ਪ੍ਰੇਮੀ ਨਾਲ ਮਿਲ ਕੇ ਪਤੀ ਦੀਆਂ ਲੱਤਾਂ ਤੋੜੀਆਂ
ਮੋਗਾ, 20 ਅਕਤੂਬਰ-- ਮੋਗਾ ਜ਼ਿਲੇ ਦੇ ਪਿੰਡ ਲੋਪੋ (ਹਾਲ ਲੁਧਿਆਣਾ) ਨਿਵਾਸੀ ਦਲਜੀਤ ਕੌਰ ਵਲੋਂ ਆਪਣੇ ਕਥਿਤ ਪ੍ਰੇਮੀ ਇੰਦਰਜੀਤ ਸਿੰਘ ਨਿਵਾਸੀ ਲੋਪੋ ਨਾਲ ਮਿਲਕੇ ਆਪਣੇ ਪਤੀ ਸੁਖਜਿੰਦਰ ਸਿੰਘ ਨਾਲ ਬੱਚਿਆਂ ਨੂੰ ਲੈ ਕੇ ਚੱਲਦੇ ਆ ਰਹੇ ਵਿਵਾਦ ਦੇ ਕਾਰਨ ਉਸਨੂੰ ਬੁਰੀ ਤਰ੍ਹਾਂ ਮਾਰਕੁਟ ਕਰਕੇ ਲੱਤਾਂ ਤੋੜਣ ਦੇ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਬੱਧਨੀ ਕਲਾਂ ਪੁਲਸ ਵਲੋਂ ਜ਼ਖ਼ਮੀ ਸੁਖਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਲੋਪੋ ਦੇ ਬਿਆਨਾਂ 'ਤੇ ਉਸਦੀ ਪਤਨੀ ਦਲਜੀਤ ਕੌਰ, ਇੰਦਰਜੀਤ ਸਿੰਘ, ਬਿੱਟੂ ਅਤੇ ਵਿੱਕੀ ਸਿੰਘ ਨਿਵਾਸੀ ਲੋਪੋ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਦੀ ਜਾਂਚ ਲੋਪੋ ਪੁਲਸ ਚੌਕੀ ਦੇ ਇੰਚਾਰਜ ਸੁਖਮੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਖਜਿੰਦਰ ਸਿੰਘ ਕੰਮ ਕਰਨ ਲਈ ਵਿਦੇਸ਼ ਦੁਬਈ ਗਿਆ ਸੀ। ਜਾਣ ਸਮੇਂ ਉਹ ਆਪਣੇ ਦੋਸਤ ਇੰਦਰਜੀਤ ਸਿੰਘ ਨੂੰ ਆਪਣੇ ਘਰ ਅਤੇ ਬੱਚਿਆਂ ਦਾ ਧਿਆਨ ਰੱਖਣ ਲਈ ਕਹਿ ਕੇ ਗਿਆ। ਜਿਸ ਕਾਰਨ ਇੰਦਰਜੀਤ ਸਿੰਘ ਦਾ ਉਸਦੇ ਘਰ ਆਉਣ ਜਾਣ ਹੋ ਗਿਆ, ਜਿਥੇ ਉਸਦੇ ਕਥਿਤ ਪ੍ਰੇਮ ਸਬੰਧ ਉਸਦੀ ਪਤਨੀ ਦਲਜੀਤ ਕੌਰ ਨਾਲ ਹੋ ਗਏ। ਇੰਦਰਜੀਤ ਸਿੰਘ ਜੋ ਸ਼ਾਦੀ-ਸ਼ੁਦਾ ਸੀ, ਜਦੋਂ ਉਸਦੀ ਪਤਨੀ ਨੂੰ ਉਸਦੇ ਕਥਿਤ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਾ ਤਾਂ ਘਰ 'ਚ ਝਗੜਾ ਰਹਿਣ ਲੱਗ ਪਿਆ ਤੇ ਆਖਿਰ ਉਸਦੀ ਪਤਨੀ ਉਸਨੂੰ ਛੱਡਕੇ ਆਪਣੇ ਮਾਪਿਆਂ ਕੋਲ ਪਿੰਡ ਢੁੱਡੀਕੇ ਚਲੀ ਗਈ ਤੇ ਇੰਦਰਜੀਤ ਸਿੰਘ ਆਪਣੇ ਦੋਸਤ ਦੀ ਪਤਨੀ ਕੋਲ ਆਉਣ ਜਾਣ ਲੱਗਾ। ਜਦੋਂ ਇਸ ਬਾਰੇ ਸੁਖਜਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਦੋਵਾਂ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ। ਕਰੀਬ ਇਕ ਸਾਲ ਪਹਿਲਾਂ ਦਲਜੀਤ ਕੌਰ ਆਪਣੇ ਕਥਿਤ ਪ੍ਰੇਮੀ ਇੰਦਰਜੀਤ ਸਿੰਘ ਨਾਲ ਚਲੀ ਗਈ ਤੇ ਉਸਦੇ ਦੋ ਬੱਚੇ ਸੁਖਜਿੰਦਰ ਸਿੰਘ ਕੋਲ ਰਹਿ ਗਏ। ਇੰਦਰਜੀਤ ਸਿੰਘ ਲੁਧਿਆਣੇ ਰਹਿਣ ਲੱਗ ਪਿਆ ਤੇ ਉਥੇ ਕਾਰੋਬਾਰ ਸ਼ੁਰੂ ਕਰ ਲਿਆ। ਦਲਜੀਤ ਕੌਰ ਆਪਣੇ ਪਤੀ ਨੂੰ ਬੱਚੇ ਦੇਣ ਲਈ ਕਹਿੰਦੀ ਸੀ, ਲੇਕਿਨ ਉਹ ਬੱਚੇ ਉਸਨੂੰ ਦੇਣ ਲਈ ਤਿਆਰ ਨਹੀਂ ਸੀ। ਸੁਖਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਆਪਣੇ ਟਰੈਕਟਰ 'ਤੇ ਖੇਤਾਂ 'ਚੋਂ ਵਾਪਸ ਆ ਰਿਹਾ ਸੀ ਤਾਂ ਕਥਿਤ ਦੋਸ਼ੀਆਂ ਨੇ ਰਸਤੇ 'ਚ ਉਸਨੂੰ ਘੇਰਕੇ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਜਦੋਂ ਉਸਨੇ ਰੌਲਾ ਪਾਇਆ ਤਾਂ ਸਾਰੇ ਫਰਾਰ ਹੋ ਗਏ। ਸੁਖਜਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਕਤ ਮਾਮਲੇ ਦੀ ਜਾਂਚ ਕਰ ਰਹੇ ਲੋਪੋ ਚੌਕੀ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਰਪਟ ਦਰਜ ਕੀਤੀ ਗਈ ਸੀ ਹੁਣ ਐਕਸਰੇ ਰਿਪੋਰਟ ਆਉਣ ਦੇ ਬਾਅਦ ਕਥਿਤ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਸੁਖਜਿੰਦਰ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਹਨ। ਉਹ ਕਥਿਤ ਦੋਸ਼ੀਆਂ ਦੀ ਤਲਾਸ਼ ਲਈ ਛਾਪਾਮਾਰੀ ਕਰ ਰਹੇ ਹਨ, ਜਲਦੀ ਹੀ ਉਕਤ ਮਾਮਲੇ 'ਚ ਸ਼ਾਮਲ ਕਥਿਤ ਦੋਸ਼ੀਆਂ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ।
No comments:
Post a Comment