ਜਲੰਧਰ, 3 ਨਵੰਬਰ-- ਬਰਲਟਨ ਪਾਰਕ ਵਿਚ ਕਾਂਗਰਸ ਵਲੋਂ ਆਯੋਜਿਤ ਰੈਲੀ ਨੂੰ ਲੈ ਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਕੈ. ਅਮਰਿੰਦਰ ਸਿੰਘ ਦਾ ਪਾਰਾ ਜ਼ਰੂਰ ਹੀ ਚੜ੍ਹ ਗਿਆ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਵਲੋਂ ਅੱਜ ਰੈਲੀ ਨੂੰ ਲੈ ਕੇ ਆਪਣੇ ਪ੍ਰਾਈਵੇਟ ਸਿਪਾਸਲਾਰਾਂ ਦੀ ਪੂਰੀ ਵੀਡੀਓ ਰਿਕਾਰਡਿੰਗ ਕਰਵਾਈ ਗਈ ਹੈ। ਕੈਪਟਨ ਨੇ ਜਾਂਦੇ ਸਮੇਂ ਆਪਣੀ ਨਾਰਾਜ਼ਗੀ ਦਿਖਾਈ। ਰੈਲੀ ਦੇ ਸੰਪੰਨ ਹੋਣ ਦੇ ਬਾਅਦ ਕਈ ਕਾਂਗਰਸੀਆਂ ਦੇ ਚਿਹਰੇ ਉਡ ਗਏ ਸਨ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਹੈ। ਰੈਲੀ ਤਾਂ ਸੰਪੰਨ ਹੋ ਗਈ ਤੇ ਕਈ ਟਿਕਟ ਦਾਅਵੇਦਾਰਾਂ ਦੀ ਕਿਸਮਤ ਦਾ ਫੈਸਲਾ ਵੀ ਹੋ ਗਿਆ। ਰੈਲੀ ਦੇ ਲਈ ਕੰਮ ਨਾ ਕਰਨ ਵਾਲਿਆਂ ਦੀ ਸਮੁੱਚੀ ਸੂਚੀ ਪੰਜਾਬ ਮਾਮਲਿਆਂ ਦੇ ਮੁਖੀ ਗੁਲਚੈਨ ਸਿੰਘ ਚਾੜਕ ਨੂੰ ਸੌਂਪੀ ਜਾ ਚੁੱਕੀ ਹੈ। ਕੈਪਟਨ ਭਾਵੇਂ ਰੈਲੀ ਵਿਚ ਮੌਜੂਦ ਸਨ ਪਰ ਘੱਟ ਹਾਜ਼ਰੀ ਨੂੰ ਦੇਖਦੇ ਉਨ੍ਹਾਂ ਪ੍ਰਬੰਧਕਾਂ ਨੂੰ ਰੈਲੀ ਨੂੰ ਜਲਦੀ ਖਤਮ ਕਰਨ ਲਈ ਕਿਹਾ। ਦੇਰ ਸ਼ਾਮ ਨੂੰ ਕਈ ਕਾਂਗਰਸੀਆਂ ਨੇ ਕੈਪਟਨ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕੈਪਟਨ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਹੁਣ ਕਾਂਗਰਸੀਆਂ ਲਈ ਹਰੇਕ ਵਿਧਾਨ ਸਭਾ ਸੀਟ 'ਤੇ ਟਿਕਟ ਲੈਣੀ ਹੋਰ ਵੀ ਔਖੀ ਹੋ ਗਈ ਹੈ। ਹਫੜਾ-ਦਫੜੀ ਦਾ ਮਾਹੌਲ, ਮੰਚ 'ਤੇ ਅਨੁਸ਼ਾਸਨ ਦੀ ਕਮੀ: ਬਰਲਟਨ ਪਾਰਕ ਵਿਚ ਹੋਈ ਕਾਂਗਰਸ ਰੈਲੀ ਵਿਚ ਹਫੜਾ-ਦਫੜੀ ਦਾ ਆਲਮ ਵੀ ਦੇਖਣ ਨੂੰ ਮਿਲਿਆ ਤੇ ਮੰਚ 'ਤੇ ਪੂਰੀ ਤਰ੍ਹਾਂ ਅਨੁਸ਼ਾਸਨ ਦੀ ਕਮੀ ਦੇਖੀ ਗਈ। ਪਹਿਲੇ ਇਹ ਤੈਅ ਹੋਇਆ ਸੀ ਕਿ ਮੰਚ 'ਤੇ ਕੇਵਲ ਮੌਜੂਦਾ ਵਿਧਾਇਕ ਹੀ ਬੈਠਣਗੇ ਪਰ ਰੈਲੀ ਵਿਚ ਮੰਚ 'ਤੇ ਦੂਸਰੇ ਅਤੇ ਤੀਸਰੇ ਦਰਜੇ ਦੇ ਨੇਤਾ ਵੀ ਬੈਠੇ ਹੋਏ ਸਨ। ਸੀਨੀਅਰ ਕਾਂਗਰਸੀਆਂ ਦੀ ਹਾਜ਼ਰੀ ਵਿਚ ਝਗੜਾ ਨਹੀਂ ਹੋਇਆ ਪਰ ਕੁਝ ਨੇਤਾਵਾਂ ਦਾ ਪਾਰਾ ਜ਼ਰੂਰ ਚੜ੍ਹ ਗਿਆ। ਦੂਸਰੇ ਅਤੇ ਤੀਸਰੇ ਦਰਜੇ ਦੇ ਕਾਂਗਰਸੀ ਨੇਤਾਵਾਂ ਲਈ ਦੂਸਰਾ ਮੰਚ ਬਣਾਇਆ ਗਿਆ ਸੀ ਪਰ ਉਥੇ ਕੁਝ ਨੇਤਾ ਹੀ ਬੈਠੇ ਸਨ ਜਦੋਂਕਿ ਜ਼ਿਆਦਾਤਰ ਮੁਖ ਮੰਚ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਰਹੇ। ਪੰਜਾਬ ਕਾਂਗਰਸ ਵਿਧਾਇਕ ਦਲ ਦੀ ਨੇਤਾ ਰਜਿੰਦਰ ਕੌਰ ਭੱਠਲ ਕਾਂਗਰਸ ਰੈਲੀ ਵਿਚ ਨਹੀਂ ਪਹੁੰਚ ਸਕੀ ਜਦੋਂਕਿ ਮੁਖ ਸੀਨੀਅਰ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਅਤੇ ਮਹਿੰਦਰ ਸਿੰਘ ਕੇ. ਪੀ. ਰੈਲੀ ਵਿਚ ਮੌਜੂਦ ਸਨ। ਜਦੋਂ ਧੱਕਾ-ਮੁੱਕੀ 'ਚ ਕੈਪਟਨ ਡਿੱਗੇ: ਕਾਂਗਰਸ ਰੈਲੀ ਵਿਚ ਜਦੋਂ ਨੇਤਾਵਾਂ ਦੇ ਗਲੇ 'ਚ ਫੁੱਲਾਂ ਦਾ ਹਾਰ ਪਾਇਆ ਜਾਣ ਲੱਗਾ ਤਾਂ ਧੱਕਾ-ਮੁੱਕੀ ਵਿਚ ਖੁਦ ਕੈਪਟਨ ਅਮਰਿੰਦਰ ਸਿੰਘ ਆਪਣੀ ਸੀਟ 'ਤੇ ਡਿੱਗ ਗਏ ਤਾਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਧੱਕਾ-ਮੁੱਕੀ ਕਰ ਰਹੇ ਕਾਂਗਰਸੀ ਨੇਤਾਵਾਂ ਨੂੰ ਅਲੱਗ ਕੀਤਾ।