ਜੈਪੁਰ, 7 ਨਵੰਬਰ--ਜੋਧਪੁਰ ਦੀ ਨਰਸ ਭੰਵਰੀ ਦੇਵੀ ਦੀ ਗੁੰਮਸ਼ੁਦਗੀ ਦੀ ਜਾਂਚ ਦੌਰਾਨ ਮਾਮਲੇ ਦੀ ਪਰਤ ਲਗਾਤਾਰ ਖੁੱਲ੍ਹਦੀ ਜਾ ਰਹੀ ਹੈ। 3 ਮੰਤਰੀਆਂ, 3 ਆਈ. ਏ. ਐੱਸ. ਅਧਿਕਾਰੀਆਂ ਦੇ ਨਾਲ ਹੀ ਹੁਣ 3 ਆਰ. ਏ. ਐੱਸ. ਅਧਿਕਾਰੀਆਂ ਦੇ ਨਾਂ ਵੀ ਚਰਚਾ ਵਿਚ ਆ ਰਹੇ ਹਨ। ਦੱਸਿਆ ਜਾਂਦਾ ਹੈ ਕਿ ਭੰਵਰੀ ਇਨ੍ਹਾਂ ਅਧਿਕਾਰੀਆਂ ਰਾਹੀਂ ਹੀ ਆਈ. ਏ. ਐੱਸ. ਅਧਿਕਾਰੀਆਂ ਦੇ ਸੰਪਰਕ 'ਚ ਆਈ ਸੀ।  ਸੂਤਰਾਂ ਮੁਤਾਬਕ ਭੰਵਰੀ ਦੇ ਨਾਲ ਇਸ ਕਾਂਡ ਨਾਲ ਜੁੜੇ ਕਈ ਦੋਸ਼ੀਆਂ ਦੀ ਕਾਲ ਰਿਟੇਲ ਵਿਚ ਵੀ ਇਨ੍ਹਾਂ ਅਧਿਕਾਰੀਆਂ ਦੇ ਨੰਬਰ ਸ਼ਾਮਲ ਦੱਸੇ ਜਾ ਰਹੇ ਹਨ। ਦੂਜੇ ਪਾਸੇ ਸੀ. ਬੀ. ਆਈ. ਨੇ ਐਤਵਾਰ ਨੂੰ ਇਸ ਮਾਮਲੇ 'ਚ ਪੀ. ਐੱਚ. ਈ. ਦੇ ਠੇਕੇਦਾਰ ਸੋਹਨ ਲਾਲ ਦੇ ਭਰਾ ਬਾਬੂ ਲਾਲ ਕੋਲੋਂ ਪੁੱਛਗਿੱਛ ਕੀਤੀ। ਦੱਸਿਆ ਜਾਂਦਾ ਹੈ ਕਿ ਅਗਵਾ ਦੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਸੋਹਨ ਲਾਲ ਦੋਸ਼ੀ ਸ਼ਹਾਬੂਦੀਨ ਦੇ ਘਰ ਗਿਆ ਸੀ ਅਤੇ ਉਸ ਸਮੇਂ ਸੁਰੇਸ਼ ਵੀ ਕੁਝ ਹੋਰਨਾਂ ਨੌਜਵਾਨਾਂ ਦੇ ਨਾਲ ਸ਼ਹਾਬੂਦੀਨ ਦੇ ਗੈਰਾਜ 'ਚ ਬੈਠਾ ਸੀ।  ਇਥੇ ਸੋਹਨ ਲਾਲ ਨੇ ਕੁਝ ਦਸਤਾਵੇਜ਼ਾਂ ਨਾਲ 3 ਹਜ਼ਾਰ ਰੁਪਏ ਦੇ ਕੇ ਐੱਮ. ਟੀ. ਐੱਸ. ਦੀ ਸਿਮ ਅਤੇ ਮੋਬਾਈਲ ਮੰਗਵਾਉਣ ਲਈ ਸੁਰੇਸ਼ ਨੂੰ ਭੇਜਿਆ ਸੀ। ਸੁਰੇਸ਼ ਨੇ ਹੌਲੀਧੜਾ ਸਥਿਤ ਕੋਹੇਨੂਰ ਮੋਬਾਈਲ ਸ਼ਾਪ ਤੋਂ 3 ਸਿਮ ਅਤੇ ਮੋਬਾਈਲ ਖਰੀਦ ਕੇ ਸੋਹਨ ਲਾਲ ਨੂੰ ਦਿੱਤੇ ਸਨ। ਬਾਅਦ 'ਚ ਟੀਮ ਨੇ ਮੋਬਾਈਲ ਸ਼ਾਪ ਦੇ ਸੰਚਾਲਕ ਕੋਲੋਂ ਵੀ ਕੁਝ ਸਮਾਂ ਪੁੱਛਗਿੱਛ ਕੀਤੀ। ਸੀ. ਬੀ. ਆਈ. ਹੁਣ ਤਕ ਹੱਥ ਲੱਗੀ ਆਡੀਓ  ਟੇਪ ਤੇ ਵੀਡੀਓ ਕਲਿੱਪ ਰਾਹੀਂ ਭੰਵਰੀ ਦੇ ਸੰਪਰਕਾਂ ਬਾਰੇ ਪਤਾ ਲਾ ਰਹੀ ਹੈ। ਸੀ. ਬੀ. ਆਈ. ਹੁਣ ਤਕ ਮਿਲੀ ਵੀਡੀਓ ਕਲਿੱਪ ਵੇਖ ਕੇ ਉਸ 'ਚ ਸ਼ਾਮਲ ਨੇਤਾਵਾਂ ਤੇ ਅਧਿਕਾਰੀਆਂ ਨੂੰ ਪਛਾਣਨ 'ਚ ਲੱਗੀ ਹੋਈ ਹੈ। ਇਨ੍ਹਾਂ ਦੇ ਆਧਾਰ 'ਤੇ ਹੁਣ ਵੱਡੇ ਨੇਤਾਵਾਂ ਕੋਲੋਂ ਪੁੱਛਗਿੱਛ ਦੀ ਚਰਚਾ ਜ਼ੋਰ ਫੜਨ ਲੱਗੀ ਹੈ। ਚਰਚਾ ਹੈ ਕਿ ਸੀ. ਬੀ. ਆਈ. ਨੇ ਇਕ ਵਿਧਾਇਕ ਮਲਖਾਨ ਸਿੰਘ ਕੋਲੋਂ ਪੁੱਛਗਿੱਛ ਕੀਤੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।