ਕਿਰਨ ਇਸ ਆਸ ਨਾਲ ਵਾਪਿਸ ਆ ਗਈ ਕਿ ਸ਼ਾਇਦ ਉਹਨੂੰ ਮੁਹੱਲੇ ਵਿਚ ਸ਼ਾਂਤੀ ਮਿਲ ਜਾਵੇਗੀ ਪਰ ਉਹ ਗਲਤ ਸੀ। ਉਹਨੇ ਆਪਣਾ ਬਚਪਨ ਇਥੇ ਗੁਜ਼ਾਰਿਆ ਸੀ ਪਰ ਕਿਉਂਕਿ ਹੁਣ ਉਹ ਧੰਦੇ ਵਿਚ ਸੀ, ਇਸ ਲਈ ਉਸਨੇ ਦੇਖਿਆ ਕਿ ਰੰਡੀਆਂ ਦੇ ਜੀਵਨ ਦੀ ਹਕੀਕਤ ਤਾਂ ਬਿਲਕੁਲ ਹੋਰ ਏ। ਦੋਸਤਾਂ ਨਾਲ ਖੇਡਣ ਅਤੇ ਮਾਂ ਤੇ ਮਾਸੀ ਨੂੰ ਗਾਹਕਾਂ ਸਾਹਮਣੇ ਨੱਚਦੇ ਵੇਖਣ ਨਾਲ ਜੁੜੀਆਂ ਉਸ ਦੀਆਂ ਯਾਦਾਂ ਭਾਵੇਂ ਲੁਭਾਵਣੀਆਂ ਸਨ ਪਰ ਖ਼ੁਦ ਗਾਹਕ ਸਾਹਮਣੇ ਪੇਸ਼ ਹੋਣ ਦੀ ਹਕੀਕਤ ਕੁਝ ਹੋਰ ਹੀ ਸੀ। ਉਹ ਬਰਦਾਸ਼ਤ ਨਹੀਂ ਕਰ ਸਕਦੀ ਸੀ ਜਿਵੇਂ ਉਹ ਉਸ ਉਤੇ ਡੁੱਲ੍ਹਦੇ ਫਿਰਦੇ ਸਨ। ਉਹ ਇਕ ਬੇਚੈਨ ਰੂਹ ਸੀ ਜਿਹੜੀ ਸ਼ਾਂਤੀ ਦੀ ਭਾਲ ਵਿਚ ਸੀ। ਉਹਨੇ ਕੈਸਰਾ ਅਤੇ ਸ਼ਾਹਿਦ ਨੂੰ ਦੱਸਿਆ ਕਿ ਧੰਦੇ ਵਿਚ ਉਹਦਾ ਮਨ ਨਹੀਂ ਲੱਗਦਾ ਪਰ ਇਹ ਨਾ ਦੱਸ ਸਕੀ ਕਿ ਹੋਰ ਉਹ ਚਾਹੁੰਦੀ ਕੀ ਏ, ਇਸ ਦਾ ਉਹਨੂੰ ਖ਼ੁਦ ਵੀ ਪਤਾ ਨਹੀਂ ਸੀ। ਉਹਨੂੰ ਸਿਰਫ਼ ਇਹ ਪਤਾ ਸੀ ਕਿ ਉਹ ਇਹ ਜੀਵਨ ਬਰਦਾਸ਼ਤ ਨਹੀਂ ਕਰ ਸਕਦੀ।
ਉਹਦੇ ਕਹਿਣ ਦੇ ਬਾਵਜੂਦ ਵੀ ਕੈਸਰਾ ਅਤੇ ਸ਼ਾਹਿਦ ਨੇ ਇਕ ਗਾਹਕ ਨਾਲ ਉਹਦਾ 'ਨਿਕਾਹ' ਤੈਅ ਕਰ ਦਿੱਤਾ। ਹਾਲਾਂਕਿ ਉਹ ਲੰਦਨ ਵਿਚ ਧੰਦਾ ਕਰਦੀ ਰਹੀ ਸੀ ਪਰ ਉਹ ਮੁਹੱਲੇ ਵਿਚ ਨਵੀਂ ਸੀ, ਇਸ ਲਈ ਸ਼ਾਹਿਦ ਨੇ ਉਸਦਾ ਕੁਆਰਾਪਣ ਇਕ ਵਾਰੀ ਫੇਰ ਵੇਚਣ ਦਾ ਪ੍ਰਬੰਧ ਕਰ ਲਿਆ। ਇਕ ਗਾਹਕ ਨੇ ਉਹਨੂੰ ਮੁਲਾਜ਼ਮਤ ਵਜੋਂ ਖ਼ਰੀਦ ਲਿਆ ਤੇ ਉਸ ਨੂੰ ਹਰ ਮਹੀਨੇ ਗੁਜ਼ਾਰਾ ਦੇਣ ਦਾ ਵਾਅਦਾ ਕਰ ਲਿਆ ਅਤੇ ਉਸ ਨੂੰ ਧੰਦੇ ਤੋਂ ਮੁਕਤ ਕਰ ਲਿਆ। ਉਹ ਇਸ ਕੰਮ ਵਿਚ ਵੀ ਖੁਸ਼ ਨਹੀਂ ਸੀ ਅਤੇ ਇਹ ਵੀ ਕੁਝ ਮਹੀਨੇ ਬਾਅਦ ਮੁੱਕ ਗਿਆ। ਰਿਸ਼ਤਾ ਟੁੱਟਣ ਤੋਂ ਬਾਅਦ ਉਹਨੇ ਫੇਰ ਧੰਦਾ ਸ਼ੁਰੂ ਕਰ ਦਿੱਤਾ। ਇਹ ਮੁਸ਼ਕਿਲ ਵੀ ਨਹੀਂ ਸੀ ਕਿਉਂਕਿ ਉਹ ਗਾਉਂਦੀ ਸੋਹਣਾ ਸੀ ਅਤੇ ਉਹ ਸੁਬਕ ਜਿਹੇ ਸਰੀਰ ਅਤੇ ਲੰਬੇ ਕਾਲੇ ਵਾਲਾਂ ਨਾਲ ਮੁਹੱਲੇ ਦੀਆਂ ਹੋਰ ਔਰਤ ਨਾਚੀਆਂ ਤੋਂ ਕਿਤੇ ਸੋਹਣੀ ਸੀ।
ਕੈਸਰਾ ਦੇ ਚੇਤੇ ਵੇ ਕਿ ਕਿਵੇਂ ਇਕ ਗਾਹਕ ਨੇ ਕਿਰਨ ਦਾ ਦਿਲ ਹੋਰ ਗਾਹਕਾਂ ਨਾਲੋਂ ਕਿਤੇ ਵੱਧ ਛੂਹ ਲਿਆ ਸੀ ਤੇ ਉਹ ਉਹਦੇ 'ਤੇ ਮਰ ਹੀ ਬੈਠੀ ਸੀ। ਉਹਦੇ ਦੁਆਲੇ ਦੇ ਲੋਕਾਂ ਨੂੰ ਉਹ ਉਦੋਂ ਹੀ ਖੁਸ਼ ਦਿਸੀ ਸੀ। ਬਦਕਿਸਮਤੀ ਹੈ ਕਿ ਕੋਈ ਵੀ ਕੰਜਰ ਰੰਡੀ, ਪਿਆਰ ਦੇ ਬਖੇੜੇ ਵਿਚ ਨਹੀਂ ਪੈ ਸਕਦੀ ਤੇ ਬਰਾਦਰੀ ਦਾ ਦਸਤੂਰ ਨਹੀਂ ਉਲੰਘ ਸਕਦੀ। ਉਹਦਾ ਇਹ ਕੰਮ ਐਨਾ ਮਾੜਾ ਸੀ ਕਿ ਪਰਿਵਾਰ ਨੂੰ ਬਦਨਾਮ ਹੀ ਕਰ ਗਿਆ ਸੀ। ਕਿਰਨ ਉਸ ਬੰਦੇ ਨਾਲ ਨਿਕਾਹ ਕਰਵਾਉਣਾ ਚਾਹੁੰਦੀ ਸੀ ਜੋ ਕਿਸੇ ਜੌਹਰੀ ਦਾ ਪੁੱਤਰ ਸੀ ਅਤੇ ਐਨਾ ਕੁ ਅਮੀਰ ਸੀ ਕਿ ਉਹਨੂੰ ਦੂਜੀ ਔਰਤ ਦੇ ਤੌਰ 'ਤੇ ਰੱਖ ਸਕਦਾ ਸੀ। ਕਿਰਨ ਨੇ ਹਿੰਮਤ ਕੀਤੀ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਉਸ ਵਾਸਤੇ ਘਰੋਂ ਨਿਕਲ ਗਈ। ਉਹਦੇ ਇਸ ਕੰਮ ਨੇ ਸਾਰੇ ਟੱਬਰ ਨੂੰ ਸਦਮੇ ਅਤੇ ਬਦਨਾਮੀ ਦੀ ਹਾਲਤ ਵਿਚ ਲਿਆ ਸੁੱਟਿਆ। ਕੈਸਰਾ ਉਨ੍ਹਾਂ ਦਿਨਾਂ ਨੂੰ ਬੜੇ ਦੁੱਖ ਨਾਲ ਯਾਦ ਕਰਦੀ ਏ ਅਤੇ ਇਹ ਕੱਟਣੇ ਉਹਨੂੰ ਆਪਣੇ ਪਿਓ ਦੇ ਮਰਨ ਦੇ ਦਿਨਾਂ ਤੋਂ ਵੀ ਬਹੁਤੇ ਔਖੇ ਲੱਗੇ ਸਨ। ਮੌਤ ਤਾਂ ਕੁਦਰਤੀ ਗੱਲ ਸੀ ਜਿਸ ਦਾ ਭਾਣਾ ਮੰਨਣਾ ਹੀ ਪੈਂਦਾ ਏ ਪਰ ਕਿਰਨ ਨੇ ਤਾਂ ਉਨ੍ਹਾਂ ਦਾ ਮੂੰਹ ਹੀ ਕਾਲਾ ਕਰ ਦਿੱਤਾ ਸੀ ਅਤੇ ਉਹ ਬਰਾਦਰੀ ਸਾਹਮਣੇ ਮੂੰਹ ਦਿਖਾਉਣ ਜੋਗੇ ਹੀ ਨਹੀਂ ਛੱਡੇ ਸਨ। ਕੈਸਰਾ, ਆਪਣੇ ਦਿਲ ਹੀ ਦਿਲ ਵਿਚ ਖੁਸ਼ ਸੀ ਕਿ ਜੋ ਕਿਰਨ ਚਾਹੁੰਦੀ ਸੀ ਉਹ ਮਿਲ ਗਿਆ। ਐਪਰ, ਉਹਦੀ ਉਦਾਸੀ ਇਸ ਕਾਰਨ ਨਹੀਂ ਸੀ ਕਿ ਉਹ ਐਨੇ ਵੱਡੇ ਪਰਿਵਾਰ ਨਾਲ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਬਲਕਿ ਇਸ ਕਰਕੇ ਵੀ ਸੀ ਕਿ ਉਹ ਬੰਦਾ ਕਿਸੇ ਦਿਨ ਕਿਰਨ ਨਾਲੋਂ ਨਾਤਾ ਤੋੜ ਕੇ ਉਹਨੂੰ ਦੁੱਖ ਪਹੁੰਚਾਏਗਾ। ਉਹਦੇ ਧਿਆਨ ਵਿਚ ਹਮੇਸ਼ਾ ਬੂਹੇ ਵਿਚ ਖੜ੍ਹੀ ਕਿਰਨ ਦਾ ਉਦਾਸ ਚਿਹਰਾ ਦਿਖਾਈ ਦਿੰਦਾ ਰਹਿੰਦਾ, ਇਸ ਲਈ ਉਹ ਉਸ ਨਾਲ ਸੰਪਰਕ ਪੂਰੀ ਤਰ੍ਹਾਂ ਤੋੜਨਾ ਵੀ ਨਹੀਂ ਸੀ ਚਾਹੁੰਦੀ। ਜੇ ਕਿਤੇ ਕਿਰਨ ਨੂੰ ਬਾਅਦ ਵਿਚ ਵੀ ਪਰਿਵਾਰ ਦੀ ਮਦਦ ਦੀ ਲੋੜ ਪਈ ਤਾਂ ਉਹ ਚਾਹੁੰਦੀ ਸੀ ਕਿ ਉਸ ਕੋਲ ਵਾਪਸ ਆਉਣ ਲਈ ਥਾਂ ਹੋਵੇ ਪਰ ਸ਼ਮਸਾ ਤਾਂ ਅੱਗ ਭਬੂਕਾ ਹੋਈ ਫਿਰਦੀ ਸੀ ਅਤੇ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਕਿਰਨ ਨਾਲ ਸੰਪਰਕ ਰੱਖੇ। ਸ਼ਾਇਦ ਉਹ ਨੂੰ ਆਪਣਾ ਹੀ ਜੀਵਨ ਫਿਲਮ ਦੇ ਰੂਪ ਵਿਚ ਆਪਣੇ ਸਾਹਮਣੇ ਚੱਲਦਾ ਨਜ਼ਰ ਆ ਰਿਹਾ ਸੀ। ਕੈਸਰਾ ਨੇ ਦੱਸਿਆ ਕਿ ਜੋ ਕਿਰਨ ਦੀ ਕਿਸਮਤ ਵਿਚ ਲਿਖਿਆ ਸੀ ਹੋ ਗਿਆ ਪਰ ਸ਼ਮਸਾ ਇਸ ਦਾ ਦੋਸ਼ ਆਪਣੀ ਛੋਟੀ ਭੈਣ 'ਤੇ ਮੜ੍ਹਦੀ ਸੀ ਕਿ ਉਹਨੇ ਪ੍ਰਬੰਧ ਠੀਕ ਨਹੀਂ ਰੱਖਿਆ, ਇਸ ਕਰਕੇ ਹੀ ਇਹ ਗੱਲ ਵਾਪਰ ਗਈ ਹੈ। ਕੈਸਰਾ ਸ਼ਮਸਾ ਦੇ ਦੋਸ਼ ਅਤੇ ਦਬਾਅ ਦੇ ਬੋਝ ਦੇ ਬਾਵਜੂਦ ਵੀ ਕਿਰਨ ਨੂੰ ਐਨਾ ਚਾਹੁੰਦੀ ਸੀ ਕਿ ਉਸ ਨਾਲੋਂ ਆਪਣਾ ਨਾਤਾ ਤੋੜ ਨਾ ਸਕੀ।