ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਸਿੱਖ ਸ਼ਰਧਾਲੂਆਂ ਨੂੰ ਪੂਰੇ ਵੀਜ਼ੇ ਦਿੱਤੇ ਜਾਣਗੇ : ਹਾਸ਼ਮੀ 

ਨਨਕਾਣਾ ਸਾਹਿਬ, (ਪਾਕਿਸਤਾਨ) 10 ਨਵੰਬਰ-- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿਖੇ ਸਥਿਤ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਪ੍ਰਕਾਸ਼ ਪੁਰਬ ਸਬੰਧੀ ਪਰਸੋਂ ਰਾਤ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਭਾਵੇਂ ਅੱਜ ਦੀ ਦਰਮਿਆਨੀ ਰਾਤ ਨੂੰ 12 ਵਜੇ ਪਾਏ ਜਾਣਗੇ ਪਰ ਅੱਜ ਦੁਨੀਆ ਭਰ ਵਿਚੋਂ ਵੱਡੀ ਗਿਣਤੀ 'ਚ ਪਹੁੰਚੀਆਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਤੇ ਗੁ. ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਸਈਅਦ ਆਸਿਫ਼ ਹਾਸ਼ਮੀ ਨਾਲ ਸਵਿਟਜ਼ਰਲੈਂਡ ਦੇ ਪਾਕਿਸਤਾਨ ਅੰਦਰ ਤਾਇਨਾਤ ਹਾਈ ਕਮਿਸ਼ਨਰ ਗੁ. ਸਾਹਿਬ ਅੰਦਰ ਸ਼ਸ਼ੋਭਿਤ ਸੋਨੇ ਦੀ ਪਾਲਕੀ ਸਾਹਿਬ ਦੇ ਅੱਗੇ ਲਗਾਈ ਗਈ ਸਟੇਜ 'ਤੇ ਆਪਣੇ ਸਾਥੀਆਂ ਨਾਲ ਪਹੁੰਚੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਨੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਭਾਰਤੀ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਕੱਟੇ ਜਾਣ 'ਤੇ ਚਿੰਤਾ ਪ੍ਰਗਟਾਈ ਤੇ ਪਾਕਿਸਤਾਨ ਸਰਕਾਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪੂਰੇ ਵੀਜ਼ੇ ਦੇਣ ਲਈ ਅਪੀਲ ਕੀਤੀ। ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਆਸਿਫ਼ ਹਾਸ਼ਮੀ ਨੇ ਸੰਬੋਧਨ ਕਰਦਿਆਂ ਸੰਗਤਾਂ ਨੂੰ ਕਿਹਾ ਕਿ ਪਾਕਿਸਤਾਨ ਓਕਾਫ਼ ਬੋਰਡ ਦੀ ਸੇਵਾ ਉਨ੍ਹਾਂ ਵਲੋਂ ਪੂਰੀ ਈਮਾਨਦਾਰੀ ਨਾਲ ਕੀਤੀ ਜਾ ਰਹੀ ਹੈ ਤੇ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਅੰਦਰ ਯਾਤਰੂ ਸਰਾਵਾਂ, ਲੈਟਰੀਨਾਂ, ਬਾਥਰੂਮ ਤਿਆਰ ਕਰਕੇ ਸੰਗਤਾਂ ਨੂੰ ਦਿੱਤੀਆਂ ਗਈਆਂ ਹਨ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਅਮਰੀਕਾ ਵਲੋਂ ਸਿਆਲਕੋਟ ਵਿਖੇ ਸਥਿਤ ਪਹਿਲੀ ਪਾਤਸ਼ਾਹੀ ਜੀ ਦੇ ਇਤਿਹਾਸਕ ਗੁ. ਬੇਰ ਸਾਹਿਬ ਦੀ ਸੇਵਾ ਸੰਭਾਲ ਤੇ ਸੰਗਤਾਂ ਦੇ ਦਰਸ਼ਨ ਦੀਦਾਰੇ ਲਈ ਕੀਤੀ ਗਈ ਮੰਗ ਨੂੰ ਕਬੂਲ ਕਰਦਿਆਂ ਜਨਾਬ ਹਾਸ਼ਮੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗੁ. ਬੇਰ ਸਾਹਿਬ ਦੀ ਸੇਵਾ ਸੰਭਾਲ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਏ ਜਾਣਗੇ। ਭਾਰਤ ਅੰਦਰ ਸਥਿਤ ਪਾਕਿਸਤਾਨੀ ਦੂਤਘਰ ਵਲੋਂ ਇਸ ਵਾਰ ਸਿੱਖ ਸ਼ਰਧਾਲੂਆਂ ਦੇ ਬੇਤਹਾਸ਼ਾ ਵੀਜ਼ੇ ਕੱਟੇ ਜਾਣ ਬਾਰੇ ਬਿਆਨ ਦਿੰਦਿਆਂ ਜਨਾਬ ਹਾਸ਼ਮੀ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਆਉਣ ਵਾਲੇ ਸਮੇਂ ਵਿਚ ਪੂਰੇ ਵੀਜ਼ੇ ਦਿੱਤੇ ਜਾਣਗੇ।  ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਥਾ ਲੀਡਰ ਰਾਮਪਾਲ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ, ਪਾਕਿਸਤਾਨ ਸਥਿਤ ਸਵਿਟਜ਼ਰਲੈਂਡ ਦੇ ਕੌਂਸਲਰ , ਬਲਵਿੰਦਰ ਸਿੰਘ ਝਬਾਲ, ਪ੍ਰਿਤਪਾਲ ਸਿੰਘ ਅਮਰੀਕਾ, ਸ. ਅਵਤਾਰ ਸਿੰਘ ਸੰਗੇੜਾ, ਮਨਮੋਹਨ ਸਿੰਘ ਖਾਲਸਾ, ਜੋਗਾ ਸਿੰਘ ਇੰਗਲੈਂਡ, ਡਾ. ਗੁਰਮੀਤ ਸਿੰਘ ਔਲਖ ਅਮਰੀਕਾ ਨੇ ਵੀ ਸੰਬੋਧਨ ਕੀਤਾ। ਸੰਬੋਧਨ ਦੌਰਾਨ  ਕਈ ਗਰਮ ਖ਼ਿਆਲੀ ਆਗੂਆਂ ਨੇ ਆਏ ਸਰਕਾਰੀ ਆਗੂਆਂ ਦੀ ਹਾਜ਼ਰੀ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਦੌਰਾਨ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਓਕਾਫ਼ ਬੋਰਡ ਦੇ ਚੇਅਰਮੈਨ ਹਾਸ਼ਮੀ, ਸ਼੍ਰੋਮਣੀ ਕਮੇਟੀ ਦੇ ਜੱਥਾ ਲੀਡਰ ਰਾਮਪਾਲ ਸਿੰਘ, ਹਰਵਿੰਦਰ ਸਿੰਘ ਸਰਨਾ, ਪਾਕਿਸਤਾਨ ਸਥਿਤ ਸਵਿਟਜ਼ਰਲੈਂਡ ਦੇ ਕੌਂਸਲਰ, ਬਲਵਿੰਦਰ ਸਿੰਘ ਝਬਾਲ, ਪ੍ਰਿਤਪਾਲ ਸਿੰਘ ਅਮਰੀਕਾ, ਸ. ਅਵਤਾਰ ਸਿੰਘ ਸੰਗੇੜਾ, ਮੀਤ ਸਕੱਤਰ ਰਾਮ ਸਿੰਘ, ਹਰਪਾਲ ਸਿੰਘ, ਸ. ਮਨਮੋਹਨ ਸਿੰਘ ਖਾਲਸਾ, ਸ. ਜੋਗਾ ਸਿੰਘ ਇੰਗਲੈਂਡ, ਡਾ. ਗੁਰਮੀਤ ਸਿੰਘ ਔਲਖ ਅਮਰੀਕਾ, ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ, ਬਾਬਾ ਬਲਵਿੰਦਰ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਲੱਖਾ ਸਿੰਘ ਗੁਰੂ ਕੇ ਬਾਗ ਵਾਲੇ ਤੇ ਹੋਰਨਾਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਨੇ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ।  ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਵੀ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗੁ. ਸ੍ਰੀ ਨਨਕਾਣਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਵਲੋਂ ਕੀਤੀ ਗਈੇ। ਹਜ਼ਾਰਾਂ ਸੰਗਤਾਂ ਗੁਰੂ ਦਾ ਜਸ ਗਾਇਨ ਕਰਕੇ ਆਪਣਾ ਜੀਵਨ ਸਫ਼ਲ ਕਰ ਰਹੀਆਂ ਸਨ।