ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ 1469 ਈਸਵੀ ਨੂੰ ਸ੍ਰੀ ਨਨਕਾਣਾ ਸਾਹਿਬ (ਰਾਏ ਭੋਇ ਦੀ ਤਲਵੰਡੀ, ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਹੋਇਆ ਸੀ। ਉਨ੍ਹਾਂ ਦੇ ਆਗਮਨ ਸਮੇਂ ਹਿੰਦੁਸਤਾਨ ਵਿਚ ਅਧਰਮ ਅਤੇ ਕੂੜ ਦਾ  ਬੋਲਬਾਲਾ ਸੀ। ਲੋਕ ਫੋਕੇ ਕਰਮ-ਕਾਂਡਾਂ, ਜਾਦੂ-ਟੂਣਿਆਂ ਅਤੇ ਵਹਿਮਾਂ-ਭਰਮਾਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਸਨ ਅਤੇ ਉਨ੍ਹਾਂ ਦਾ ਪ੍ਰਮਾਤਮਾ 'ਚੋਂ ਵਿਸ਼ਵਾਸ ਟੁੱਟ ਰਿਹਾ ਸੀ।
ਹਿੰਦੂ ਧਰਮ, ਜਿਸ ਨੂੰ ਉਸਦੇ ਹੀ ਬਣਾਏ ਵਰਣ-ਵੰਡ ਨੇ ਕਮਜ਼ੋਰ ਕਰ ਦਿੱਤਾ ਸੀ, ਢਹਿੰਦੀ ਕਲਾ ਵੱਲ ਜਾ ਰਿਹਾ ਸੀ। ਬ੍ਰਾਹਮਣ ਸ਼੍ਰੇਣੀ ਪ੍ਰਮਾਤਮਾ ਦੇ ਗਿਆਨ ਦੀ ਗੱਲ ਛੱਡ ਕੇ, ਮਾਇਆ ਦੇ ਲਾਲਚ ਵਿਚ ਲੋਕਾਂ ਨੂੰ ਕਰਮ-ਕਾਂਡਾਂ ਦੇ ਭਰਮ ਜਾਲ ਵਿਚ ਉਲਝਾ ਰਹੀ ਸੀ। ਖੱਤਰੀ ਆਪਣਾ ਜੁਝਾਰੂਪਣ ਭੁੱਲ ਚੁੱਕੇ ਸਨ। ਸਮਾਜ ਦੇ ਇਸ ਨਿਘਾਰ ਤੋਂ ਮੁਸਲਿਮ ਸਮਾਜ ਵੀ ਨਹੀਂ ਸੀ ਬਚਿਆ। ਮੁਗਲ ਹਕੂਮਤ ਦੇ ਕਰਿੰਦੇ : ਮੁੱਲਾਂ ਤੇ ਕਾਜ਼ੀ¸ਸਭ ਜੋਕਾਂ ਵਾਂਗ ਲੋਕਾਂ ਦਾ ਖੂਨ ਚੂਸ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਉਸ ਸਮੇਂ ਦੀ ਦਸ਼ਾ ਇਸ ਪ੍ਰਕਾਰ ਸੀ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ£
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹਿ ਚੜਿਆ£
ਹਉ ਭਾਲਿ ਵਿਕੁੰਨੀ ਹੋਈ£ ਆਧੇਰੈ ਰਾਹੁ ਨ ਕੋਈ£ (ਅੰਗ 145)
ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਸਾਥੀ, ਰਬਾਬੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਸਾਰ ਦੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ, ਜਿਨ੍ਹਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ, ਦੌਰਾਨ ਆਪ ਸੰਸਾਰ ਦੇ ਵੱਖ-ਵੱਖ ਭਾਗਾਂ, ਖ਼ਾਸ ਕਰਕੇ ਵੱਖ-ਵੱਖ ਧਰਮਾਂ ਦੇ ਕੇਂਦਰੀ ਅਸਥਾਨਾਂ ਵਿਖੇ ਪੁੱਜੇ ਅਤੇ ਫੋਕੇ ਕਰਮ-ਕਾਂਡਾਂ, ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਤਰਕ-ਸੰਗਤ ਖੰਡਨ ਕਰਦਿਆਂ ਲੋਕਾਈ ਨੂੰ ਇਕੋ ਪ੍ਰਮਾਤਮਾ ਦੇ ਲੜ ਲੱਗਣ ਲਈ ਪ੍ਰੇਰਿਆ।  ਧਾਰਮਿਕ ਤੇ ਸਮਾਜਿਕ ਚੇਤਨਾ ਦੇਣ ਦੇ ਨਾਲ-ਨਾਲ ਜਰਵਾਣਿਆਂ ਦੇ ਜ਼ੁਲਮਾਂ ਦੀ ਵੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਹਮਲਾਵਰ ਬਾਬਰ ਵਲੋਂ ਕੀਤੀ ਲੁੱਟ-ਖਸੁੱਟ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਨੇ ਫੁਰਮਾਇਆ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ£
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ£
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ£ (ਅੰਗ 360)
ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ, ਜਿਸ ਨਾਲ ਨਵੇਂ ਯੁੱਗ ਦੀ ਸ਼ੁਰੂਆਤ  ਹੋਈ। ਉਨ੍ਹਾਂ ਨੇ ਸਿੱਖ ਧਰਮ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ, ਸਗੋਂ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਧਰਮ ਬਣਾਇਆ। ਮਨੁੱਖ ਨੂੰ ਸੱਚਾਈ, ਨਿਮਰਤਾ, ਦਇਆ, ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਹੋ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜਿਊਣ ਦੇ ਯੋਗ ਬਣਾਇਆ। ਸਮਾਜ ਵਿਚ ਜਾਤ-ਪਾਤ ਅਤੇ ਆਰਥਿਕ ਨਾ ਬਰਾਬਰੀ ਨੂੰ ਵੇਖਦਿਆਂ 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਦੇ ਬੁਨਿਆਦੀ ਸਿਧਾਂਤਾਂ ਨੂੰ ਪ੍ਰਚਾਰਿਆ।  ਗੁਰੂ ਸਾਹਿਬ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਜਿਥੇ ਛੂਤਛਾਤ ਦਾ ਬੋਲਬਾਲਾ ਸੀ, ਉਥੇ ਇਸਤਰੀ ਨੂੰ ਢੁੱਕਵਾਂ ਸਨਮਾਨ ਨਹੀਂ ਸੀ ਦਿੱਤਾ ਜਾਂਦਾ। ਉਸ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਇਸਤਰੀ ਨੂੰ ਮਨੁੱਖ ਦੇ ਬਰਾਬਰ ਸਨਮਾਨਜਨਕ ਰੁਤਬਾ ਪ੍ਰਦਾਨ ਕਰਨ ਦੀ ਵਡਿਆਈ ਵੀ ਗੁਰੂ ਜੀ ਦੇ ਹਿੱਸੇ ਹੀ ਆਈ। ਆਪ ਜੀ ਦਾ ਪਾਵਨ ਫੁਰਮਾਨ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ£
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ£
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ£
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£ (ਅੰਗ 473)
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਹੀ ਨਹੀਂ ਕੀਤੀ...                                    
ਬਲਕਿ ਅਮਲੀ ਰੂਪ ਵਿਚ ਇਸ 'ਤੇ ਪਹਿਰਾ ਦਿੰਦੇ ਹੋਏ ਆਪ ਫੁਰਮਾਉਂਦੇ ਹਨ :
ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ£
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ£  (ਅੰਗ 15)
ਕਿਉਂਕਿ ਸਮਕਾਲੀ ਸਮਾਜ ਵਿਚ ਯੋਗ ਮੱਤ ਦੇ ਪ੍ਰਭਾਵ ਸਦਕਾ ਲੋਕਾਂ ਵਿਚ ਸੰਸਾਰ ਨੂੰ ਤਿਆਗਣ ਦੀ ਬਿਰਤੀ ਪ੍ਰਦਾਨ ਹੋ ਚੁੱਕੀ ਸੀ। ਲੋਕਾਂ ਨੇ ਸੰਸਾਰਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਜੰਗਲਾਂ ਤੇ ਪਹਾੜਾਂ ਵਿਚ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਅਤੇ ਸੰਨਿਆਸੀ ਘਰ-ਬਾਹਰ ਤਿਆਗ ਕੇ ਵਿਹਲੇ ਰਹਿ ਕੇ ਭਿੱਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸਨ, ਸੋ ਇਕ ਤਰ੍ਹਾਂ ਇਨ੍ਹਾਂ ਵਿਹਲੜ ਲੋਕਾਂ ਦੀ ਕਰਮਹੀਣਤਾ ਨੇ ਹੀ ਇਸ ਦੇਸ਼ ਨੂੰ ਗੁਲਾਮ ਬਣਾ ਦਿੱਤਾ ਸੀ। ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਨੂੰ ਧਰਮ ਦੇ ਬੁਨਿਆਦੀ ਸਿਧਾਂਤ ਦੇ ਤੌਰ 'ਤੇ ਲੋਕਾਂ 'ਚ ਪ੍ਰਚਾਰਿਆ। ਗੁਰੂ ਸਾਹਿਬ ਨੇ ਸੰਸਾਰ ਨੂੰ ਤਿਆਗਣ ਅਤੇ ਤ੍ਰਿਸਕਾਰਣ ਦੀ ਵਿਚਾਰਧਾਰਾ  ਦਾ ਵਿਰੋਧ  ਕੀਤਾ ਅਤੇ ਉਨ੍ਹਾਂ ਗ੍ਰਹਿਸਥ ਨੂੰ ਪ੍ਰਮੁੱਖਤਾ ਦਿੰਦਿਆਂ ਸਮੁੱਚੀ ਮਾਨਵਤਾ ਨੂੰ ਦਸਾਂ-ਨਹੁੰਆਂ ਦੀ ਕਿਰਤ ਕਰਕੇ ਜੀਵਨ ਨਿਰਬਾਹ ਕਰਨ ਦਾ ਸੰਦੇਸ਼ ਦਿੱਤਾ। ਆਪ ਜੀ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾੜਾਂ ਆਦਿ 'ਚ ਇਕਾਂਤ-ਵਾਸ ਨੂੰ ਨਿੰਦਿਆ ਅਤੇ ਗ੍ਰਹਿਸਥ ਵਿਚ ਰਹਿ ਕੇ ਸੇਵਾ-ਸਿਮਰਨ ਤੇ ਕਿਰਤ ਰਾਹੀਂ ਮੁਕਤੀ ਦਾ ਮਾਰਗ ਦਰਸਾਇਆ :
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ£
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ£      (ਅੰਗ 522)
ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਹੱਕ-ਸੱਚ ਦੀ ਕਮਾਈ ਉਹੀ ਹੈ, ਜਿਹੜੀ ਸਖ਼ਤ ਮਿਹਨਤ ਰਾਹੀਂ ਤਨਦੇਹੀ ਨਾਲ ਕੀਤੀ ਗਈ ਹੋਵੇ। ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਖੇਤੀ ਕਰਕੇ ਮਨੁੱਖਤਾ ਨੂੰ ਕਿਰਤ ਕਰਨ ਦਾ ਸੰਦੇਸ਼ ਦਿੰਦਿਆਂ ਫੁਰਮਾਇਆ:
ਘਾਲਿ ਖਾਇ ਕਿਛੁ ਹਥਹੁ ਦੇਇ£ ਨਾਨਕ ਰਾਹੁ ਪਛਾਣਹਿ ਸੇਇ£
(ਅੰਗ 1245)
ਗੁਰੂ ਸਾਹਿਬ ਵਲੋਂ ਦਰਸਾਏ ਉਪਰੋਕਤ ਸਿਧਾਂਤ 'ਚੋਂ 'ਸਰਬੱਤ ਦੇ ਭਲੇ' ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਜਾਤੀ ਦੇ ਸੱਚੇ ਮਾਰਗ ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ ਦਰਸ਼ਨ ਕਰਕੇ ਪਰਮਾਰਥ ਦੇ ਰਾਹ ਤੋਰਿਆ