www.tehlkapunjabtv.com
www.begumpurakranti.blogspot.com

Text size



ਮੋਗਾ, 22 ਅਕਤੂਬਰ --ਮੋਗਾ ਪੁਲਸ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਨਕਲੀ ਦੁੱਧ ਤਿਆਰ ਕਰਕੇ ਵੇਚਣ ਵਾਲੇ ਡੇਅਰੀ ਮਾਲਕ ਅਸ਼ਵਨੀ ਕੁਮਾਰ ਆਸ਼ੂ ਤੇ ਅਮਿਤ ਵਰਮਾ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ ਵਿਚ ਤਿਆਰ ਨਕਲੀ ਦੁੱਧ ਅਤੇ ਗੱਡੀ ਵਿਚ ਪਏ 6 ਡਰੰਮ, ਜਿਸ ਵਿਚ ਨਕਲੀ ਦੁੱਧ ਤਿਆਰ ਕਰਨ ਦਾ ਸਾਮਾਨ ਵੀ ਸੀ, ਬਰਾਮਦ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਅਸ਼ਵਨੀ ਕੁਮਾਰ ਆਸ਼ੂ ਪੁੱਤਰ ਸੱਤਪਾਲ ਅਗਰਵਾਲ ਨਿਵਾਸੀ ਅਕਾਲਸਰ ਰੋਡ ਨਜ਼ਦੀਕ ਰਤਨ ਸਿਨੇਮਾ, ਮੋਗਾ ਤੇ ਅਮਿਤ ਵਰਮਾ ਪੁੱਤਰ ਦੇਵੀ ਦੱਤਾ ਨਿਵਾਸੀ ਰਘਵੀਰੋ ਪਾਰਕ ਜੱਸੀਆਂ ਰੋਡ ਲੁਧਿਆਣਾ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ਼ ਮੋਗਾ ਦੇ ਮੁਖੀ ਜਸਵਿੰਦਰ ਸਿੰਘ ਕਰ ਰਹੇ ਹਨ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ਼ ਮੋਗਾ ਦੇ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਅਕਾਲਸਰ ਰੋਡ ਮੋਗਾ 'ਤੇ ਰਤਨ ਸਿਨੇਮਾ ਦੇ ਕੋਲ ਗੋਇਲ ਡੇਅਰੀ 'ਤੇ ਸ਼ਰੇਆਮ ਨਕਲੀ ਦੁੱਧ ਤਿਆਰ ਕਰਕੇ ਵੇਚਿਆ ਜਾਂਦਾ ਹੈ। ਅੱਜ ਵੀ ਲੁਧਿਆਣਾ ਤੋਂ ਮਹਿੰਦਰਾ ਗੱਡੀ 'ਤੇ 6 ਡਰੰਮ ਭਰ ਕੇ ਆਏ ਹਨ, ਜਿਸ ਵਿਚ ਨਕਲੀ ਦੁੱਧ ਤਿਆਰ ਕਰਨ ਦਾ ਸਾਮਾਨ ਹੈ, ਜਿਸ 'ਤੇ ਸੀ. ਆਈ. ਏ. ਮੁਖੀ ਜਸਵਿੰਦਰ ਸਿੰਘ, ਸਹਾਇਕ ਥਾਣੇਦਾਰ ਦਿਲਬਾਗ ਸਿੰਘ ਪੁਲਸ ਪਾਰਟੀ ਸਹਿਤ ਉਥੇ ਪਹੁੰਚੇ ਅਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਡਾਕਟਰ ਸੰਜੇ ਡੋਗਰਾ ਤੇ ਫੂਡ ਸਪਲਾਈ ਵਿਭਾਗ ਮੋਗਾ ਦੇ ਇੰਸਪੈਕਟਰ ਆਰ. ਪੀ. ਗਰਗ ਆਪਣੀ ਟੀਮ ਸਹਿਤ ਉਥੇ ਪਹੁੰਚ ਗਏ। ਪੁਲਸ ਨੇ ਗੋਇਲ ਡੇਅਰੀ ਦੇ ਨਾਲ ਲੱਗੇ ਮੱਝਾਂ ਦੇ ਅਹਾਤੇ ਵਿਚ ਖੜ੍ਹੀ ਮਹਿੰਦਰਾ ਗੱਡੀ ਨੂੰ ਕਾਬੂ ਕਰ ਲਿਆ, ਜਿਸ ਵਿਚ 6 ਡਰੰਮ ਪਏ ਸਨ ਤੇ ਸਾਢੇ 4 ਕੁਇੰਟਲ ਦੇ ਕਰੀਬ ਦੁੱਧ ਬਰਾਮਦ ਕੀਤਾ, ਜਿਸ 'ਤੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਭਰੇ ਅਤੇ ਕਥਿਤ ਦੋਸ਼ੀਆਂ ਦੀ ਸਹਿਮਤੀ ਨਾਲ ਫੜਿਆ ਦੁੱਧ ਸੁੱਟ ਦਿੱਤਾ ਗਿਆ। ਸੀ. ਆਈ. ਏ. ਮੁਖੀ ਨੇ ਦੱਸਿਆ ਕਿ ਉਕਤ ਡੇਅਰੀ ਮਾਲਕ ਕਾਫ਼ੀ ਸਮੇਂ ਤੋਂ ਨਕਲੀ ਦੁੱਧ ਤਿਆਰ ਕਰਕੇ ਵੇਚ ਰਿਹਾ ਸੀ ਅਤੇ ਲੋਕਾਂ ਦੀ ਸਿਹਤ ਨਾਲ ਉਹ ਖਿਲਵਾੜ ਕਰਦਾ ਆ ਰਿਹਾ ਸੀ। ਉਕਤ ਦੁੱਧ ਉਹ ਮੋਗਾ ਅਤੇ ਆਸ-ਪਾਸ ਦੇ ਪਿੰਡਾਂ ਵਿਚ ਹਲਵਾਈਆਂ ਨੂੰ ਵੀ ਸਪਲਾਈ ਕਰਦਾ ਸੀ, ਜਿਸ ਨਾਲ ਉਹ ਮਠਿਆਈ ਆਦਿ ਬਣਾ ਕੇ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਅਮਿਤ ਵਰਮਾ ਲੁਧਿਆਣਾ ਤੋਂ ਰੋਜ਼ਾਨਾ ਗੱਡੀ ਵਿਚ ਨਕਲੀ ਦੁੱਧ ਤਿਆਰ ਕਰਨ ਦਾ ਸਾਮਾਨ, ਜਿਸ ਵਿਚ ਸੁੱਕਾ ਦੁੱਧ ਅਤੇ ਹੋਰ ਸਾਮਾਨ ਹੁੰਦਾ ਸੀ, ਸਪਲਾਈ ਕਰਦਾ ਆ ਰਿਹਾ ਹੈ। ਅੱਜਕਲ ਤਿਉਹਾਰਾਂ ਦਾ ਮੌਸਮ ਹੋਣ ਕਾਰਨ ਦੁੱਧ ਦੀ ਖਪਤ ਜ਼ਿਆਦਾ ਹੁੰਦੀ ਸੀ। ਉਕਤ ਗੋਇਲ ਡੇਅਰੀ ਮਾਲਕ ਆਸ਼ੂ ਤੇ ਅਮਿਤ ਵਰਮਾ ਇਸ ਕੰਮ ਨੂੰ ਧੜੱਲੇ ਨਾਲ ਚਲਾ ਰਹੇ ਸਨ। ਉਹ ਡੇਅਰੀ 'ਤੇ ਦੁੱਧ, ਮੱਖਣ, ਦਹੀਂ ਆਦਿ ਵੀ ਵਿਕਰੀ ਕਰਦੇ ਸਨ। ਪਤਾ ਲੱਗਾ ਹੈ ਕਿ ਸਿਹਤ ਵਿਭਾਗ ਦੇ ਡਾਕਟਰਾਂ ਨੇ ਦੱਸਿਆ ਕਿ ਦੁੱਧ ਦੇ ਸੈਂਪਲ ਨੂੰ ਜਾਂਚ ਲਈ ਲੈਬਾਰਟਰੀ ਨੂੰ ਭੇਜ ਦਿੱਤਾ ਹੈ, ਜਿਸਦੀ ਰਿਪੋਰਟ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸੀ. ਆਈ. ਏ. ਮੁਖੀ ਅਤੇ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
No comments:
Post a Comment