ਨਵੀਂ ਦਿੱਲੀ, 23 ਅਕਤੂਬਰ— ਭ੍ਰਿਸ਼ਟਾਚਾਰ ਖਿਲਾਫ ਜਨ ਲੋਕਪਾਲ ਬਿੱਲ ਦੀ ਲੜਾਈ 'ਚ ਟੀਮ ਅੰਨਾ ਤੋਂ ਬਾਹਰ ਹੋ ਚੁੱਕੇ ਸਵਾਮੀ ਅਗਨੀਵੇਸ਼ ਨੇ ਅਰਵਿੰਦ ਕੇਜਰੀਵਾਲ 'ਤੇ ਚੰਦੇ ਦੀ ਰਕਮ 'ਚ ਗੜਬੜੀ ਕਰਨ ਦਾ ਦੋਸ਼ ਲਗਾਇਆ ਹੈ। ਉਧਰ ਟੀਮ ਅੰਨਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਅਗਨੀਵੇਸ਼ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅਗਨੀਵੇਸ਼ ਨੇ ਕੇਜਰੀਵਾਲ ਤੋਂ ਪੁੱਛਿਆ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਹੋਏ ਇੰਡੀਆ ਅਗਨੇਸਟ ਕਰੱਪਸ਼ਨ ਅੰਦੋਲਨ 'ਚ ਮਿਲੇ ਚੰਦੇ ਦੀ ਰਕਮ ਕਿੱਥੇ ਹੈ। ਇਹ ਰਕਮ ਜੰਤਰ-ਮੰਤਰ ਅਤੇ ਰਾਮ ਲੀਲਾ ਮੈਦਾਨ 'ਤੇ ਅੰਨਾ ਹਜ਼ਾਰੇ ਦੇ ਮਰਨ ਵਰਤ ਦੌਰਾਨ ਜੁਟਾਈ ਗਈ ਸੀ। ਅਗਨੀਵੇਸ਼ ਮੁਤਾਬਕ ਇਹ ਰਕਮ ਕਰੀਬ 70 ਤੋਂ 80 ਲੱਖ ਰੁਪਏ ਹੈ। ਅਗਨੀਵੇਸ਼ ਨੇ ਦੋਸ਼ ਲਗਾਇਆ ਸੀ ਕਿ ਇਹ ਰਕਮ ਆਈ. ਐਸ. ਸੀ. ਦੇ ਅਕਾਊਂਟ 'ਚ ਨਹੀਂ ਜਮ੍ਹਾ ਕਰਾਈ ਗਈ ਸਗੋਂ ਕੇਜਰੀਵਾਲ ਨੇ ਇਸ ਨੂੰ ਆਪਣੇ ਨਿਜੀ ਟਰੱਸਟ ਦੇ ਅਕਾਊਂਟ 'ਚ ਜਮ੍ਹਾ ਕਰਾ ਲਿਆ ਹੈ। ਅਜਿਹੇ 'ਚ ਚੰਦੇ ਦੀ ਰਕਮ ਨੂੰ ਲੈ ਕੇ ਪਾਰਦਰਸ਼ਤਾ ਜ਼ਰੂਰੀ ਹੈ। ਅਗਨੀਵੇਸ਼ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀਵਾਲੀ ਤੋਂ ਪਹਿਲਾਂ ਚੰਦੇ ਦੀ ਰਕਮ ਦਾ ਹਿਸਾਬ ਦੇਵੇ।
ਉਧਰ ਅੱਜ ਟੀਮ ਅੰਨਾ ਦੇ ਅਹਿਮ ਮੈਂਬਰ ਮਨੀਸ਼ ਸਿਸੌਦਿਆ ਨੇ ਦੱਸਿਆ ਕਿ ਚੰਦਾ ਪੀ. ਸੀ. ਆਰ. ਐਸ. ਦੇ ਨਾਂ 'ਤੇ ਲਿਆ ਗਿਆ ਹੈ। ਇਸ ਮਾਮਲੇ 'ਚ ਕੁਝ ਵੀ ਲੁਕਾਇਆ ਨਹੀਂ ਗਿਆ ਹੈ। ਅਗਨੀਵੇਸ ਦੇ ਦੋਸ਼ਾਂ 'ਤੇ ਟੀਮ ਅੰਨਾ ਦਾ ਕਹਿਣਾ ਹੈ ਕਿ ਅਗਨੀਵੇਸ਼ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦੇ ਦੋਸ਼ ਬੇਬੁਨਿਆਦੀ ਹਨ। ਉਹ ਟੀਮ ਤੋਂ ਕੱਢੇ ਜਾਣ ਦਾ ਬਦਲਾ ਲੈ ਰਹੇ ਹਨ। ਟੀਮ ਅੰਨਾ ਨੇ ਕਿਹਾ ਕਿ ਬੀਤੀ ਮਾਰਚ ਤੱਕ ਦਾ ਆਡਿਟ ਅਕਾਊਂਟ ਵੈਬਸਾਇਟ 'ਤੇ ਪਾ ਦਿੱਤਾ ਗਿਆ ਹੈ ਅਤੇ ਪੂਰੇ 6 ਮਹੀਨੇ ਯਾਨੀ 30 ਸਤੰਬਰ ਤੱਕ ਦਾ ਅਕਾਊਂਟ ਵੀ ਇਕ-ਦੋ ਦਿਨਾਂ 'ਚ ਵੈਬਸਾਇਟ 'ਤੇ ਪਾ ਦਿੱਤਾ ਜਾਏਗਾ। ਟੀਮ ਅੰਨਾ ਨੇ ਕਿਹਾ ਕਿ ਅਗਨੀਵੇਸ਼ ਨਾਲ ਉਨ੍ਹਾਂ ਦੀ ਕੋਈ ਲੜਾਈ ਨਹੀਂ ਹੈ। ਉਹ ਜੇਕਰ ਦੇਸ਼ ਹਿੱਤ 'ਚ ਕੰਮ ਕਰਨ ਲਈ ਟੀਮ ਅੰਨਾ 'ਚ ਵਾਪਸ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।  ਜ਼ਿਕਰਯੋਗ ਹੈ ਕਿ ਅਗਨੀਵੇਸ਼ ਨੇ ਕਿਹਾ ਸੀ ਕਿ ਅੰਨਾ ਹਜ਼ਾਰੇ ਦੇ ਕਹਿਣ ਤੋਂ ਬਾਅਦ ਟੀਮ ਅੰਨਾ ਨੇ 15 ਅਕਤੂਬਰ ਤੱਕ ਚੰਦੇ ਦੀ ਰਕਮ ਦਾ ਹਿਸਾਬ ਵੈਬਸਾਇਟ 'ਤੇ ਨਹੀਂ ਪਾਇਆ ਹੈ।