Monday, 7 November 2011

ਰਾਮਾ ਮੰਡੀ ਇਲਾਕੇ 'ਚ ਵਾਰਦਾਤ ਨੂੰ ਦੇਣ ਜਾ ਰਹੇ ਸੀ ਅੰਜਾਮ

ਜਲੰਧਰ, 6 ਨਵੰਬਰ--ਨੇੜਲੇ ਪਿੰਡ ਹਰੀਪੁਰ ਵਿਖੇ ਪੁਲਸ ਮੁਕਾਬਲੇ ਉਪਰੰਤ ਫੜੇ ਸ਼ਾਤਿਰ ਲੁਟੇਰੇ ਰਾਮਾ ਮੰਡੀ ਇਲਾਕੇ ਵਿਚ ਐੱਨ. ਆਰ. ਆਈ. ਪਤੀ-ਪਤਨੀ ਨੂੰ ਲੁੱਟਣ ਲਈ ਜਲੰਧਰ ਆਏ ਸਨ। ਇਨ੍ਹਾਂ ਤੱਥਾਂ ਦਾ ਖੁਲਸਾ ਮੁਢਲੀ ਪੁੱਛਗਿੱਛ ਦੌਰਾਨ ਹੋਇਆ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਤੋਂ ਪੁੱਛਗਿੱਛ ਲਈ 11 ਨਵੰਬਰ ਤੱਕ ਪੁਲਸ ਰਿਮਾਂਡ ਲਿਆ ਹੈ। ਦੂਜੇ ਪਾਸੇ ਜ਼ਖਮੀ ਲੁਟੇਰੇ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।  ਜ਼ਿਕਰਯੋਗ ਹੈ ਕਿ ਬੀਤੀ ਰਾਤ ਹਰੀਪੁਰ ਪਿੰਡ ਦੇ ਨੇੜੇ ਜਲੰਧਰ ਦੇਹਾਤ ਦੇ ਸਪੈਸ਼ਲ ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਤੇ ਐੱਸ. ਆਈ. ਸ਼ਿਵ ਕੁਮਾਰ ਦੀ ਪੁਲਸ ਪਾਰਟੀ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਇਕ ਲੁਟੇਰੇ ਦੇ ਗੋਲੀ ਲੱਗੀ ਤੇ ਤਿੰਨ ਨੂੰ ਮੌਕੇ ਤੋਂ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਲੁਟੇਰਿਆਂ ਦੀ ਸ਼ਨਾਖਤ ਅਮਰਜੀਤ ਸਿੰਘ ਵਾਸੀ ਪਿੰਡ ਬਬੇਲੀ,  ਹਰਿੰਦਰਜੀਤ ਸਿੰਘ ਵਾਸੀ ਗੜ੍ਹਸ਼ੰਕਰ, ਗੁਰਿੰਦਰ ਸਿੰਘ ਉਰਫ ਟੋਨੀ ਵਾਸੀ ਮਾਹਲਪੁਰ ਦੇ ਰੂਪ ਵਿਚ ਹੋਈ ਹੈ ਜਦੋਂਕਿ ਮੌਕੇ ਤੋਂ ਫਰਾਰ ਲੁਟੇਰਾ ਰਣਜੀਤ ਸਿੰਘ ਉਰਫ ਝੰਡਾ ਵਾਸੀ ਨੰਗਲ ਹੈ। ਮੁਢਲੀ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਗੈਂਗ ਦਾ ਸਰਗਨਾ ਪੇਸ਼ੇਵਰ ਮੁਲਜ਼ਮ ਰਣਜੀਤ ਸਿੰਘ ਝੰਡਾ ਹੀ ਹੈ। ਪਤਾ ਲੱਗਾ ਹੈ ਕਿ ਝੰਡਾ ਵਲੋਂ ਇਨ੍ਹਾਂ ਸਾਰੇ ਲੁਟੇਰਿਆਂ ਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿਚ ਐੱਨ. ਆਰ. ਆਈ. ਪਤੀ-ਪਤਨੀ ਤੋਂ ਲੁੱਟਖੋਹ ਕਰਨ ਲਈ ਬੁਲਾਇਆ ਸੀ। ਝੰਡਾ ਦਾ ਜਲੰਧਰ ਦੇ ਇਕ ਅਪਰਾਧੀ ਰਵੀ ਨਾਲ ਸੰਪਰਕ ਹੈ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਰਵੀ ਨੇ ਝੰਡਾ ਨੂੰ ਦੱਸਿਆ ਸੀ ਕਿ ਐੱਨ. ਆਰ. ਈ. ਪਤੀ-ਪਤਨੀ ਕੋਲ ਕਰੀਬ 25 ਲੱਖ ਰੁਪਏ ਨਕਦ ਹਨ ਜੋ ਕਿ ਉਹ ਆਸਾਨੀ ਨਾਲ ਲੁੱਟ ਸਕਦੇ ਹਨ। ਰਵੀ ਦੀ ਸੂਚਨਾ ਦੇ ਬਾਅਦ ਝੰਡਾ ਨੇ ਬਾਕੀ ਲੁਟੇਰਿਆਂ ਨਾਲ ਸੰਪਰਕ ਕੀਤਾ ਅਤੇ ਵਾਰਦਾਤ ਦੀ ਯੋਜਨਾ ਤੇ ਕੰਮ ਕਰਨ ਲਈ ਉਹ ਜਲੰਧਰ ਆ ਰਹੇ ਸਨ। ਪਤਾ ਲੱਗਾ ਹੈ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਏ ਲੁਟੇਰੇ ਦਾ ਨਾਂ ਦਿਨੇਸ਼ ਦੱਸਿਆ ਜਾ ਰਿਹਾ ਹੈ ਪਰ ਅਫਸਰ ਇਸ ਨੂੰ ਕਨਫਰਮ ਨਹੀਂ ਕਰ ਰਹੇ ਹਨ। ਇਨ੍ਹਾਂ ਸਾਰੇ ਲੁਟੇਰਿਆਂ ਵਿਚ ਝੰਡਾ ਹੀ ਇਕ ਕੜੀ ਦਾ ਕੰਮ ਕਰ ਰਿਹਾ ਸੀ। ਸਪੈਸ਼ਲ ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਤੋਂ ਬਰਾਮਦ ਸਕਾਰਪਿਓ ਦਾ ਨੰਬਰ ਵੀ ਜਾਅਲੀ ਹੈ। ਸੰਭਾਵਨਾ ਹੈ ਕਿ ਉਕਤ ਗੱਡੀ ਜਾਂ ਤਾਂ ਚੋਰੀ ਦੀ ਹੈ ਜਾਂ ਫੇਰ ਲੁੱਟੀ ਗਈ ਹੈ। ਇੰਦਰਜੀਤ ਸਿੰਘ ਨੇ ਦੱਸਿਆ ਕਿ ਝੰਡਾ ਤੇ ਉਸਦੇ ਸਾਥੀਆਂ ਦੇ ਖਿਲਾਫ ਲੁੱਟਖੋਹ ਦੇ ਕਈ ਕੇਸ ਵੱਖ-ਵੱਖ ਸ਼ਹਿਰਾਂ ਵਿਚ ਦਰਜ ਹਨ। ਝੰਡਾ ਦੀ ਗ੍ਰਿਫਤਾਰੀ ਦੇ ਬਾਅਦ ਹੀ ਜਲੰਧਰ ਦੇ ਰਵੀ ਤੇ ਇਸ ਗੈਂਗ ਦੇ ਬਾਕੀ ਨੈਟਵਰਕ ਦਾ ਖੁਲਾਸਾ ਹੋ ਸਕੇਗਾ।

No comments:

Post a Comment