ਬਾਬਾ ਪਿਆਰਾ ਸਿੰਘ ਭਨਿਆਰਾਂਵਾਲਾ 'ਤੇ ਜਾਨਲੇਵਾ ਹਮਲਾ
Publish Date: Oct 28, 3:57 AM | Views (1228)

Text size



ਨੂਰਪੁਰਬੇਦੀ, 27 ਅਕਤੂਬਰ (ਅਵਿਨਾਸ਼, ਕੁਲਦੀਪ, ਭੰਡਾਰੀ)-ਨੂਰਪੁਰਬੇਦੀ ਖੇਤਰ ਵਿਖੇ ਪਿੰਡ ਧਮਾਣਾ ਵਿਖੇ ਬਾਬਾ ਪਿਆਰਾ ਸਿੰਘ ਭਨਿਆਰਾਂਵਾਲੇ ਦੇ ਡੇਰੇ 'ਤੇ ਅੱਜ 3 ਅਣਪਛਾਤੇ ਨੌਜਵਾਨਾਂ ਨੇ ਬਾਬਾ ਪਿਆਰਾ ਸਿੰਘ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾਕ੍ਰਮ ਅਨੁਸਾਰ ਅੱਜ ਲਗਭਗ 2 ਵਜੇ ਜਦੋਂ ਬਾਬਾ ਜੀ ਆਪਣੇ ਡੇਰੇ ਵਿਚ ਆਪਣੇ ਸ਼ਰਧਾਲੂਆਂ ਨੂੰ ਪ੍ਰਵਚਨ ਸੁਣਾ ਰਹੇ ਸਨ ਕਿ ਅਚਾਨਕ ਕੋਲ ਬੈਠੇ 3 ਅਣਪਛਾਤੇ ਨੌਜਵਾਨਾਂ ਉਨ੍ਹਾਂ 'ਤੇ ਪਲਾਸਟਿਕ ਦੀ ਪਾਈਪ ਨੂੰ ਨੋਕਦਾਰ ਬਣਾ ਕੇ ਹਥਿਆਰ ਦੇ ਰੂਪ ਵਿਚ ਵਰਤਕੇ ਹਮਲਾ ਕਰ ਦਿੱਤਾ। ਇਸ ਮੌਕੇ ਕੋਲ ਬੈਠੀ ਸੰਗਤ ਵਲੋਂ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਭੜਕੇ ਲੋਕਾਂ ਨੇ ਇਨ੍ਹਾਂ ਉਕਤ ਨੌਜਵਾਨਾਂ ਦੀ ਕੁਟਾਈ ਕੀਤੀ। ਸੂਚਨਾ ਮਿਲਦੇ ਹੀ ਨੂਰਪੁਰਬੇਦੀ ਦੇ ਥਾਣਾ ਮੁਖੀ ਗੁਰਮੀਤ ਸਿੰਘ ਅਤੇ ਡੀ. ਐੱਸ. ਪੀ. ਸੰਤ ਸਿੰਘ ਧਾਲੀਵਾਲ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਰੂਪਨਗਰ ਦੇ ਪੁਲਸ ਮੁਖੀ ਵੀ ਮੌਕੇ 'ਤੇ ਪਹੁੰਚ ਚੁੱਕੇ ਸਨ ਤੇ ਭੜਕੀ ਹੋਈ ਸੰਗਤ ਨੂੰ ਸ਼ਾਂਤ ਕਰਨ ਲਈ ਰੁੱਝੇ ਹੋਏ ਸਨ। ਇੱਥੇ ਇਹ ਦੱਸਣਯੋਗ ਵੀ ਹੈ ਕਿ ਬਾਬਾ ਪਿਆਰਾ ਸਿੰਘ ਤੱਕ ਪਹੁੰਚਣ ਲਈ ਸੀ. ਆਰ. ਪੀ. ਤੇ ਪੰਜਾਬ ਪੁਲਸ ਵਲੋਂ ਤਿੰਨ ਨਾਕੇ ਲੱਗੇ ਹੋਏ ਹਨ ਤੇ ਫਿਰ ਵੀ ਇਨ੍ਹਾਂ ਨਾਕਿਆਂ ਤੋਂ ਬਚ ਕੇ ਇਹ ਤਿੰਨੇ ਹਮਲਾਵਰ ਨੌਜਵਾਨ ਕਿਵੇਂ ਬਾਬਾ ਪਿਆਰਾ ਸਿੰਘ ਤੱਕ ਪਹੁੰਚ ਗਏ? ਇਹ ਚਰਚਾ ਦਾ ਵਿਸ਼ਾ ਹੈ। ਨੂਰਪੁਰਬੇਦੀ ਪੁਲਸ ਮੁਖੀ ਗੁਰਮੀਤ ਸਿੰਘ ਅਨੁਸਾਰ ਅਗਲੀ ਕਾਰਵਾਈ ਕਰਨ ਬਾਰੇ ਆਖਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਾਬਾ ਪਿਆਰਾ ਸਿੰਘ ਦੇ ਮਾਮੂਲੀ ਸੱਟਾਂ ਵੱਜੀਆਂ ਤੇ ਉਹ ਸੁਰੱਖਿਅਤ ਹਨ। ਬੀਤੀ ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਤਿੰਨ ਹਮਲਾਵਰਾਂ ਨੇ ਬਾਬਾ ਪਿਆਰਾ ਸਿੰਘ ਭਨਿਆਰਾਂਵਾਲਾ 'ਤੇ ਹਮਲਾ ਕੀਤਾ ਸੀ, ਉਨ੍ਹਾਂ ਦੀ ਪਹਿਚਾਣ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਰੋਣੀ ਥਾਣਾ ਪਾਇਲ (ਲੁਧਿਆਣਾ), ਧਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਵਧੀਨਪੁਰ ਫਤਿਹਗੜ੍ਹ ਸਾਹਿਬ ਤੇ ਗੁਰਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਰਾਜੇਵਾਲ (ਲੁਧਿਆਣਾ ) ਵਜੋਂ ਹੋਈ ਹੈ।
No comments:
Post a Comment