸੀ। ਵੱਡੇ ਧਿਆਨ ਰੱਖਦੇ ਸਨ ਕਿ ਕੱਲ ਨੂੰ ਛੋਟਿਆਂ ਦੁਆਰਾ ਉਨ੍ਹਾਂ ਦਾ ਅਨੁਸਰਣ ਕੀਤਾ ਜਾਵੇਗਾ ਅਤੇ ਛੋਟੇ ਆਪਣੇ-ਆਪ ਨੂੰ ਵੱਡਿਆਂ ਦੀਆਂ ਨਜ਼ਰਾਂ ਵਿਚ ਆਦਰਯੋਗ ਬਣਾਈ ਰੱਖਣ ਲਈ ਸ਼ਾਲੀਨ ਬਣੇ ਰਹਿੰਦੇ ਸਨ। ਕੀ ਮਜ਼ਾਲ ਸੀ ਕਿ ਕਿਸੇ ਬਜ਼ੁਰਗ ਦੇ ਸਾਹਮਣੇ ਜ਼ੁਬਾਨ ਜਾਂ ਅੰਦਾਜ਼ ਰਤਾ ਕੁ ਵੀ ਆਜ਼ਾਦੀ ਲੈ ਜਾਵੇ।
ਉਂਝ ਤਾਂ ਹਰ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਯਥਾ-ਸੰਭਵ ਮਰਿਆਦਾ ਦਾ ਪਾਠ ਪੜ੍ਹਾਉਂਦੀ ਹੈ। ਇਸੇ ਲਈ ਸਮਾਜਿਕ ਜਾਂ ਸੱਭਿਆਚਾਰਕ ਪੱਖ ਤੋਂ ਕੋਈ ਬਦਲਾਅ ਵਾਪਰਦਾ ਹੈ ਤਾਂ ਪੁਰਾਣੀ ਪੀੜ੍ਹੀ ਉਸਨੂੰ ਸੰਸਿਆਂ ਨਾਲ ਹੀ ਤੱਕਦੀ ਹੈ। ਮਨੋਰੰਜਨ ਦੇ ਖੇਤਰ ਵਿਚ ਵੀ ਜਦੋਂ ਸਿਨੇਮਾ ਸ਼ੁਰੂ ਹੋਇਆ ਸੀ ਤਾਂ ਇਸਦੇ ਰਾਹੀਂ ਨਵੀਆਂ-ਪੁਰਾਣੀਆਂ ਪ੍ਰੀਤ ਕਹਾਣੀਆਂ ਦਿਖਾਈਆਂ ਗਈਆਂ। ਰੇਡੀਓ ਰਾਹੀਂ ਸਿਨੇਮਾ ਦੇ ਗੀਤ ਘਰ-ਘਰ ਵੱਜਣ ਲੱਗੇ ਤਾਂ ਬਜ਼ੁਰਗਾਂ ਨੇ ਇਸਨੂੰ ਸਹਿਜੇ ਹੀ ਸਵੀਕਾਰ ਨਹੀਂ ਸੀ ਕਰ ਲਿਆ ਕਿਉਂਕਿ ਇਹ ਤਬਦੀਲੀ ਉਨ੍ਹਾਂ ਨੂੰ ਸਥਾਪਿਤ ਮਰਿਆਦਾ 'ਤੇ ਚੋਟ ਵਾਂਗ ਜਾਪੀ ਸੀ। ਹੌਲੀ-ਹੌਲੀ ਇਹ ਸਭ ਚੱਲਦਾ ਰਿਹਾ। ਸਾਡਾ ਮਨੋਰੰਜਨ ਜਗਤ ਥੋੜ੍ਹੀਆਂ-ਥੋੜ੍ਹੀਆਂ ਕਰਕੇ ਬਹੁਤੀਆਂ ਖੁੱਲ੍ਹਾਂ ਲੈਣ ਲੱਗ ਪਿਆ ਪਰ ਅੱਜ ਵਾਂਗ ਹਾਲਾਤ ਕਦੇ ਨਹੀਂ ਸਨ ਵਿਗੜੇ। ਫ਼ਿਲਮਾਂ ਵਿਚ ਸਿਰਫ਼ ਅਸ਼ਲੀਲਤਾ ਪਰੋਸਣ ਲਈ ਜੋ ਆਈਟਮ ਨੰਬਰਾਂ ਦਾ ਚਲਨ ਸ਼ੁਰੂ ਹੋਇਆ ਹੈ, ਇਸ ਦਾ ਕੀ ਮਤਲਬ ਹੈ? ਫ਼ਿਲਮਕਾਰ ਦਰਸ਼ਕਾਂ ਦੀ ਮੰਗ ਦਾ ਬਹਾਨਾ ਬਣਾਉਂਦੇ ਹਨ ਤੇ ਦਰਸ਼ਕ 'ਜੋ ਦਿਖਾਇਆ ਜਾ ਰਿਹਾ ਹੈ, ਉਹੀ ਤਾਂ ਦੇਖਾਂਗੇ' ਦਾ ਬਹਾਨਾ ਬਣਾ ਕੇ ਮਾਸੂਮ ਬਣ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀ ਤੋਂ ਮੁਨਕਰ ਹੋ ਰਹੇ ਹਨ। ਫ਼ਿਲਮਾਂ ਦੇ ਗਾਣੇ, ਉਨ੍ਹਾਂ ਦੇ ਬੋਲ, ਉਨ੍ਹਾਂ ਦਾ ਨਿਭਾਅ, ਨ੍ਰਿਤ ਦੀ ਪੇਸ਼ਕਾਰੀ, ਕਿਤੇ ਵੀ ਸੁਹਜ ਨਹੀਂ ਲੱਭਦਾ, ਫੂਹੜਤਾ ਤੇ ਬੇਹੂਦਗੀ ਦਾ ਪਸਾਰਾ ਹੈ। ਕਲਾ ਦੇ ਨਾਮ 'ਤੇ ਜੋ ਕੁਝ ਵਾਪਰ ਰਿਹਾ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਫ਼ਿਲਮਾਂ ਦੇ ਡਾਇਲਾਗ ਦੂਹਰੇ ਅਰਥਾਂ ਨੂੰ ਪ੍ਰਗਟਾਉਂਦੇ ਹਨ। ਕਿਤੇ ਨਾ ਕਿਤੇ ਇਹ ਸਾਡੀ ਦੂਹਰੀ ਮਾਨਸਿਕਤਾ ਨੂੰ ਪ੍ਰਗਟਾਉਂਦੇ ਹਨ। ਆਖਿਰ ਅਸੀਂ ਹੀ ਤਾਂ ਇਸ ਚਲਨ ਨੂੰ ਦਹਾਕਿਆਂ ਤੋਂ ਅਪਣਾਇਆ ਹੋਇਆ ਹੈ।
ਅੱਜ ਮਨੋਰੰਜਨ ਦੀ ਦੁਨੀਆ ਵਿਚ ਟੀ. ਵੀ. ਦੀ ਸਰਦਾਰੀ ਹੈ। ਟੀ. ਵੀ. ਦੇ ਕਾਮੇਡੀ ਸ਼ੋਅ ਸਾਫ਼-ਸੁਥਰੀ ਕਾਮੇਡੀ ਦੇਣ ਤੋਂ ਅਸਮਰੱਥ ਜਾਪਦੇ ਹਨ। ਐਂਕਰ ਕੁੜੀਆਂ ਦਾ ਲਿਬਾਸ ਸ਼ਾਲੀਨਤਾ ਗੁਆ ਬੈਠਾ ਹੈ। ਉਨ੍ਹਾਂ ਨੂੰ ਲੱਗਭਗ ਹਰ ਪ੍ਰਤੀਯੋਗੀ ਦੇ ਅਭੱਦਰ ਬੋਲਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਉਹ ਮੁਸਕਰਾ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਦੀ ਕਾਹਦੀ ਮਜਬੂਰੀ ਹੈ। ਐਂਕਰ ਆਪਣੀ ਦਮਦਾਰ ਆਵਾਜ਼, ਭਾਸ਼ਾ ਦੀ ਖ਼ੂਬਸੂਰਤੀ, ਲਫਜ਼ਾਂ ਦੀ ਅਦਾਇਗੀ ਤੇ ਹਾਜ਼ਰ-ਜੁਆਬੀ ਨਾਲ ਦਰਸ਼ਕਾਂ ਅਤੇ ਪੇਸ਼ਕਾਰਾਂ ਦੇ ਦਰਮਿਆਨ ਇਕ ਪੁਲ ਦਾ ਕੰਮ ਕਰੇ ਨਾ ਕਿ ਅਭੱਦਰ ਲਿਬਾਸ ਨਾਲ ਫੋਕੀ ਟੌਹਰ ਬਣਾਉਣ ਦੀ ਕੋਸ਼ਿਸ਼ ਕਰੇ।
ਟੀ. ਵੀ. ਉਪਰ ਵਿਖਾਏ ਜਾ ਰਹੇ ਇਸ਼ਤਿਹਾਰ ਵੀ ਵੱਧ ਤੋਂ ਵੱਧ ਉਕਸਾਊ ਬਣ ਰਹੇ ਹਨ। ਬਿਨਾਂ ਇਹ ਸੋਚਿਆਂ ਕਿ ਪ੍ਰੋਡਕਟ ਦਾ ਕੰਮ ਤੇ ਉਦੇਸ਼ ਕੀ ਹੈ, ਖਾਹ-ਮ-ਖਾਹ ਉਸਨੂੰ ਕਾਮੁਕਤਾ ਨਾਲ ਜੋੜਿਆ ਜਾ ਰਿਹਾ ਹੈ। ਕੀ ਐਡ-ਫ਼ਿਲਮਾਂ ਕੋਲ ਚੀਜ਼ ਵੇਚਣ ਦਾ ਇਹੋ ਇਕ ਸਾਧਨ ਰਹਿ ਗਿਆ ਹੈ। ਇਸ ਦਾ ਸਾਡੀ ਨੌਜੁਆਨ ਪੀੜ੍ਹੀ 'ਤੇ ਬਹੁਤ ਘਾਤਕ ਅਸਰ ਹੋ ਰਿਹਾ ਹੈ। ਇਸ ਤਰ੍ਹਾਂ ਦੇ ਇਸ਼ਤਿਹਾਰਾਂ ਉਪਰ ਫੌਰੀ ਤੌਰ 'ਤੇ ਰੋਕ ਲੱਗਣੀ ਚਾਹੀਦੀ ਹੈ।
ਪੰਜਾਬੀ ਭਾਸ਼ੀ ਦਰਸ਼ਕਾਂ ਨੂੰ ਤਾਂ ਟੀ. ਵੀ. ਅਤੇ ਵੀਡੀਓ ਕਲਚਰ ਅਸ਼ਲੀਲਤਾ ਦੀ ਡਬਲ ਡੋਜ਼ ਨਾਲ ਨਿਵਾਜ ਰਿਹਾ ਹੈ। ਸਾਡੇ ਕੋਲ 'ਮਾਂ ਬੋਲੀ ਦੀ ਸੇਵਾ ਵਿਚ ਜੁੜੇ ਗਾਇਕਾਂ?' ਦਾ ਹੜ੍ਹ ਜੁ ਆ ਗਿਆ ਹੈ। ਪੰਜਾਬੀ ਸੱਭਿਆਚਾਰ ਦੇ ਨਾਂ 'ਤੇ ਪੰਜਾਬੀ ਗਾਣਿਆਂ ਦੀ ਜੋ ਦੁਰਗਤ ਹੋ ਰਹੀ ਹੈ, ਕੀ ਇਸਦੀ ਕਦੇ ਕਲਪਨਾ ਵੀ ਕੀਤੀ ਸੀ? ਗਾਣਿਆਂ ਦੇ ਪੰਜਾਬੀ ਬੋਲ ਅਤੇ ਨੰਗੇਜ ਭਰਪੂਰ ਉਕਸਾਊ ਨਾਚਾਂ ਵਿਚ ਕੀ ਸੰਬੰਧ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਬੋਲ ਕੀ ਕਹਿੰਦੇ ਹਨ? ਨਾਚ ਕੀ ਦਿਖਾ ਰਹੇ ਹਨ? ਇਕ ਸੰਵੇਦਨਸ਼ੀਲ ਵਿਅਕਤੀ ਇਹ ਤਮਾਸ਼ਾ ਦੇਖ ਕੇ ਸਿਰ ਫੜ ਕੇ ਬਹਿ ਜਾਂਦਾ ਹੈ। ਠੀਕ ਹੈ, ਜਦੋਂ ਕਲਾ ਮਿਸ਼ਰਿਤ ਰੂਪ ਵਿਚ ਪ੍ਰਸਤੁਤ ਹੁੰਦੀ ਹੈ ਤਾਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਪੁਰਾਣੇ ਜ਼ਮਾਨੇ ਵਿਚ ਨਾਟਕ ਪੰ੍ਰਪਰਾ ਇਸੇ ਲਈ ਇੰਨੀ ਪ੍ਰਫੁੱਲਿਤ ਹੋਈ ਸੀ ਕਿ ਇਸ ਵਿਚ ਗੀਤ, ਸੰਗੀਤ, ਨ੍ਰਿਤ, ਅਭਿਨੈ, ਰੰਗ-ਮੰਚ ਆਦਿ ਕਈ ਕਲਾਵਾਂ ਦਾ ਸੁਮੇਲ ਹੁੰਦਾ ਸੀ। ਸੁਮੇਲ ਕਰੋ, ਅੱਜ ਵੀ ਕਰੋ ਪਰ ਸਾਰਥਕ ਤੇ ਸਾਊ ਦ੍ਰਿਸ਼ਾਂ ਨਾਲ, ਜਿਸਨੂੰ ਇਕ ਪਰਿਵਾਰ ਸਾਂਝੇ ਤੌਰ 'ਤੇ ਦੇਖ-ਸੁਣ ਸਕੇ। ਦ੍ਰਿਸ਼ਾਂ ਦੀ ਗੱਲ ਛੱਡ ਕੇ ਜੇ ਬੋਲਾਂ ਦੀ ਗੱਲ ਕਰੀਏ, ਕਈ ਵਾਰ ਗੀਤਾਂ ਦੇ ਬੋਲ ਇੰਨੇ ਅਸ਼ਲੀਲ ਹੁੰਦੇ ਹਨ ਤੇ ਬੱਸਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ 'ਤੇ ਇੰਨੀ ਬੇਸ਼ਰਮੀ ਨਾਲ ਸੁਣਾਏ ਜਾਂਦੇ ਹਨ ਕਿ ਧੀਆਂ-ਭੈਣਾਂ ਲਈ ਉਸ ਥਾਂ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ।
ਇਥੇ ਹੀ ਬਸ ਨਹੀਂ, ਬਾਜ਼ਾਰਾਂ, ਸਿਨੇਮਾਘਰਾਂ ਦੇ ਬਾਹਰ, ਕੈਸੇਟਾਂ ਦੀਆਂ ਦੁਕਾਨਾਂ ਦੇ ਬਾਹਰ ਨੰਗੇਜ ਦਾ ਖੁੱਲ੍ਹੇਆਮ ਪ੍ਰਦਰਸ਼ਨ ਕਰਦੇ ਪੋਸਟਰ ਮਿਲ ਜਾਣਗੇ।  ਮੋਬਾਈਲ ਫੋਨਾਂ ਉਪਰ ਅਸ਼ਲੀਲ ਐੱਸ. ਐੱਮ. ਐੱਮ. ਤੇ ਐੱਮ. ਐੱਮ. ਐੱਸ. ਦਾ ਆਦਾਨ-ਪ੍ਰਦਾਨ ਬੇਧੜਕ ਹੋ ਕੇ ਕੀਤਾ ਜਾ ਰਿਹਾ ਹੈ। ਇੰਟਰਨੈੱਟ ਉਪਰ ਅਸ਼ਲੀਲ ਸਾਈਟਾਂ ਦਾ ਬੋਲਬਾਲਾ ਹੈ। ਫੇਸ-ਬੁੱਕ ਆਦਿ ਉਪਰ ਵੀ ਅਜਿਹੀਆਂ ਦਿਲਚਸਪੀਆਂ ਸ਼ੇਅਰ  ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ।
ਅੱਜ ਪਹਿਰਾਵੇ ਦੀ ਮਰਿਆਦਾ ਵੀ ਭ੍ਰਿਸ਼ਟ ਹੋ ਰਹੀ ਹੈ। ਸਾਡੇ ਹੀਰੋ ਸ਼ਰਟਲੈੱਸ ਹੋਣ 'ਚ ਮਾਣ ਮਹਿਸੂਸ ਕਰਦੇ ਹਨ ਤਾਂ ਸਾਡੀਆਂ ਹੀਰੋਇਨਾਂ ਬੈਕਲੈੱਸ ਪਹਿਨਣ ਨੂੰ ਫੈਸ਼ਨ ਦਾ ਚਿੰਨ੍ਹ ਮੰਨਦੀਆਂ ਹਨ। ਤਨ ਦੇ ਕੱਪੜੇ ਘਟਦੇ-ਘਟਦੇ ਘਟੀ ਜਾ ਰਹੇ ਹਨ। ਭਾਵੇਂ ਅੱਜ ਦੇ ਜ਼ਮਾਨੇ ਵਿਚ ਨਾ ਬੁਰਕਿਆਂ ਦੀ ਲੋੜ ਹੈ ਤੇ ਨਾ ਘੁੰਡ ਦੀ ਪਰ ਇਹ ਤਾਂ ਯਾਦ ਰੱਖਿਆ ਹੀ ਜਾਣਾ ਚਾਹੀਦਾ  ਹੈ ਕਿ ਪਹਿਰਾਵਾ ਸਰੀਰ ਢਕਣ ਲਈ ਹੈ, ਨਾ ਕਿ ਸਰੀਰ ਦਿਖਾਉਣ ਲਈ।
ਸਭ ਤੋਂ ਖ਼ਤਰਨਾਕ ਹੈ ਭਾਸ਼ਾ ਵਿਚ ਵਧ ਰਹੀ ਅਭੱਦਰਤਾ। ਫ਼ਿਲਮਾਂ ਵਿਚ ਯਥਾਰਥ ਸਿਰਜਣਾ ਦੇ ਨਾਂ 'ਤੇ ਗਾਲ੍ਹੀ-ਗਲੋਚ ਸੁਣਾਇਆ ਜਾ ਰਿਹਾ ਹੈ ਤੇ ਆਮ ਵਰਤਾਰੇ ਵਿਚ ਗਾਲ੍ਹੀ-ਗਲੋਚ ਆਮ ਗੱਲ ਹੋ ਗਈ ਹੈ। ਅਨਪੜ੍ਹ, ਪੜ੍ਹੇ-ਲਿਖੇ ਸਭ ਲੋਕ ਭਾਸ਼ਾ ਦਾ ਸੰਜਮ ਭੁੱਲ  ਬੈਠੇ ਹਨ। ਅੱਜ ਜਦੋਂਕਿ ਇਸਤਰੀਆਂ ਤੇ ਪੁਰਸ਼ ਦਫ਼ਤਰਾਂ ਵਿਚ ਇਕੱਠੇ ਕੰਮ ਕਰਦੇ ਹਨ, ਕੁੜੀਆਂ-ਮੁੰਡੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਇਕੱਠੇ ਪੜ੍ਹ ਰਹੇ ਹਨ ਤਾਂ ਭਾਸ਼ਾ ਦਾ ਜ਼ਬਤ ਬਹੁਤ ਜ਼ਰੂਰੀ ਹੈ ਪਰ ਆਧੁਨਿਕਤਾ ਦੇ ਨਾਂ 'ਤੇ ਕੁਝ ਜ਼ਿਆਦਾ ਹੀ ਖੁੱਲ੍ਹ ਲਈ ਜਾ ਰਹੀ ਹੈ। 'ਹੌਟ', 'ਸੈਕਸੀ' ਆਦਿ ਸ਼ਬਦ ਨਿਰਸੰਕੋਚ ਵਰਤੇ ਜਾ ਰਹੇ ਹਨ। ਇਹ ਵੀ ਫ਼ਿਲਮਾਂ ਤੇ ਟੀ. ਵੀ. ਦਾ ਹੀ ਅਸਰ ਹੈ।  ਇਹ ਵੀ ਸੱਚ ਹੈ ਕਿ ਅਸ਼ਲੀਲਤਾ ਦਾ ਪ੍ਰਸਾਰ ਕਰਨ ਵਾਲੇ ਚੰਦ ਲੋਕ ਹੀ ਹਨ, ਜੋ ਆਪਣੀ ਕਿਸੇ ਮਾਨਸਿਕ ਕੁੰਠਾ ਦੀ ਵਜ੍ਹਾ ਕਰਕੇ ਅਤਿ ਦੇ ਲਾਲਚੀ ਹੋ ਕੇ ਸਮਾਜ ਤੇ ਕੌਮ ਨਾਲ ਧ੍ਰੋਹ ਕਮਾ ਰਹੇ ਹਨ। ਅਸ਼ਲੀਲਤਾ ਦਾ ਪ੍ਰਸਾਰ ਕਰਕੇ ਉਹ ਆਪਣੀ ਹੋਛੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ ਤੇ ਭੁੱਲ ਜਾਂਦੇ ਹਨ ਕਿ ਉਨ੍ਹਾਂ ਵਰਗੀ ਮਾਨਸਿਕਤਾ ਵਾਲੇ ਦਰਸ਼ਕਾਂ/ ਸਰੋਤਿਆਂ ਦਾ ਦਾਇਰਾ ਅਤਿ ਸੀਮਤ ਹੈ, ਬਾਕੀ ਸਭ ਲੋਕਾਂ ਨੂੰ ਤਾਂ ਐਵੇਂ ਚਿੱਕੜ ਵਿਚ ਪੈਰ ਧਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਫਿਕਰ ਦੀ ਗੱਲ ਹੈ ਕਿ ਅਸੀਂ ਭਾਰਤ ਦੀ ਗੌਰਵਮਈ ਪੰ੍ਰਪਰਾ ਦੇ ਵਾਰਿਸ ਕਿੱਧਰ ਨੂੰ ਜਾ ਰਹੇ ਹਾਂ। ਪ੍ਰੋ. ਪੂਰਨ ਸਿੰਘ ਵਰਗੇ ਮਹਾਨ ਕਵੀ ਅਜਿਹੇ ਪੰਜਾਬ ਨੂੰ ਕੂਕਦੇ ਰਹੇ ਜਿਥੇ ਧੀ-ਭੈਣ ਦੀ ਇੱਜ਼ਤ ਹੋਵੇ, ਮਾਣ ਹੋਵੇ, ਮਰਿਆਦਾ ਹੋਵੇ ਪਰ ਅੱਜ ਸਮਾਜ ਦਾ ਹਰ ਵਿਅਕਤੀ ਅਸ਼ਲੀਲਤਾ ਦੇ ਵਰਤਾਰੇ ਵਿਚ ਚਾਹੇ-ਅਣਚਾਹੇ ਗ੍ਰੱਸਿਆ ਪਿਆ ਹੈ। ਕਿਧਰੇ ਮਨੋਰੰਜਨ ਦੇ ਨਾਂ 'ਤੇ, ਕਿਧਰੇ ਸਟੇਟਸ ਜਾਂ ਆਧੁਨਿਕਤਾ ਦੇ ਨਾਂ 'ਤੇ ਬੇਹੂਦਾਪਨ ਹਾਵੀ ਹੋ ਰਿਹਾ ਹੈ। 'ਕੀ ਫ਼ਰਕ ਪੈਂਦਾ ਹੈ', 'ਚੱਲਦਾ ਹੈ' ਵਰਗੀ ਸੋਚ ਨਾਲ ਅਸੀਂ ਅਗਲੀ ਪੀੜ੍ਹੀ ਨੂੰ ਨਿਘਾਰ ਵੱਲ ਧਕੇਲ ਰਹੇ ਹਾਂ। ਆਧੁਨਿਕਤਾ ਦੇ ਨਾਂ 'ਤੇ ਜੇ ਇੰਨੀਆਂ ਖੁੱਲ੍ਹਾਂ ਲਵਾਂਗੇ ਤਾਂ ਬਰਬਾਦ ਹੋ ਜਾਵਾਂਗੇ। ਸੋ ਹੁਣ ਤੋਂ ਹੀ ਜਾਗਣ ਦੀ ਲੋੜ ਹੈ।