ਲੁਧਿਆਣਾ, 16 ਨਵੰਬਰ --ਲੰਬੇ ਸਮੇਂ ਤੋਂ ਪੁਲਸ ਅਤੇ ਸੇਲਜ਼ ਵਿਭਾਗ ਦੇ ਨੱਕ ਵਿਚ ਦਮ ਕਰਕੇ ਸਰਕਾਰ ਦੇ ਰੈਵੇਨਿਊ ਨੂੰ ਮੋਟਾ ਚੂਨਾ ਲਗਾਉਣ ਵਿਚ ਸਰਗਰਮ ਪੇਟੀ ਮਾਫੀਆ ਕਿੰਗਪਿਨ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕਰ ਕੇ ਪੁਲਸ ਨੇ ਉਸ ਦੇ ਕਬਜ਼ੇ ਵਿਚੋਂ ਪਿਸਤੌਲ, ਕਾਰਤੂਸ ਅਤੇ ਕਮਾਨੀਦਾਰ ਚਾਕੂ ਬਰਾਮਦ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਨਾਰਥ ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿਚ ਪੇਟੀ ਮਾਫੀਆ ਦੇ ਜਨਮਦਾਤਾ ਦੇ ਰੂਪ ਵਿਚ ਜਾਣੇ ਜਾਂਦੇ ਸੰਜੀਵ ਕੁਮਾਰ ਉਰਫ ਰਾਜੂ ਲੰਬਾ ਨਿਵਾਸੀ ਰਾਇਲ ਸਿਟੀ ਅਤੇ ਉਸ ਦੇ ਸਾਥੀ ਸੰਦੀਪ ਕੁਮਾਰ ਉਰਫ ਲੱਕੀ  ਨੂੰ ਕੋਤਵਾਲੀ ਪੁਲਸ ਨੇ ਉਸ ਸਮੇਂ ਧਰ ਦਬੋਚਿਆ ਜਦ ਉਹ ਆਪਣੇ ਹੋਰਨਾਂ ਸਾਥੀਆਂ ਸਮੇਤ ਰਿਖੀ ਸਿਨੇਮਾ ਰੋਡ 'ਤੇ ਬਿਨਾਂ ਬਿੱਲ ਵਾਲੇ ਹੌਜ਼ਰੀ ਦੇ ਮਾਲ ਦੀਆਂ ਪੇਟੀਆਂ ਰੇਲਵੇ ਸਟੇਸ਼ਨ ਦੇ ਕੰਪਲੈਕਸ ਵਿਚ ਲੈ ਕੇ ਜਾਣ ਦੀ ਤਿਆਰੀ ਵਿਚ ਸੀ ਉਨ੍ਹਾਂ ਦੱਸਿਆ ਕਿ ਦੋਸ਼ੀ ਨਾਲ 6 ਮੋਟਰਸਾਈਕਲਾਂ 'ਤੇ ਅੱਠ ਤੋਂ ਜ਼ਿਆਦਾ ਸਹਿਯੋਗੀ ਸਰਗਰਮ ਸਨ, ਜਿਨ੍ਹਾਂ ਦੀ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ, ਜਿਨ੍ਹਾਂ ਵਿਚੋਂ ਦੋ ਦੋਸ਼ੀ ਹਰਸ਼ ਥਾਪਰ ਉਰਫ ਲੱਕੀ ਅਤੇ ਅਜੇ ਕੁਮਾਰ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜੂ ਲੰਬਾ ਕੋਲੋਂ ਤਲਾਸ਼ੀ ਦੌਰਾਨ ਪੁਲਸ ਨੂੰ ਇਕ ਪਿਸਤੌਲ, ਜ਼ਿੰਦਾ ਕਾਰਤੂਸ ਤੇ ਸੰਦੀਪ ਤੋਂ ਕਮਾਨੀਦਾਰ ਚਾਕੂ ਬਰਾਮਦ ਹੋਇਆ ਹੈ।