ਬੇਗੋਵਾਲ, 16 ਨਵੰਬਰ --ਸਥਾਨਕ ਕਸਬੇ 'ਚ ਅੱਜ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋਇਆ ਜਦੋਂ ਟਾਂਡਾ ਰੋਡ ਸਥਿਤ ਇਕ ਰੈਡੀਮੇਡ ਦੀ ਦੁਕਾਨ 'ਚ ਦਾਖਲ ਹੋ ਕੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਇਕ ਨੌਜਵਾਨ ਦੀ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਬਿਨਾਂ ਖੌਫ ਜਾਂਦੇ ਹੋਏ ਬਾਜ਼ਾਰਾਂ 'ਚ ਵੀ ਗੋਲੀਆਂ ਚਲਾਈਆਂ। ਇਸ ਸਮੇਂ ਮਿਲੀ ਜਾਣਕਾਰੀ ਅਨੁਸਾਰ ਗੁਰਭੇਜ ਸਿੰਘ ਭੇਜਾ ਪੁੱਤਰ, ਜਰਨੈਲ ਸਿੰਘ ਵਾਸੀ ਬੱਲੋਚੱਕ ਜੋ ਬੇਗੋਵਾਲ ਵਿਖੇ ਟਾਂਡਾ ਰੋਡ 'ਤੇ ਕੈਸੂਅਲ ਨਾਂ ਹੇਠ ਰੈਡੀਮੇਡ ਦੀ ਦੁਕਾਨ ਕਰਦਾ ਸੀ ਜਦੋਂ ਉਹ ਅੱਜ ਸ਼ਾਮ 6 ਵਜੇ ਦੇ ਕਰੀਬ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਅਚਾਨਕ ਕੁਝ ਅਣਪਛਾਤੇ ਵਿਅਕਤੀ ਦੁਕਾਨ 'ਤੇ ਆਏ ਤੇ ਦੁਕਾਨ ਅੰਦਰ ਦਾਖਲ ਹੁੰਦਿਆਂ ਹੀ ਗੁਰਭੇਜ ਸਿੰਘ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਚ ਗੁਰਭੇਜ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇਨ੍ਹਾਂ ਹਥਿਆਰਬੰਦ ਵਿਅਕਤੀਆਂ ਨੇ ਦੁਕਾਨ ਦੀ ਤੋੜਭੰਨ ਕੀਤੀ ਤੇ ਜਾਂਦੇ ਹੋਏ ਸੰਘਣੀ ਅਬਾਦੀ ਵਾਲੇ ਬਾਜ਼ਾਰ 'ਚ ਸ਼ਰੇਆਮ ਹਵਾਈ ਫਾਇਰ ਕਰਕੇ ਆਪਣੀ ਕਾਰ 'ਚ ਸਵਾਰ ਹੋ ਕੇ ਟਾਂਡਾ ਰੋਡ ਨੂੰ ਫਰਾਰ ਹੋ ਗਏ। ਇਥੇ ਜ਼ਿਕਰਯੋਗ ਹੈ ਕਿ ਇਹ ਗੋਲੀ ਕਾਂਡ 4-5 ਮਿੰਟ ਚੱਲਿਆ ਜੋ ਕਿ ਥਾਣੇ ਦੇ ਬਿਲਕੁਲ ਨਜ਼ਦੀਕ ਹੈ ਜਦੋਂ ਕਿ ਲੋਕਾਂ ਦੇ ਕਹਿਣ ਅਨੁਸਾਰ ਪੁਲਸ ਸਮੇਂ ਸਿਰ ਨਾ ਪਹੁੰਚਣ 'ਤੇ ਇਸ ਤਰ੍ਹਾਂ ਦੀ ਘਟਨਾ ਵਾਪਰਣੀ ਪੁਲਸ ਲਈ ਇਕ ਵੱਡੀ ਚੁਣੌਤੀ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿੰਡ ਵਾਲੇ ਤੇ ਨੌਜਵਾਨਾਂ ਵਲੋਂ ਰੋਸ ਵਜੋਂ ਥਾਣੇ ਅੱਗੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜਦੋਂ ਇਸ ਸਮੇਂ ਥਾਣਾ ਮੁਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜ਼ਰੂਰੀ ਨਾ ਸਮਝਦੇ ਹੋਏ ਫੋਨ ਨਹੀਂ ਚੁੱਕਿਆ।