ਨਵੀਂ ਦਿੱਲੀ, 3 ਨਵੰਬਰ— ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ 'ਚ ਦਹੇਜ ਲਈ ਇਕ ਲੇਡੀ ਡਾਕਟਰ ਟੀਨਾ ਦੀ ਹੱਤਿਆ ਕਰ ਦਿੱਤੀ ਗਈ। ਗਾਜੀਆਬਾਦ ਦੀ ਰਹਿਣ ਵਾਲੀ ਇਸ ਡਾਕਟਰ ਦੀ ਕੁਝ ਮਹੀਨੇ ਪਹਿਲਾਂ ਹੀ ਗ੍ਰੈਟਰ ਕੈਲਾਸ਼ 'ਚ ਰਹਿਣ ਵਾਲੇ ਰੀਅਲ ਇਸਟੇਟ ਵਪਾਰੀ ਨਾਲ ਵਿਆਹ ਹੋਇਆ ਸੀ। ਪੁਲਸ ਨੇ ਦੋਸ਼ੀ ਪਤੀ ਕਰਨ ਗੋਕਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਡਾਕਟਰ ਟੀਨਾ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਗਈ। ਡਾਕਟਰੀ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਗਾਜੀਆਬਾਦ ਦੀ ਟੀਨਾ ਦਾ ਵਿਆਹ ਦਿੱਲੀ ਦੇ ਗ੍ਰੇਟਰ ਕੈਲਾਸ਼ ਨਿਵਾਸੀ ਇਕ ਵਪਾਰੀ ਨਾਲ ਕਰ ਦਿੱਤਾ ਗਿਆ। ਟੀਨਾ ਦਾ ਪਤੀ ਕਰਣ ਗੋਕਨਾ  ਇਕ ਵੱਡਾ ਬਿਲਡਰ ਹੈ। ਪੁਲਸ ਮੁਤਾਬਕ ਟੀਨਾ ਦੇ ਵਿਆਹ ਸਮੇਂ ਕਾਫੀ ਪੈਸਾ ਖਰਚ ਕੀਤਾ ਗਿਆ ਪਰ ਦੋਸ਼ੀਆਂ ਦੀਆਂ ਮੰਗਾਂ ਕਦੇ ਖਤਮ ਨਹੀਂ ਹੋਈਆਂ। ਦੋਸ਼ ਹੈ ਕਿ ਟੀਨਾ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਦਹੇਜ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਹਮੇਸ਼ਾ ਉਸ ਨਾਲ ਦਾਜ ਲਈ ਕੁੱਟਮਾਰ ਵੀ ਕਰਦੇ ਰਹਿੰਦੇ ਸਨ। ਕੱਲ ਸਵੇਰੇ 11 ਵਜੇ ਟੀਨਾ ਦੀ ਗੱਲ ਆਪਣੀ ਮਾਂ ਨਾਲ ਹੋਈ ਸੀ। ਇਸ ਤੋਂ ਬਾਅਦ ਉਸਦੀ ਮਾਂ ਉਸ ਨੂੰ ਲੈਣ ਨਿਕਲੀ ਤਾਂ ਰਸਤੇ 'ਚ ਹੀ ਉਸ ਨੂੰ ਉਸਦੀ ਮੌਤ ਦੀ ਖਬਰ ਮਿਲੀ। ਟੀਨਾ ਦੇ ਪਰਿਵਾਰ ਵਾਲਿਆਂ ਮੁਤਾਬਕ ਟੀਨਾ ਦੀ ਮੌਤ ਫਾਂਸੀ ਲਗਾਉਣ ਨਾਲ ਹੋਈ ਹੈ। ਨਾਲ ਹੀ ਉਸਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਹਨ। ਪੁਲਸ ਨੇ ਟੀਨਾ ਦੇ ਪਤੀ ਕਰਨ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਪਰਿਵਾਰ ਦੇ ਬਾਕੀ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।