ਜਲੰਧਰ, 6 ਨਵੰਬਰ--ਟਰਾਂਸਪੋਰਟ ਨਗਰ ਵਿਚ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਟਰੱਕ, ਟੈਂਪੂ ਤੇ ਹੋਰ ਗੱਡੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਨ੍ਹਾਂ ਗੱਡੀਆਂ ਵਿਚ ਇਕ ਡਰਾਈਵਰ ਅਤੇ ਦੂਸਰਾ ਉਸ ਦਾ ਸਹਾਇਕ ਜ਼ਰੂਰ ਹੁੰਦਾ ਹੈ। ਇਨ੍ਹਾਂ ਗੱਡੀਆਂ ਵਿਚੋਂ ਕੁਝ ਗੱਡੀਆਂ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਹਨ ਤੇ ਇਨ੍ਹਾਂ ਗੱਡੀਆਂ ਦੇ ਡਰਾਈਵਰਾਂ ਤੇ ਕਲੀਨਰਾਂ ਦਾ ਸਵਾਗਤ ਕਰਦੀਆਂ ਟਰਾਂਸਪੋਰਟ ਨਗਰ ਵਿਚ ਕੁਝ ਕੁੜੀਆਂ ਸਹਿਜੇ ਹੀ ਨਜ਼ਰੀਂ ਪੈ ਜਾਂਦੀਆਂ ਹਨ। ਇਹ ਕੁੜੀਆਂ ਗੱਡੀਆਂ ਦੇ ਹਾਰ-ਸ਼ਿੰਗਾਰ ਦਾ ਸਾਮਾਨ ਵੇਚਣ ਦੇ ਬਹਾਨੇ ਟਰਾਂਸਪੋਰਟ ਨਗਰ ਵਿਚ ਆਮ ਮਿਲ ਜਾਂਦੀਆਂ ਹਨ ਪਰ ਇਨ੍ਹਾਂ ਯੁਵਤੀਆਂ ਦਾ ਕਾਰੋਬਾਰ ਸਿਰਫ ਗੱਡੀਆਂ ਦੇ ਹਾਰ-ਸ਼ਿੰਗਾਰ ਦਾ ਹੀ ਨਹੀਂ ਸਗੋਂ ਇਨ੍ਹਾਂ ਦਾ ਮਕਸਦ ਬਾਹਰੋਂ ਆਏ ਡਰਾਈਵਰਾਂ ਤੇ ਉਨ੍ਹਾਂ ਦੇ ਸਹਾਇਕਾਂ ਦੀ 'ਸੇਵਾ' ਤੇ ਨਸ਼ਾ ਵੇਚ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਉਣਾ ਹੀ ਹੁੰਦਾ ਹੈ ਅਤੇ ਉਨ੍ਹਾਂ ਤੋਂ ਇਹ ਮੋਟੀ ਰਕਮ ਵਸੂਲਦੀਆਂ ਹਨ। ਜਦੋਂ 'ਜਗ ਬਾਣੀ' ਦੀ ਟੀਮ ਨੇ ਟਰਾਂਸਪੋਰਟ ਨਗਰ, ਲੰਮਾ ਪਿੰਡ ਚੌਕ ਅਤੇ ਨਕੋਦਰ ਰੋਡ ਦਾ ਦੌਰਾ ਕੀਤਾ ਤਾਂ ਉਥੇ ਖੜ੍ਹੀਆਂ  ਗੱਡੀਆਂ ਵਿਚੋਂ ਕੁਝ ਕੁੜੀਆਂ ਮਿਲੀਆਂ ਜੋ ਡਰਾਈਵਰਾਂ ਨਾਲ ਅਸ਼ਲੀਲ ਹਰਕਤਾਂ ਕਰ ਰਹੀਆਂ ਸਨ। ਸੂਤਰਾਂ ਅਨੁਸਾਰ ਸੋਹਣੀਆਂ ਦਿਖਣ ਵਾਲੀਆਂ ਇਨ੍ਹਾਂ ਕੁੜੀਆਂ ਵਿਚੋਂ ਕੁਝ ਨੇ ਤਾਂ ਪੱਕੇ ਤੌਰ 'ਤੇ  ਡਰਾਈਵਰਾਂ ਨਾਲ ਸੰਬੰਧ ਬਣਾਏ ਹੋਏ ਹਨ ਅਤੇ ਇਹ ਡਰਾਈਵਰ ਵੀ ਹੋਰਨਾਂ ਜ਼ਿਲਿਆਂ ਨਾਲ ਸੰਬੰਧ ਰੱਖਦੇ ਹਨ। ਜਦੋਂ ਵੀ ਇਹ ਡਰਾਈਵਰ ਇਥੇ ਆਉਂਦੇ ਹਨ ਤਾਂ ਇਨ੍ਹਾਂ ਕੁੜੀਆਂ ਨਾਲ ਹੀ ਰਹਿੰਦੇ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਕੁੜੀਆਂ ਨੂੰ ਏਡਜ਼ ਵਰਗੀਆਂ ਕਈ ਗੰਭੀਰ ਬਿਮਾਰੀਆਂ ਵੀ ਲੱਗੀਆਂ ਹੋ ਸਕਦੀਆਂ ਹਨ ਕਿਉਂਕਿ ਇਨ੍ਹਾਂ ਨਾਲ ਸੰਬੰਧ ਬਣਾਉਣ ਤੋਂ ਬਾਅਦ ਦੋ ਡਰਾਈਵਰ ਵੀ ਏਡਜ਼ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈ। ਕਈ ਵਾਰ ਤਾਂ ਇਹ ਕੁੜੀਆਂ ਹੋਰ ਜ਼ਿਲਿਆਂ ਤੋਂ ਆਏ ਇਨ੍ਹਾਂ ਡਰਾਈਵਰਾਂ ਨਾਲ ਉਨ੍ਹਾਂ ਦੇ ਟਰੱਕਾਂ ਵਿਚ ਬੈਠ ਉਨ੍ਹਾਂ ਦੇ ਨਾਲ ਵੀ ਚਲੀਆਂ ਜਾਂਦੀਆਂ ਹਨ। ਵਰਣਨਯੋਗ ਹੈ ਕਿ ਇਹ ਇਨ੍ਹਾਂ ਨਗਰਾਂ ਵਿਚ ਗੱਡੀਆਂ 'ਤੇ ਸਟਿੱਕਰ ਲਗਾਉਣ ਦੇ ਬਹਾਨੇ ਡੇਰੇ ਜਮਾਈ ਰਹਿੰਦੀਆਂ ਹਨ ਅਤੇ ਜਦੋਂ ਵੀ ਇਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਟਰੱਕ ਵਿਚ ਸਵਾਰ ਹੋ ਕੇ ਇਨ੍ਹਾਂ ਡਰਾਈਵਰਾਂ ਤੇ ਉਨ੍ਹਾਂ ਸਹਾਇਕਾਂ ਨਾਲ ਮੌਜ-ਮਸਤੀ ਕਰਨ ਲੱਗ ਪੈਂਦੀਆਂ ਹਨ। ਕਈ ਵਾਰ ਤਾਂ ਇਸ ਤਰ੍ਹਾਂ ਵੀ ਹੋਇਆ ਹੈ ਕਿ ਇਨ੍ਹਾਂ ਡਰਾਈਵਰਾਂ ਦੀਆਂ ਪਤਨੀਆਂ ਇਨ੍ਹਾਂ ਨਗਰਾਂ ਵਿਚ ਆ ਕੇ ਹੰਗਾਮਾ ਵੀ ਕਰ ਚੁੱਕੀਆਂ ਹਨ। ਇਸ ਬਾਰੇ ਜਦੋਂ ਟਰੱਕ ਯੂਨੀਅਨ ਦੇ ਪ੍ਰਧਾਨ ਵਿਸ਼ਨੂੰ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਇਨ੍ਹਾਂ ਕੁੜੀਆਂ ਨੂੰ ਆਪਣੇ ਤੌਰ 'ਤੇ ਇਥੋਂ ਭਜਾ ਚੁੱਕੇ ਹਾਂ ਪਰ ਇਹ ਫਿਰ ਦੁਬਾਰਾ ਇਸ ਇਲਾਕੇ ਵਿਚ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੜੀਆਂ ਦੀ ਟੋਕਰੀ ਵਿਚ ਸਟਿੱਕਰ ਤਾਂ ਨਾਂ ਦੇ ਹੀ ਹੁੰਦੇ ਹਨ, ਇਨ੍ਹਾਂ ਦੀ ਟੋਕਰੀ ਵਿਚ ਤਾਂ ਏਡਜ਼ ਹੁੰਦੀ ਹੈ।