ਪਾਤੜਾਂ/ਪਟਿਆਲਾ, 6 ਨਵੰਬਰ--ਪਟਿਆਲਾ ਜ਼ਿਲੇ ਵਿਚ ਅੱਜ ਇਕ ਡਾਕਟਰ ਜੋੜੇ ਨੂੰ ਪਾਤੜਾਂ ਤੋਂ ਉਸ ਸਮੇਂ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਦੋਂ ਸਿਵਲ ਸਰਜਨ ਡਾ. ਵਰਿੰਦਰ ਸਿੰਘ ਮੋਹੀ ਦੀ ਅਗਵਾਈ ਵਿਚ ਗਈ ਵਿਸ਼ੇਸ਼ ਟੀਮ ਨੇ ਇਨ੍ਹਾਂ ਦੇ ਗੈਰ-ਕਾਨੂੰਨੀ ਕਲੀਨਿਕ 'ਤੇ ਛਾਪਾ ਮਾਰਦਿਆਂ ਇਨ੍ਹਾਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਡਲਿਵਰੀਆਂ ਕੀਤੇ ਜਾਣ ਅਤੇ ਬਿਨਾਂ ਕਿਸੇ ਲਾਇਸੰਸ ਦੇ ਮੈਡੀਕਲ ਪ੍ਰੈਕਟਿਸ ਕੀਤੇ ਜਾਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ। ਪੰਜਾਬ ਦੇ ਸਿਹਤ ਮੰਤਰੀ ਸੱਤਪਾਲ ਗੋਸਾਈਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਕਟਰ ਵਰਿੰਦਰ ਮੋਹੀ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਵਿਚ ਜ਼ਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਸੁਰਿੰਦਰ ਪਾਲ, ਸੀਨੀਅਰ ਮੈਡੀਕਲ ਅਫਸਰ ਪਾਤੜਾਂ ਆਰ. ਐੱਨ. ਗੋਥਵਾਲ, ਮੈਡੀਕਲ ਅਫਸਰ ਕਿਰਨਜੀਤ ਕੌਰ ਅਤੇ ਮੈਡੀਕਲ ਅਫਸਰ ਡਾਕਟਰ ਪਰਮਿੰਦਰ ਸਿੰਘ ਸਮੇਤ ਟੀਮ ਨੇ ਅੱਜ ਕਾਰਵਾਈ ਕਰਦਿਆਂ ਸ਼ਹਿਰ ਦੀ ਚੁਨਾਗਰਾ ਰੋਡ 'ਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਪਟਿਆਲਾ ਹਸਪਤਾਲ ਦੇ ਡਾਕਟਰ ਅਸ਼ੋਕ ਕੁਮਾਰ ਅਤੇ ਉਸਦੀ ਪਤਨੀ ਨੂੰ ਆਪਣੇ ਘਰ ਵਿਚੋਂ ਨਾਜਾਇਜ਼ ਦਵਾਈਆਂ ਵੇਚਣ ਅਤੇ ਅਣ-ਅਧਿਕਾਰਤ ਤੌਰ 'ਤੇ ਔਰਤਾਂ ਦੀ ਡਲਿਵਰੀ ਕਰਨ ਦੇ ਕਥਿਤ ਦੋਸ਼ ਵਿਚ ਕਾਬੂ ਕਰਕੇ ਪਾਤੜਾਂ ਦੇ ਪੁਲਸ ਦੇ ਹਵਾਲਾ ਕਰ ਦਿੱਤਾ। ਇਸ ਤੋਂ ਇਲਾਵਾ ਇਕ ਭਰੂਣ ਵਰਗੀ ਚੀਜ਼ ਮਿਲੀ ਹੈ, ਜਿਸਨੂੰ ਸਿਹਤ ਵਿਭਾਗ ਨੇ ਜਾਂਚ ਲਈ ਪੈਥੋਲੋਜੀ ਲੈਬ ਵਿਚ ਭੇਜ ਦਿੱਤਾ ਹੈ। ਇਸ ਮੌਕੇ ਪੁਲਸ ਨੇ ਸਿਵਲ ਸਰਜਨ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਡਾਕਟਰ ਪਾਸੋਂ ਮਿਲੀਆਂ ਨਾਜਾਇਜ਼ ਦਵਾਈਆਂ ਅਤੇ ਅਣ-ਅਧਿਕਾਰਤ ਤੌਰ 'ਤੇ ਔਰਤਾਂ ਦੀ ਡਲਿਵਰੀ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਪੁਲਸ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਪਟਿਆਲਾ ਵਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਡਾਕਟਰ ਅਸ਼ੋਕ ਕੁਮਾਰ ਅਤੇ ਉਸਦੀ ਪਤਨੀ ਦੇਵਿੰਦਰ ਕੁਮਾਰੀ ਦੇ ਖਿਲਾਫ ਕਾਰਵਾਈ ਕਰਦਿਆਂ ਮੌਕੇ 'ਤੇ ਟਿੱਬਾ ਬਸਤੀ ਵਿਚ ਘਰ ਤੋਂ ਬਰਾਮਦ ਕੀਤੀਆਂ ਦਵਾਈਆਂ ਸਮੇਤ ਡਾਕਟਰ ਨੂੰ ਕਾਬੂ ਕਰਕੇ ਇਨ੍ਹਾਂ ਦੇ ਖਿਲਾਫ ਮੁਕੱਦਮਾ ਨੰ. 292 ਧਾਰਾ 15, 2 ਆਈ. ਐੱਮ. ਸੀ. ਐਕਟ 1956 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਡਾਕਟਰ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ ਜਦੋਂ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸਿਹਤ ਵਿਭਾਗ ਵਲੋਂ ਬਰਾਮਦ ਕੀਤੀਆਂ ਦਵਾਈਆਂ ਵੀ ਉਨ੍ਹਾਂ ਪਾਸੋਂ ਨਹੀਂ ਮਿਲੀਆਂ, ਸਗੋਂ ਪਹਿਲਾਂ ਹੀ ਸਾਜਿਸ਼ ਤਹਿਤ ਦਵਾਈਆਂ ਨੂੰ ਗੱਡੀ ਵਿਚ ਰੱਖਿਆ ਗਿਆ ਸੀ, ਜਿਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਸੀ, ਜਿਨ੍ਹਾਂ ਨੇ ਮੈਨੂੰ ਇਸ ਸਾਜਿਸ਼ ਵਿਚ ਫਸਾਉਣ ਲਈ ਹੀ ਇਹ ਗਲਤ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਇਸ ਮਾਮਲੇ ਸਬੰਧੀ ਮੌਕੇ 'ਤੇ ਮੌਜੂਦ ਡਰੱਗ ਇੰਸਪੈਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਵੀ ਪਾਤੜਾਂ ਵਿਚ ਵੱਡੇ ਪੱਧਰ 'ਤੇ ਭਰੂਣ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਵੀ ਮੌਜੂਦਾ ਸਿਵਲ ਸਰਜਨ ਹੀ ਸਨ। ਹੁਣ ਦੇਖਣਾ ਇਹ ਹੈ ਕਿ ਸਿਹਤ ਵਿਭਾਗ ਵਲੋਂ ਕੀਤੀ ਕਾਰਵਾਈ ਕੀ ਰੰਗ ਲਿਆਂਦੀ ਹੈ, ਇਸ ਵਿਚ ਕੀ ਸੱਚਾਈ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
No comments:
Post a Comment