Friday, 4 November 2011

ਰਾਜ ਕੁਮਰੀ ਨੂੰ ਅਗਵਾ ਕਰਨ ਵਾਲਾ ਗ੍ਰਿਫਤਾਰ



ਚੰਡੀਗੜ੍ਹ, 4 ਨਵੰਬਰ --ਸੈਕਟਰ 23 ਦੀ ਰਹਿਣ ਵਾਲੀ ਤੇ ਹਿਮਾਚਲ ਦੇ ਰਾਜਘਰਾਨੇ ਨਾਲ ਸਬੰਧ ਰੱਖਣ ਵਾਲੀ ਰਾਜਕੁਮਾਰੀ ਦੇ ਅਗਵਾ ਕੀਤੇ ਜਾਣ ਦੇ ਮਾਮਲੇ 'ਚ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਏ.ਐੱਸ.ਪੀ. ਸੈਂਟ੍ਰਲ ਦੇਸਰਾਜ ਨੇ ਦੱਸਿਆ ਕਿ ਬੀਤੀ ਰਾਤ ਪੰਜਾਬ 'ਚ ਦੋਸ਼ੀ ਇੰਦਰਜੀਤ ਦੀ ਨਾਨੀ ਦੇ ਘਰ ਤੋਂ ਪੁਲਸ ਟੀਮ ਵਲੋਂ ਫੜੇ ਗਏ ਦੋਸ਼ੀ ਇੰਦਰਜੀਤ ਤੇ ਉਸਦੇ ਕੋਲੋਂ ਬਰਾਮਦ ਰਾਜਕੁਮਾਰੀ ਤੋਂ ਪੁੱਛਗਿਛ ਦੌਰਾਨ ਪਤਾ ਲਗਾ ਕਿ ਰਾਜਕੁਮਾਰੀ ਤੇ ਇੰਦਰਜੀਤ ਪਿਛਲੇ 15 ਮਹੀਨਿਆਂ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਦੋਨਾਂ ਦਰਮਿਆਨ ਇਹ ਦੋਸਤੀ ਰਾਜਕੁਮਾਰੀ ਦੇ ਨਾਲ ਪੜ੍ਹਨ ਵਾਲੇ ਦੋਸਤਾਂ ਰਾਹੀ ਹੋਈ ਸੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਇੰਦਰਜੀਤ ਟੈਕਸੀ ਲੈ ਕੇ ਸੈਕਟਰ 9 ਵਿਖੇ ਕਾਨਵੈਂਟ ਕਾਰਮਲ ਸਕੂਲ ਦੇ ਬਾਹਰ ਪਹੁੰਚਿਆ ਸੀ, ਜਿਥੋਂ ਰਾਜਕੁਮਾਰੀ ਨੂੰ ਆਪਣੇ ਨਾਲ ਟੈਕਸੀ 'ਚ ਲੈ ਕੇ ਇਥੋਂ ਸਿੱਧਾ ਮਨਾਲੀ ਦੇ ਇਕ ਰਿਜ਼ੋਰਟ 'ਚ ਗਿਆ ਸੀ। ਪਤਾ ਲਗਾ ਕਿ ਇਸ ਰਿਜ਼ਾਰਟ 'ਚ ਉਨ੍ਹਾਂ  ਲਈ ਰੁਕਣ ਦੀ ਵਿਵਸਥਾ ਡਾ. ਸੰਗੀਤਾ ਵਲੋਂ ਬੁਕ ਕਰਵਾਈ ਗਈ ਸੀ। ਲਗਭਗ 7 ਦਿਨ ਤਕ ਇੰਦਰਜੀਤ ਤੇ ਰਾਜਕੁਮਾਰੀ ਇਥੇ ਰਹੇ ਅਤੇ ਇਸਦੇ ਬਾਅਦ ਉਹ ਕੁੱਲੂ ਚਲੇ ਗਏ। ਕੁੱਲੂ 'ਚ ਵੀ ਉਨ੍ਹਾਂ ਨੇ 6 ਤੋਂ 7 ਦਿਨ ਠਹਿਰਨ ਮਗਰੋਂ ਗੁੜਗਾਂਵ ਦਾ ਰੁਖ਼ ਕੀਤਾ ਜਿਥੇ ਰਹਿਣ ਵਾਲੇ ਇੰਦਰਜੀਤ ਦੇ ਦੋਸਤ ਨੇ ਜਦੋਂ ਉਨ੍ਹਾਂ ਨੂੰ ਆਪਣੇ ਘਰ ਰੱਖਣ ਤੋਂ ਮਨਾ ਕਰ ਦਿੱਤਾ ਤਾਂ ਇੰਦਰਜੀਤ ਰਾਜਕੁਮਾਰੀ ਨੂੰ ਲੈ ਕੇ ਮੁੰਬਈ, ਗੋਆ ਹੁੰਦਾ ਹੋਇਆ 2 ਨਵੰਬਰ ਦੀ ਰਾਤ ਨੂੰ ਗਿੱਦੜਬਾਹਾ ਆਪਣੀ ਨਾਨੀ ਦੇ ਘਰ ਪਹੁੰਚਿਆ ਸੀ, ਜਿਥੇ ਉਹ ਗੁਰਦੁਆਰੇ 'ਚ ਰੁਕੇ ਸਨ ਅਤੇ ਬੀਤੀ ਰਾਤ ਜਿਵੇਂ ਹੀ ਉਹ ਆਪਣੀ ਨਾਨੀ ਦੇ ਘਰ ਪਹੁੰਚੇ ਤਾਂ ਚੰਡੀਗੜ੍ਹ ਤੋਂ ਸੈਕਟਰ 3 ਥਾਣਾ ਇੰਚਾਰਜ ਪੂਨਮ ਦਿਲਾਵਰੀ ਦੀ ਅਗਵਾਈ 'ਚ ਸੂਚਨਾਵਾਂ ਇਕੱਤਰ ਕਰਕੇ ਉਥੇ ਪਹੁੰਚੀ ਪੁਲਸ ਟੀਮ ਨੇ ਉਸਨੂੰ ਦਬੋਚ ਕੇ ਰਾਜਕੁਮਾਰੀ ਨੂੰ ਵੀ ਉਸਦੇ ਕੋਲੋਂ ਬਰਾਮਦ ਕਰ ਲਿਆ। ਡਾ. ਸੰਗੀਤਾ ਤੇ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਜਾਰੀ : ਪੁਲਸ ਮੁਤਾਬਿਕ ਇਸ ਮਾਮਲੇ 'ਚ ਪੁਲਸ ਨੂੰ ਹਾਲੇ ਡਾ. ਸੰਗੀਤਾ ਤੇ ਦੋਸ਼ੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਹੈ, ਜੋ ਕਿ ਲਗਾਤਾਰ ਦੋਸ਼ੀ ਦੇ ਸੰਪਰਕ 'ਚ ਬਣੇ ਹੋਏ ਸੀ। ਉਨ੍ਹਾਂ ਨੇ ਇਸ ਪੂਰੇ ਮਾਮਲੇ 'ਚ ਦੋਸ਼ੀ ਦਾ ਕਿੰਨਾ ਸਾਥ ਦਿੱਤਾ ਹੈ, ਇਹ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਦੇ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪੁਲਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਦੇ ਬਾਅਦ ਹੀ ਪਤਾ ਲਗ ਸਕੇਗਾ ਕਿ ਆਖਰ ਇਸ ਮਾਮਲੇ 'ਚ ਦੋਸ਼ੀ ਦੇ ਨਾਲ ਹੋਰ ਕਿੰਨੇ ਦੋਸ਼ੀ ਸ਼ਾਮਲ ਹਨ।

No comments:

Post a Comment