
ਜਲੰਧਰ, 21 ਅਕਤੂਬਰ---ਸੂਰੀਆ ਐਨਕਲੇਵ ਪੁਲਸ ਚੌਕੀ ਦੇ ਪਿਛਲੇ ਪਾਸੇ ਹੀ ਸਥਿਤ ਇਕ ਕੁਆਰਟਰ 'ਚ ਸ਼ੁੱਕਰਵਾਰ ਦੀ ਦੁਪਹਿਰ ਨੂੰ ਇਕ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਰਾਮਾ ਮੰਡੀ ਥਾਣੇ ਦੇ ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੁਜਾਤਾ ਦਾ ਪਤੀ ਗਿਆਨ ਚੰਦ ਸਵੇਰ ਤੋਂ ਹੀ ਕੰਮ 'ਤੇ ਗਿਆ ਹੋਇਆ ਸੀ ਤੇ ਦੋਵੇਂ ਬੱਚੇ ਸਕੂਲ 'ਚ ਸਨ। ਬੱਚਿਆਂ ਨੇ ਦੁਪਹਿਰੇ ਛੁੱਟੀ ਹੋਣ ਤੋਂ ਬਾਅਦ ਜਦੋਂ ਘਰ ਆ ਕੇ ਆਪਣੀ ਮਾਂ ਨੂੰ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਆਵਾਜ਼ਾਂ ਮਾਰੀਆਂ ਤਾਂ ਅੰਦਰੋਂ ਕੋਈ ਆਵਾਜ਼ ਨਾ ਆਈ। ਬੱਚਿਆਂ ਦੀ ਆਵਾਜ਼ ਸੁਣ ਕੇ ਕੁਆਰਟਰ ਪੁੱਜੇ ਗੁਆਂਢੀਆਂ ਨੇ ਖਿੜਕੀ ਰਾਹੀਂ ਦੇਖਿਆ ਤਾਂ ਸੁਜਾਤਾ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਇਸ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਮ੍ਰਿਤਕਾ ਦਾ ਪਤੀ ਗਿਆਨ ਚੰਦ ਵੀ ਪੁੱਜ ਗਿਆ। ਉਸਨੇ ਪੁਲਸ ਨੂੰ ਦੱਸਿਆ ਕਿ ਉਹ ਸਵੇਰੇ ਜਦੋਂ ਕੰਮ 'ਤੇ ਗਿਆ ਤਾਂ ਉਸਦੀ ਪਤਨੀ ਬਿਲਕੁਲ ਠੀਕ ਸੀ। ਉਸਨੇ ਇਹ ਵੀ ਦੱਸਿਆ ਕਿ ਉਹ ਮੂਲ ਤੌਰ 'ਤੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਭਰੋਵਾਲ ਦੇ ਰਹਿਣ ਵਾਲੇ ਹਨ ਪਰ ਕਾਫੀ ਸਮੇਂ ਤੋਂ ਇਥੇ ਸੂਰੀਆ ਐਨਕਲੇਵ 'ਚ ਰਹਿ ਰਹੇ ਹਨ। ਜਾਂਚ ਅਫਸਰ ਨੇ ਦੱਸਿਆ ਕਿ ਸੁਜਾਤਾ ਦੀ ਲਾਸ਼ ਦੇ ਲਾਗੇ ਪਿਆ ਉਸ ਵਲੋਂ ਲਿਖਿਆ ਹੋਇਆ ਸੁਸਾਈਡ ਨੋਟ ਵੀ ਪੁਲਸ ਨੂੰ ਬਰਾਮਦ ਹੋਇਆ ਹੈ, ਜਿਸ 'ਤੇ ਉਸ ਨੇ ਲਿਖਿਆ ਹੈ ਕਿ ਉਹ ਦਿਮਾਗੀ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਰਹੀ ਹੈ। ਉਸਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਪੁਲਸ ਨੇ ਸੁਸਾਈਡ ਨੋਟ ਪੜ੍ਹਨ ਤੋਂ ਬਾਅਦ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਸੁਜਾਤਾ ਦਾ ਪੋਸਟਮਾਰਟਮ ਨਾ ਕਰਵਾਇਆ ਜਾਵੇ।
No comments:
Post a Comment