ਜੈਤੋ, 14 ਨਵੰਬਰ-- ਹਿੰਦੋਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਉਤਸਵ ਬਾਲ ਦਿਵਸ ਵਜੋਂ ਬੜੀ ਹੀ ਧੂਮਧਾਮ ਨਾਲ ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ। ਬੱਚਿਆਂ ਦਾ ਭਵਿੱਖ ਉੱਜਲ ਕਰਨ ਲਈ ਕੇਂਦਰ ਸਰਕਾਰਾਂ ਅਤੇ ਰਾਜਾਂ ਦੀਆਂ ਸਰਕਾਰਾਂ ਵਲੋਂ ਹਰ ਸੰਭਵ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਂਦੀਆਂ ਹਨ ਅਤੇ ਵੱਖ-ਵੱਖ ਸਕੀਮਾਂ ਲਾਗੂ ਕਰਕੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਫ਼ਿਰ ਵੀ ਕਾਫ਼ੀ ਬੱਚੇ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਗਰੀਬੀ ਕਾਰਨ ਮਾਂ-ਬਾਪ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਭੇਜਣ ਲਈ ਅਸਮਰਥ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਕੋਈ ਨਾ ਕੋਈ ਕੰਮ ਕਰਕੇ ਆਪਣਾ ਪੇਟ ਪਾਲਣ ਤਾਂ ਕਿ ਉਹ ਆਪਣੇ ਮਾਪਿਆਂ 'ਤੇ ਬੋਝ ਨਾ ਬਣਨ। ਇਹ ਛੋਟੇ-ਛੋਟੇ ਬੱਚੇ ਹੋਟਲਾਂ, ਕਾਰਖਾਨਿਆਂ, ਚਾਹ ਦੀਆਂ ਦੁਕਾਨਾਂ 'ਤੇ ਕੰਮ ਕਰਕੇ ਅਤੇ ਸੜਕਾਂ, ਮਕਾਨ ਬਣਾਉਣ ਲਈ ਮਿਹਨਤ ਮਜ਼ਦੂਰੀ ਕਰਨ ਲਈ ਮਜਬੂਰ ਹਨ। ਇਨ੍ਹਾਂ ਬੱਚਿਆਂ ਦੀ ਦੁਰਦਸ਼ਾ ਦੇਖ ਕੇ ਆਮ ਇਨਸਾਨ ਦਾ ਮਨ ਪਿਘਲ ਜਾਂਦਾ ਹੈ ਅਤੇ ਮਨ ਹੀ ਮਨ ਸੋਚਦਾ ਹੈ ਕਿ ਅੱਜ ਇਹ ਬੱਚੇ ਸਕੂਲ ਜਾਣ ਦੀ ਬਜਾਏ ਆਪਣਾ ਅਤੇ ਆਪਣੇ ਪਰਿਵਾਰਕ ਗੁਜ਼ਾਰੇ ਦਾ ਜੁਗਾੜ ਬਣਾ ਰਹੇ ਹਨ। ਰੇਲਵੇ ਸਟੇਸ਼ਨ, ਬੱਸ ਸਟੈਂਡ, ਬਾਜ਼ਾਰਾਂ ਅਤੇ ਹੋਰ ਪਬਲਿਕ ਸਥਾਨਾਂ 'ਤੇ ਛੋਟੇ-ਛੋਟੇ ਨੰਗ-ਧੜੰਗੇ ਬੱਚੇ ਲੋਕਾਂ ਅੱਗੇ ਹੱਥ ਫੈਲਾਅ ਕੇ ਪੈਸੇ ਮੰਗਦੇ ਆਮ ਹੀ ਦੇਖੇ ਜਾ ਸਕਦੇ ਹਨ ਜਾਂ ਛੋਟੀਆਂ-ਮੋਟੀਆਂ ਚੀਜ਼ਾਂ, ਵਸਤੂਆਂ ਵੇਚ ਕੇ ਆਪਣੀ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਦੇ ਹਨ। ਬੱਸ ਇਨ੍ਹਾਂ ਦਾ ਕਸੂਰ ਇਹੀ ਹੁੰਦਾ ਹੈ ਕਿ ਉਨ੍ਹਾਂ ਨੇ ਗਰੀਬ ਘਰਾਂ 'ਚ ਜਨਮ ਲਿਆ ਹੁੰਦਾ ਹੈ। ਇਕ ਬੱਚਾ ਜੰਮਦੇ ਹੀ ਕਰੋੜਾਂ ਦਾ ਮਾਲਕ ਹੁੰਦਾ ਹੈ ਤੇ ਦੂਸਰਾ ਬੱਚਾ ਜਿਹੜਾ ਗਰੀਬ ਦੇ ਘਰ ਜਨਮ ਲੈਂਦਾ ਹੈ, ਉਸ ਨੂੰ ਪੀਣ ਲਈ ਦੁੱਧ ਵੀ ਨਸੀਬ ਨਹੀਂ ਹੁੰਦਾ। ਗਰੀਬੀ ਕਾਰਨ ਛੋਟੇ-ਛੋਟੇ ਬੱਚੇ ਸਕੂਲ 'ਚ ਪੜ੍ਹਨ ਅਤੇ ਖੇਡਣ ਦੀ ਬਜਾਏ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਮਜਬੂਰ ਹਨ। ਕੰਮ ਦੇ ਬੋਝ ਕਾਰਨ ਅੱਜ ਛੋਟੇ-ਛੋਟੇ ਬੱਚੇ ਵੀ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ। ਭਾਵੇਂ ਭਾਰਤ ਨੂੰ ਆਜ਼ਾਦ ਹੋਇਆਂ 64 ਸਾਲ ਹੋ ਗਏ ਹਨ, ਪਰ ਅੱਜ ਵੀ ਬੱਚੇ ਗੁਲਾਮਾਂ ਵਾਂਗ ਆਪਣੀ ਜ਼ਿੰਦਗੀ ਲੰਘਾ ਰਹੇ ਹਨ। ਬਾਲ ਮਜ਼ਦੂਰੀ ਰੋਕਣ ਲਈ ਸਰਕਾਰ ਵਲੋਂ ਕਾਫ਼ੀ ਕਾਨੂੰਨ ਬਣਾਏ ਹੋਏ ਹਨ, ਪਰ ਇਹ ਸਭ ਬੇਕਾਰ ਹੀ ਸਿੱਧ ਹੋ ਰਹੇ ਹਨ। ਭੁੱਖੇ ਮਰਦੇ ਬੱਚਿਆਂ ਨੂੰ ਮਜਬੂਰਨ ਕੁਝ ਨਾ ਕੁਝ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ। ਬਾਲ ਦਿਵਸ ਮੌਕੇ ਸਰਕਾਰ ਨੂੰ ਬੱਚਿਆਂ ਦੇ ਭਵਿੱਖ ਲਈ ਕੁਝ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਛੋਟੇ-ਛੋਟੇ ਬੱਚੇ ਮਿਹਨਤ ਮਜ਼ਦੂਰੀ ਕਰਨ ਬਾਰੇ ਸੋਚਣ ਵੀ ਨਾ ਅਤੇ ਸਕੂਲ ਜਾ ਕੇ ਸਿੱਖਿਆ ਪ੍ਰਾਪਤ ਕਰਨ ਅਤੇ ਖੇਡਣ ਦੇ ਦਿਨਾਂ ਨੂੰ ਖੇਡਣ 'ਚ ਹੀ ਬਤੀਤ ਕਰਨ, ਫ਼ਿਰ ਹੀ ਦੇਸ਼ ਦਾ ਭਵਿੱਖ ਉਜਵਲ ਹੋ ਸਕਦਾ ਹੈ।
No comments:
Post a Comment