ਬਠਿੰਡਾ, 6 ਨਵੰਬਰ--ਇਕ ਅਕਾਲੀ ਕੌਂਸਲਰ ਨੇ ਇਕ ਪੁਲਸ ਅਧਿਕਾਰੀ ਦੇ ਨਾਂ 'ਤੇ ਕਥਿਤ ਤੌਰ 'ਤੇ ਇਕ ਲੱਖ ਰੁਪਏ ਕੀ ਲਏ ਕਿ ਖਾਸਾ ਹੀ ਰੌਲਾ ਪੈ ਗਿਆ, ਜਿਸ ਤੋਂ ਬਚਣ ਖਾਤਰ ਉਕਤ ਅਕਾਲੀ ਸਰਕਾਰੇ-ਦਰਬਾਰੇ ਕੁਝ ਐਸਾ ਹੀ ਕਹਿੰਦਾ ਫਿਰਦਾ ਹੈ ਕਿ ''ਸਰ, ਰੌਲਾ ਪੈ ਗਿਆ, ਦੱਸੋ ਹੁਣ ਕਿਵੇਂ ਲਾਜ ਬਚਾਈਏ''। ਜੇਕਰ ਸੂਤਰਾਂ ਦੀ ਮੰਨੀਏ ਤਾਂ ਹੋਇਆ ਇੰਜ ਕਿ ਪਿੰਡ ਬੱਲੂਆਣਾ ਦੇ ਇਕ ਵਿਅਕਤੀ ਬੱਲੂ ਸਿੰਘ (ਅਸਲੀ ਨਾਂ ਨਹੀਂ) ਦਾ ਕਿਸੇ ਨਾਲ ਜ਼ਮੀਨ ਦੇ ਇਕ ਟੁਕੜੇ ਨੂੰ ਲੈ ਕੇ ਰੌਲਾ ਪੈ ਗਿਆ। ਉਸਨੇ ਪੁਲਸ ਨੂੰ ਆਪਣੇ ਹੱਕ 'ਚ ਭੁਗਤਾਉਣ ਖਾਤਰ ਬਠਿੰਡਾ ਦੇ ਇਕ ਅਕਾਲੀ ਕੌਂਸਲਰ ਨਾਲ ਰਾਬਤਾ ਕਾਇਮ ਕੀਤਾ। ਅਕਾਲੀ ਕੌਂਸਲਰ ਨੇ ਉਸਨੂੰ ਮਦਦ ਕਰਨ ਦੇ ਨਾਂ 'ਤੇ ਇਕ ਪੁਲਸ ਅਧਿਕਾਰੀ ਨੂੰ 1 ਲੱਖ ਰੁਪਏ ਦੇਣ ਦੀ ਗੱਲ ਕਹੀ, ਜਿਸਦਾ ਬੱਲੂ ਸਿੰਘ ਵਲੋਂ ਭੁਗਤਾਨ ਕਰ ਦਿੱਤਾ ਗਿਆ। ਇਸੇ ਦੌਰਾਨ ਇਹ ਮਾਮਲਾ ਸੰਬੰਧਤ ਪੁਲਸ ਅਧਿਕਾਰੀ ਤਕ ਵੀ ਪਹੁੰਚ ਗਿਆ। ਉਸਨੇ ਅਕਾਲੀ ਕੌਂਸਲਰ ਨੂੰ ਤੁਰੰਤ ਪੇਸ਼ ਹੋਣ ਦਾ ਹੁਕਮ ਭੇਜ ਦਿੱਤਾ, ਜਿਸ 'ਤੇ ਕੌਂਸਲਰ ਬਿਨਾਂ ਦੇਰੀ ਅਧਿਕਾਰੀ ਦੀ ਕਚਹਿਰੀ 'ਚ ਪੇਸ਼ ਹੋ ਗਿਆ। ਜਦੋਂ ਅਧਿਕਾਰੀ ਨੇ ਪੁਲਸੀਆ ਰੋਹਬ ਦਿਖਾਇਆ ਤੇ ਪੁਲਸ ਅਧਿਕਾਰੀ ਦੇ ਨਾਂ 'ਤੇ ਰਿਸ਼ਵਤ ਲੈਣ ਬਾਰੇ ਲੱਗਣ ਵਾਲੀਆਂ ਧਾਰਾਵਾਂ ਗਿਣਵਾਈਆਂ ਤਾਂ ਕੌਂਸਲਰ ਨੇ ਫੱਟ ਮੰਨ ਲਿਆ ਕਿ ਉਕਤ ਗਲਤੀ ਉਸੇ ਤੋਂ ਹੀ ਹੋਈ ਹੈ। ਕੌਂਸਲਰ ਨੇ ਮਾਫੀ ਮੰਗਣ ਤੇ ਪੈਸੇ ਵਾਪਸ ਕਰਨਾ ਮੰਨ ਲਿਆ ਹੈ, ਜਦਕਿ ਵੱਡੇ ਅਕਾਲੀ ਆਗੂ ਤੇ ਪੁਲਸ ਅਧਿਕਾਰੀ ਵੀ ਇਸ ਮਾਮਲੇ ਨੂੰ ਸਮਝੌਤੇ ਦਾ ਰੂਪ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸੰਬੰਧਤ ਅਧਿਕਾਰੀ ਤੋਂ ਇਸ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਮੰਨਿਆ ਕਿ ਇਹ ਮਾਮਲਾ ਸਾਹਮਣੇ ਆਇਆ ਹੈ ਪਰ ਦੋਵੇਂ ਧਿਰਾਂ ਦਾ ਆਪਸੀ ਮਾਮਲਾ ਸੀ, ਜਿਸਦਾ ਸ਼ਾਇਦ ਸਮਝੌਤਾ ਹੋ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਫਿਰ ਵੀ ਉਹ ਮਾਮਲੇ ਦੀ ਪੜਤਾਲ ਕਰਕੇ ਲੋੜ ਮੁਤਾਬਕ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
No comments:
Post a Comment