ਜਲੰਧਰ, 11 ਨਵੰਬਰ-- ਇਕ ਪਾਸੇ ਜਿੱਥੇ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਦੇ ਲੋਕ ਆਏ ਦਿਨ ਲੁਟੇਰਿਆਂ ਹੱਥੋਂ ਲੁੱਟ ਦਾ ਸ਼ਿਕਾਰ ਹੋਈ ਜਾ ਰਹੇ ਹਨ ਤੇ ਦੂਸਰੇ ਪਾਸੇ ਪੁਲਸ ਇਨ੍ਹਾਂ ਲੁਟੇਰਿਆਂ 'ਤੇ ਨੱਥ ਪਾਉਣ ਲਈ ਖਾਸ ਗੰਭੀਰ ਦਿਖਾਈ ਨਹੀਂ ਦੇ ਰਹੀ। ਇਕ ਪਾਸੇ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਲੋਕਾਂ ਨੂੰ ਲੁੱਟ ਰਹੇ ਹਨ ਤੇ ਇਸ ਲੁੱਟ ਦਾ ਸ਼ਿਕਾਰ ਜ਼ਿਆਦਾਤਰ ਦੋਪਹੀਆ ਵਾਹਨ ਹੋ ਰਹੇ ਹਨ, ਉਥੇ ਦੂਸਰੇ ਪਾਸੇ ਸੂਤਰਾਂ ਅਨੁਸਾਰ ਮਹਾਨਗਰ ਅਤੇ ਇਸਦੇ ਆਸ ਪਾਸ ਇਕ ਅਜਿਹਾ ਲੁੱਟ-ਖੋਹ ਕਰਨ ਵਾਲਾ ਗੈਂਗ ਆਪਣੇ ਪੈਰ ਪਸਾਰ ਰਿਹਾ ਹੈ ਜੋ ਆਂਡਿਆਂ ਦੀ ਆੜ ਵਿਚ ਚਹੁ-ਪਹੀਆ ਵਾਹਨ ਚਾਲਕਾਂ ਅਤੇ ਹੋਰਾਂ ਨੂੰ ਸ਼ਰੇਆਮ ਲੁੱਟ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਤੇ ਲੁੱਟ ਹੋਣ ਵਾਲੇ ਇਸ ਅਲੱਗ ਜਿਹੀ ਲੁੱਟ ਸੰਬੰਧੀ ਪੁਲਸ ਨੰ ਇਸ ਕਰਕੇ ਨਹੀਂ ਦੱਸਣਾ ਜ਼ਰੂਰੀ ਸਮਝਦੇ ਕਿਉਂਕਿ ਉਨ੍ਹਾਂ ਅਨੁਸਾਰ ਹੋ ਸਕਦਾ ਪੁਲਸ ਇਸ ਆਂਡੇ ਦਾ ਸਹਾਰਾ ਲੈ ਕੇ ਹੋਈ ਲੁੱਟ ਨੂੰ ਯਕੀਨ ਵਿਚ ਨਾ ਲਿਆਵੇ ਅਤੇ ਉਨ੍ਹਾਂ ਕੋਲ ਇਸ ਹੋਈ ਲੁੱਟ ਨੂੰ ਜਾਹਰ ਕਰਨ ਲਈ ਸਬੂਤ ਵੀ ਨਾ ਹੋਵੇ। ਗੱਲ ਹੋ ਰਹੀ ਹੈ ਆਂਡਾ ਗਿਰੋਹ ਦੀ, ਅੱਜ ਕਲ ਹਾਈਵੇ ਅਤੇ ਸ਼ਹਿਰ ਦੀਆਂ ਬਾਹਰੀ ਸੜਕਾਂ 'ਤੇ ਇਕ ਆਂਡਾ ਗਿਰੋਹ ਸਰਗਰਮ ਹੈ ਇਸ ਗਿਰੋਹ ਦੇ ਮੈਂਬਰ ਸੜਕ ਦੇ ਕਿਨਾਰੇ ਜਾਂ ਝਾੜੀਆਂ ਵਿਚ ਲੁਕ ਕੇ ਸੜਕ 'ਤੇ ਲੰਘਣ ਵਾਲੀ ਗੱਡੀ ਖਾਸ ਕਰਕੇ ਚਹੁ-ਪਹੀਆ ਵਾਹਨਾਂ ਦੇ ਅਗਲੇ ਸ਼ੀਸ਼ਿਆਂ 'ਤੇ ਆਂਡਾ ਮਾਰਦੇ ਹਨ ਤੇ ਜਦੋਂ ਉਕਤ ਆਂਡਾ ਸ਼ੀਸ਼ੇ 'ਤੇ ਟੁੱਟ ਜਾਂਦਾ ਹੈ ਤਾਂ ਵਾਹਨ ਚਾਲਕ ਜਦੋਂ ਉਸਨੂੰ ਸਾਫ ਕਰਨ ਲਈ ਆਪਣੇ ਵਾਹਨ ਦਾ ਵਾਈਪਰ ਚਾਲੂ ਕਰ ਦਿੰਦਾ ਹੈ ਤਾਂ ਸ਼ੀਸ਼ਾ ਬੁਰੀ ਤਰ੍ਹਾਂ ਲਿੱਬੜ ਜਾਂਦਾ ਹੈ ਤੇ ਥੱਕ ਹਾਰ ਕੇ ਚਾਲਕ ਆਪਣਾ ਵਾਹਨ ਜਦੋਂ ਸੜਕ ਦੀ ਸਾਈਡ 'ਤੇ ਖੜ੍ਹਾ ਕਰਕੇ ਸ਼ੀਸ਼ਾ ਸਾਫ ਕਰਨ ਲਈ ਵਾਹਨ ਵਿਚੋਂ ਬਾਹਰ ਨਿਕਲਦਾ ਹੈ ਤਾਂ ਉਕਤ ਆਂਡਾ ਗਿਰੋਹ ਦੇ ਮੈਂਬਰ ਇਕਦਮ ਝਾੜੀਆਂ ਵਿਚੋਂ ਜਾਂ ਸੜਕ ਕਿਨਾਰਿਆਂ ਤੋਂ ਨਿਕਲ ਕੇ ਵਾਹਨ ਚਾਲਕ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਕੇ ਬੜੇ ਆਰਾਮ ਨਾਲ ਫਰਾਰ ਹੋ ਜਾਂਦੇ ਹਨ। ਬੇਸ਼ੱਕ ਇਸ ਸੰਬੰਧੀ ਹੋ ਸਕਦਾ ਹੈ ਪੁਲਸ ਕੋਲ ਕੋਈ ਸ਼ਿਕਾਇਤ ਆਦਿ ਨਾ ਗਈ ਹੋਵੇ ਪਰ ਸੂਤਰਾਂ ਅਨੁਸਾਰ ਇਹ ਆਂਡਾ ਗਿਰੋਹ ਹੌਲੀ-ਹੌਲੀ ਆਪਣਾ ਜਾਲ ਵਿਛਾ ਕੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਈ ਜਾ ਰਿਹਾ ਹੈ। ਉਧਰ ਲੋਕ ਇਸ ਗਿਰੋਹ ਕਾਰਨ ਹੋਰ ਵੀ ਦਹਿਸ਼ਤ 'ਚ ਹਨ।
No comments:
Post a Comment