ਮੋਗਾ, 12 ਨਵੰਬਰ --ਮੋਗਾ ਨੇੜਲੇ ਇਕ ਪਿੰਡ ਵਿਖੇ 9ਵੀਂ ਕਲਾਸ ਦੀ ਇਕ ਨਾਬਾਲਿਗ ਵਿਦਿਆਰਥਣ ਨਾਲ ਜ਼ਬਰਦਸਤੀ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਮੋਗਾ ਵਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਗੁਰਲਾਲ ਸਿੰਘ, ਹਰਸਿਮਰਨ ਸਿੰਘ ਮਾਨ, ਗੁਰਜੀਤ ਸਿੰਘ (ਛਿੰਦਾ) ਨਿਵਾਸੀ ਡਰੋਲੀ ਭਾਈ ਅਤੇ ਇਕ ਅਣਪਛਾਤੇ ਲੜਕੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਸਦਰ ਦੇ ਮੁੱਖ ਅਫ਼ਸਰ ਜਸਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਨਗਰ ਕੀਰਤਨ ਵਾਲੇ ਦਿਨ ਜਦੋਂ ਸਕੂਲ ਜਾ ਰਹੀ ਤਾਂ ਕਥਿਤ ਦੋਸ਼ੀਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿਚ ਸੁੱਟ ਲਿਆ ਅਤੇ ਇਕ ਸੈਨਟਰੀ ਵਾਲੀ ਦੁਕਾਨ ਵਿਚ ਲੈ ਗਏ ਤੇ ਉਨ੍ਹਾਂ ਨੇ ਬਾਹਰੋਂ ਸ਼ਟਰ ਬੰਦ ਕਰ ਲਿਆ। ਉਸਨੇ ਦੱਸਿਆ ਕਿ ਕਥਿਤ ਦੋਸ਼ੀ ਛਿੰਦਾ ਪਹਿਲਾਂ ਵੀ ਉਸ ਨਾਲ ਛੇੜਛਾੜ ਕਰਦਾ ਰਹਿੰਦਾ ਸੀ। ਉਕਤ ਦੁਕਾਨ ਵਿਚ ਬੰਦ ਕਰਨ ਤੋਂ ਬਾਅਦ ਉਕਤ ਸਾਰਿਆਂ ਨੇ ਮੇਰੇ ਨਾਲ ਕਥਿਤ ਬਲਾਤਕਾਰ ਕੀਤਾ। ਜਦੋਂ ਮੇਰੀ ਹਾਲਤ ਵਿਗੜ ਗਈ ਅਤੇ ਸਕੂਲ ਦੀ ਛੁੱਟੀ ਹੋਣ ਦਾ ਸਮਾਂ ਹੋਇਆ ਤਾਂ ਇਹ ਮੈਨੂੰ ਕਾਰ ਵਿਚ ਮੋਗੇ ਕਿਸੇ ਪ੍ਰਾਈਵੇਟ ਹਸਪਤਾਲ ਲੈ ਆਏ ਤੇ ਦਵਾਈ ਦਿਵਾਉਣ ਤੋਂ ਬਾਅਦ ਵਾਪਸ ਪਿੰਡ ਲੈ ਗਏ ਤੇ ਪਿੰਡ ਨੂੰ ਜਾਣ ਵਾਲੀ ਫਿਰਨੀ ਉਪਰ ਮੈਨੂੰ ਸਕੂਲ ਬੈਗ ਸਮੇਤ ਸੁੱਟ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਲੜਕੀ ਘਰ ਨਾ ਆਈ ਤਾਂ ਪਰਿਵਾਰ ਵਾਲਿਆਂ ਨੇ ਉਸਦੀ ਤਲਾਸ਼ ਕੀਤੀ ਤਾਂ ਲੜਕੀ ਦੇ ਚਾਚੇ ਦੇ ਲੜਕੇ ਨੇ ਘਰ ਆ ਕੇ ਦੱਸਿਆ ਕਿ ਆਪਣੀ ਕੁੜੀ ਫਿਰਨੀ ਉਪਰ ਪਈ ਹੈ, ਜਿਸ 'ਤੇ ਪਰਿਵਾਰ ਵਾਲੇ ਉਸ ਨੂੰ ਜਾ ਕੇ ਲੈ ਕੇ ਆਏ, ਲੜਕੀ ਦੀ ਹਾਲਤ ਬੁਰੀ ਸੀ ਤੇ ਦੋ ਦਿਨ ਬਿਲਕੁਲ ਨਹੀਂ ਬੋਲੀ, ਜਿਸ 'ਤੇ ਉਸਦੀ ਮਾਂ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਸਾਰੀ ਕਹਾਣੀ ਦੱਸ ਦਿੱਤੀ। ਇਸ ਉਪਰੰਤ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਅੱਜ ਸਹਾਇਕ ਥਾਣੇਦਾਰ ਸਤਪਾਲ ਸਿੰਘ ਵਲੋਂ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਮੋਗਾ ਲਿਆ ਕੇ ਉਸਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ। ਡਾਕਟਰਾਂ ਨੇ ਮੈਡੀਕਲ ਰਿਪੋਰਟ ਜਾਂਚ ਲਈ ਲੈਬਾਰਟਰੀ ਨੂੰ ਭੇਜ ਦਿੱਤੀ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।