ਜਲੰਧਰ, 22 ਅਕਤੂਬਰ - ਮਹਿਲਾ ਨਾਲ ਛੇੜਖਾਨੀ ਕਰਨ ਤੋਂ ਰੋਕਣਾ ਇਕ ਵਿਅਕਤੀ ਨੂੰ ਮਹਿੰਗਾ ਪਿਆ ਜਦੋਂ ਗੁੱਸੇ ਵਿਚ ਆਏ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਸਿਵਲ ਹਸਪਤਾਲ ਇਲਾਜ ਅਧੀਨ ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਬਾਬਾ ਦੀਪ ਸਿੰਘ ਨਗਰ ਨੇ ਦਸਿਆ ਕਿ ਉਸ ਦੇ ਇਲਾਕੇ ਦੇ 3-4 ਨੌਜਵਾਨ ਇਲਾਕੇ ਦੀ ਇਕ ਮਹਿਲਾ ਨਾਲ ਛੇੜਖਾਨੀ ਕਰਦੇ ਸਨ। ਉਕਤ ਮਹਿਲਾ ਨੇ ਪਰਿਵਾਰਕ ਮੈਂਬਰਾਂ ਨਾਲ ਜਾ ਕੇ ਉਸ ਦੀ ਸ਼ਿਕਾਇਤ ਥਾਣਾ ਨੰ. 8 ਦੀ ਪੁਲਸ ਨੂੰ ਦਿਤੀ। ਪੁਲਸ ਨੇ ਉਕਤ ਨੌਜਵਾਨਾਂ ਨੂੰ ਕਲ ਥਾਣੇ ਤਲਬ ਕੀਤਾ। ਇਸ ਗੱਲ ਦੀ ਰੰਜਿਸ਼ ਰੱਖਦੇ ਹੋਏ ਉਨ੍ਹਾਂ ਨੌਜਵਾਨਾਂ ਨੇ ਉਸ ਨੂੰ ਘੇਰਾ ਪਾ ਕੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ।