ਪੱਟੀ, 16 ਨਵੰਬਰ -- ਸਿਵਲ ਹਸਪਤਾਲ ਪੱਟੀ 'ਚ ਜ਼ੇਰੇ ਇਲਾਜ ਰੁਪਿੰਦਰ ਕੌਰ ਵਾਸੀ ਤਲਵੰਡੀ ਸ਼ੋਭਾ ਸਿੰਘ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਦੀ ਮੰਗ ਨੂੰ ਲੈ ਕੇ ਸਾੜ ਕੇ ਮਾਰਨ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਮੇਰਾ ਵਿਆਹ ਪੰਜ ਸਾਲ ਪਹਿਲਾਂ ਲਵਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਤਲਵੰਡੀ ਸ਼ੋਭਾ ਸਿੰਘ ਤਹਿਸੀਲ ਪੱਟੀ ਜ਼ਿਲਾ ਤਰਨਤਾਰਨ ਨਾਲ ਹੋਇਆ ਸੀ ਤੇ ਵਿਆਹ ਸਮੇਂ ਆਪਣੀ ਹੈਸੀਅਤ ਅਨੁਸਾਰ ਮੇਰੇ ਪਿਤਾ ਬਲਬੀਰ ਸਿੰਘ ਨੇ ਦਾਜ ਵੀ ਦਿੱਤਾ ਸੀ। ਪਰ ਮੇਰੇ ਸਹੁਰੇ ਪਰਿਵਾਰ ਵਾਲੇ ਵਿਆਹ ਤੋਂ ਕੁਝ ਦੇਰ ਬਾਅਦ ਹੀ ਹੋਰ ਦਾਜ ਦੀ ਮੰਗ ਕਰਨ ਲੱਗੇ ਤੇ ਮੈਂ ਆਪਣੇ ਪਿਤਾ ਤੋਂ ਪੈਸੇ ਵੀ ਲਿਆ ਕੇ ਆਪਣੇ ਪਤੀ ਨੂੰ ਦਿੱਤੇ ਪਰ ਇਨ੍ਹਾਂ ਦੀ ਮੰਗ ਹੋਰ ਵਧਦੀ ਗਈ। 12 ਨਵੰਬਰ ਦੀ ਰਾਤ ਨੂੰ ਇਨ੍ਹਾਂ ਦੇ ਜੁਲਮਾਂ ਦੀ ਹੱਦ ਉਸ ਸਮੇਂ ਵਧ ਗਈ ਜਦੋਂ ਮੇਰੇ ਪਤੀ ਤੇ ਸਹੁਰੇ ਨੇ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਜਦੋਂ ਮੈਂ ਰੌਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਅੱਗ ਬੁਝਾ ਕੇ ਮੇਰੀ ਜਾਨ ਬਚਾਈ। ਇਸ ਤੋਂ ਬਾਅਦ ਮੇਰੇ ਸਹੁਰੇ ਨੇ ਮੈਨੂੰ ਕਮਰੇ ਵਿਚ ਬੰਦ ਕਰ ਦਿੱਤਾ। ਐਤਵਾਰ ਨੂੰ ਮੇਰੇ ਪਿਤਾ ਜਦ ਅਚਾਨਕ ਮੈਨੂੰ ਮਿਲਣ ਲਈ ਮੇਰੇ ਕੋਲ ਆਏ ਤਾਂ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਧਮਕਾਉਂਦਿਆਂ ਆਪਣੇ ਪਿਤਾ ਨੂੰ ਕੁਝ ਵੀ ਨਾ ਦੱਸਣ ਲਈ ਕਿਹਾ ਪਰ ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਮੇਰੀ ਭੂਆ ਤੇ ਉਸਦਾ ਲੜਕਾ ਮੈਨੂੰ ਲੈਣ ਲਈ ਆਏ ਤਾਂ ਮੇਰੇ ਪਤੀ ਨੇ ਮੈਨੂੰ ਜਾਣ ਤੋਂ ਰੋਕਿਆ। ਪਰ ਮੈਂ ਵਾਪਸ ਆ ਗਈ, ਜਦ ਅਸੀਂ ਰਸਤੇ 'ਚ ਆ ਰਹੇ ਸੀ ਤਾਂ ਮੇਰੇ ਪਤੀ ਨੇ 4-5 ਬੰਦਿਆਂ ਨਾਲ ਮਿਲਕੇ ਸਾਡੇ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੈਂ ਤੇ ਮੇਰੇ ਰਿਸ਼ਤੇਦਾਰਾਂ ਨੇ ਦੌੜ ਕੇ ਆਪਣੀ ਜਾਨ ਬਚਾਈ ਤੇ ਮੈਨੂੰ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਰੁਪਿੰਦਰ ਕੌਰ ਤੇ ਉਸਦੇ ਪਰਿਵਾਰ ਵਾਲਿਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਲਿਖ ਕੇ ਆਪਣੇ ਸਹੁਰੇ ਪਰਿਵਾਰ ਖਿਲਾਫ ਸਾੜ ਕੇ ਮਾਰਨ ਦੀ ਕੋਸ਼ਿਸ਼ ਤੇ ਦਾਜ ਦੀ ਮੰਗ ਦਾ ਕੇਸ ਦਰਜ ਕਰਨ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਪੁਲਸ ਚੌਕੀ ਘਰਿਆਲਾ ਦੇ ਚੌਕੀ ਇੰਚਾਰਜ ਜਗਦੀਸ਼ ਰਾਜ ਦਾ ਕਹਿਣਾ ਹੈ ਕਿ ਲੜਕੀ ਦੀ ਸ਼ਿਕਾਇਤ ਮਿਲ ਚੁੱਕੀ ਹੈ ਤੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।
No comments:
Post a Comment