ਲੁਧਿਆਣਾ, 22 ਨਵੰਬਰ— ਇਕ ਹੀ ਦਿਨ ਬੀਤਿਆ ਅਤੇ ਮਹਿਲਾ ਖਿਡਾਰਨਾਂ ਦੀ ਬਦਹਾਲੀ ਦੀ ਹਕੀਕਤ ਸਾਹਮਣੇ ਆ ਗਈ। ਕਬੱਡੀ ਵਰਲਡ ਕੱਪ ਦੇ ਦੂਜੇ ਦਿਨ ਹੀ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ। ਵਰਲਡ ਕੱਪ ਦੀ ਆਖਰੀ ਸ਼ਾਮ ਐਤਵਾਰ ਨੂੰ 30 ਹਜ਼ਾਰ ਦਰਸ਼ਕਾਂ ਵਿਚਾਲੇ ਦਮ ਦਿਖਾ ਰਹੀ ਕਬੱਡੀ ਵਿਸ਼ਵ ਜੇਤੂ ਮਹਿਲਾ ਖਿਡਾਰਨਾਂ ਦੂਜੇ ਦਿਨ ਹੀ ਸੜਕ 'ਤੇ ਆਟੋ ਲਈ ਭਟਕਦੀਆਂ ਨਜ਼ਰ ਆਈਆਂ। ਇਸ ਤੋਂ ਪਹਿਲਾਂ ਜੋ ਹੋਇਆ ਉਹ ਹੋਰ ਵੀ ਦੁੱਖਦਾਇਕ ਸੀ। ਜਿਸ ਹੋਟਲ 'ਚ ਇਹ ਲੜਕੀਆਂ ਠਹਿਰੀਆਂ ਸਨ ਉਸਦੇ ਬਿੱਲ ਨੂੰ ਲੈ ਕੇ ਵੀ ਦੋ-ਤਿੰਨ ਘੰਟੇ ਤੱਕ ਵਿਵਾਦ ਰਿਹਾ। ਪੈਸੇ ਚੁਕਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਹੋਟਲ 'ਚੋਂ ਜਾਣ ਦਿੱਤਾ ਗਿਆ।
ਪਹਿਲਾਂ ਪੇਮੈਂਟ ਕਰੋ, ਫਿਰ ਚੈਕਆਊਟ
ਹੋਟਲ ਪਾਰਕ ਪਲਾਜ਼ਾ 'ਚ ਰਹਿ ਰਹੀ ਟੀਮਾਂ ਜਦੋਂ ਸੋਮਵਾਰ ਨੂੰ 12 ਵਜੇ ਘਰ ਵਾਪਸੀ ਲਈ ਚੈੱਕ ਆਊਟ ਕਰਨ ਲੱਗੀਆਂ ਤਾਂ ਹੋਟਲ ਮੈਨੇਜਮੈਂਟ ਨੇ ਖਿਡਾਰਨਾਂ ਦੇ ਪੇਮੈਂਟ ਨੂੰ ਲੈ ਕੇ ਅੜਿੰਗਾ ਪਾ ਦਿੱਤਾ। ਹੋਟਲ ਵਾਲਿਆਂ ਦੀ ਮੰਨੀਏ ਤਾਂ ਖਿਡਾਰਨਾਂ ਨੇ ਹੋਟਲ ਦੇ ਅੰਦਰ ਖਾਮ-ਪੀਣ ਦੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਸਨ, ਜਿਸ ਲਈ ਉਨ੍ਹਾਂ ਨੂੰ ਐਕਸਟ੍ਰਾ ਪੇਮੈਂਟ ਕਰਨਾ ਹੈ।
ਟੀਮ ਦੇ ਨਾਂ ਲਗਭਗ 22 ਹਜ਼ਾਰ ਐਕਸਟ੍ਰਾ ਪੇਮੈਂਟ ਨਿਕਲਿਆ। ਅਜਿਹੇ 'ਚ ਕੋਚ ਤੇ ਹੋਟਲ ਕਰਮਚਾਰੀਆਂ ਵਿਚਾਲੇ ਐਕਸਟ੍ਰਾ ਪੇਮੈਂਟ ਨੂੰ ਲੈ ਕੇ ਵਿਵਾਦ ਹੋਇਆ। ਕਾਫੀ ਦੇਰ ਬਾਅਦ ਹੋਟਲ ਮੈਨੇਜਮੈਂਟ ਨੂੰ ਪੇਮੈਂਟ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਭਾਰਤੀ ਟੀਮ ਨੂੰ 2 ਘੰਟੇ ਬਾਅਦ ਚੈੱਕ ਆਊਟ ਕਰਨ ਨੂੰ ਮਿਲਿਆ।
ਪੰਜਾਬ ਦੇ ਸਪੋਰਟਸ ਡਾਇਰੈਕਟਰ ਪਰਗਟ ਸਿੰਘ ਨੇ ਕਿਹਾ ਕਿ ਆਯੋਜਨ ਕਮੇਟੀ ਵਲੋਂ ਪੂਰੀ ਵਿਵਸਥਾ ਕੀਤੀ ਗਈ ਸੀ। ਖਿਡਾਰੀਆਂ ਅਤੇ ਟੀਮ ਮੈਨੇਜਰਸ ਨੂੰ ਵੱਡੇ-ਵੱਡੇ ਹੋਟਲਾਂ 'ਚ ਠਹਿਰਾਇਆ ਗਿਆ। ਆਉਣ-ਜਾਣ ਲਈ ਬੱਸਾਂ ਦੀ ਵਿਵਸਥਾ ਵੀ ਕੀਤੀ ਗਈ। ਇਹ ਟੀਮਾਂ ਮੈਨੇਜਰਸ ਦੀ ਜ਼ਿੰਮੇਵਾਰੀ 'ਤੇ ਸਨ। ਟੀਮ ਮੈਨੇਜਰਸ ਨੇ ਜੋ ਸਾਡੇ ਤੋਂ ਮੰਗਿਆ ਅਸੀਂ ਉਨ੍ਹਾਂ ਨੂੰ ਦਿੱਤਾ। ਜੇਕਰ ਘਰ ਵਾਪਸੀ ਲਈ ਵੀ ਕਹਿੰਦੇ ਤਾਂ ਇਹ ਵੀ ਵਿਵਸਥਾ ਦੇ ਦਿੱਤੀ ਜਾਂਦੀ।
ਹੱਥਾਂ 'ਚ ਵਰਲਡ ਕੱਪ ਟਰਾਫੀ ਲੈ ਕੇ ਆਟੋ ਤੋਂ ਨਿਕਲੀ ਟੀਮ ਇੰਡੀਆ
ਹੋਟਲ ਤੋਂ ਚੈੱਕ ਆਊਟ ਕਰਨ ਤੋਂ ਬਾਅਦ ਵਿਸ਼ਵ ਜੇਤੂ ਭਾਰਤੀ ਮਹਿਲਾ ਟੀਮ ਲਈ ਘਰ ਵਾਪਸੀ ਦੀ ਸਮੱਸਿਆ ਖੜ੍ਹੀ ਹੋ ਗਈ। ਆਯੋਜਨ ਕਮੇਟੀ ਨੇ ਇਨ੍ਹਾਂ ਖਿਡਾਰੀਆਂ ਲਈ ਨਾ ਤਾਂ ਕੋਈ ਬੱਸ ਦੀ ਵਿਵਸਥਾ ਕੀਤੀ ਅਤੇ ਨਾ ਹੀ ਕੋਈ ਗੱਡੀ। ਅਜਿਹੇ 'ਚ ਖਿਡਾਰੀ ਹੱਥ 'ਚ ਵਰਲਡ ਕੱਪ ਟਰਾਫੀ ਦਾ ਤਾਜ ਅਤੇ 25 ਲੱਖ ਰੁਪਏ ਦਾ ਚੈੱਕ ਲੈ ਕੇ ਕੋਚ ਜਸਕਰਨ ਨਾਲ ਪੈਦਲ ਹੀ ਸੜਕਾਂ 'ਤੇ ਤੁਰਦੀਆਂ ਦੇਖੀਆਂ ਗਈਆਂ।
ਹੋਟਲ ਤੋਂ ਨਿਕਲਦੇ ਹੀ ਖਿਡਾਰੀਆਂ ਨੂੰ ਦੇਖ ਕੇ ਆਉਣ-ਜਾਣ ਵਾਲੇ ਹੈਰਾਨ ਰਹਿ ਗਈ। ਭਾਲੀ ਬਾਲ ਚੌਕ ਪਹੁੰਚਦੇ ਹੀ ਕੁਝ ਟ੍ਰੈਫਿਕ ਪੁਲਸ ਕਰਮੀ ਖਿਡਾਰੀਆਂ ਦੀ ਅਜਿਹੀ ਸਥਿਤੀ ਦੇਖ ਕੇ ਉਨ੍ਹਾਂ ਕੋਲਪੁੱਜੇ। ਗੱਲਬਾਤ ਦੌਰਾਨ ਟ੍ਰੈਫਿਕ ਕਰਮਚਾਰੀਆਂ ਨੇ ਇਕ ਆਟੋ ਰੋਕਿਆ ਅਤੇ ਕੋਚ ਤੇ ਖਿਡਾਰਨਾਂ ਨੂੰ ਬਿਠਾ ਕੇ ਬੱਸ ਸਟੈਂਡ ਲਈ ਅਲਵਿਦਾ ਕੀਤਾ। 
3 ਦਿਨ ਇਕ ਹੀ ਟ੍ਰੈਕ ਸੂਟ 'ਚ ਗੁਜ਼ਾਰੇ

ਬਠਿੰਡਾ 'ਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਮਹਿਲਾ ਟੀਮ ਕੋਲ ਇਕ ਹੀ ਟ੍ਰੈਕ ਸੂਟ ਬਚਿਆ ਸੀ। ਉਸ ਹਾਦਸੇ 'ਚ ਖਿਡਾਰਨਾਂ ਦੇ ਸਾਰੇ ਕੱਪੜੇ, ਪੈਸੇ ਅਤੇ ਜ਼ਰੂਰੀ ਸਾਮਾਨ ਸੜ ਕੇ ਖਾਕ ਹੋ ਗਿਆ ਸੀ। ਹਾਲਾਂਕਿ ਬਠਿੰਡਾ ਦੇ ਡੀ. ਸੀ. ਨੇ ਇਕ ਅਫਸਰ ਨੂੰ ਖਿਡਾਰੀਆਂ ਨਾਲ ਬਾਜ਼ਾਰ ਵੀ ਭੇਜਿਆ ਸੀ ਪਰ ਖਿਡਾਰੀ ਹਾਦਸੇ ਤੋਂ ਇੰਨੇ ਘਬਰਾਏ ਸਨ ਕਿ ਸਿਰਫ ਇਕ ਹੀ ਟ੍ਰੈਕ ਸੂਟ ਖਰੀਦ ਸਕੇ ਅਤੇ ਉਹੀ ਟ੍ਰੈਕ ਸੂਟ ਤਿੰਨ ਦਿਨ ਤੱਕ ਪਹਿਨਦੀਆਂ ਰਹੀਆਂ। ਸਿਰਫ ਇਹੀ ਨਹੀਂ ਇਸ ਦੌਰਾਨ ਹਰੇਕ ਖਿਡਾਰੀ ਨੂੰ 10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਬਾਵਜੂਦ ਇਸਦੇ ਖਿਡਾਰੀਆਂ ਹੱਥ ਕੁਝ ਨਹੀਂ ਲੱਗਾ ਅਤੇ ਪੈਸੇ ਨਾ ਹੋਣ ਕਾਰਨ ਖਿਡਾਰੀਆਂ ਸਾਹਮਣੇ ਘਰ ਵਾਪਸੀ ਦੀ ਸਮੱਸਿਆ ਖੜੀ ਹੋ ਗਈ।